
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰਾਜਪੁਰਾ-ਮੁਹਾਲੀ ਰੇਲਵੇ ਲਾਈਨ ਨੂੰ ਮਨਜੂਰੀ ਦੇ ਦਿੱਤੀ ਹੈ। ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਪ੍ਰੈਸ ਕਾਨਫਰੰਸ ਦੌਰਾਨ ਇਸ ਰੇਲਵੇ ਲਾਈਨ ਨੂੰ ਮਨਜੂਰੀ ਦਿੱਤੀ ਗਈ। ਦੱਸਿਆ ਗਿਆ ਕਿ ਇਹ ਪ੍ਰੋਜੈਕਟ 443 ਕਰੋੜ ਰੁਪਏ ਦਾ ਹੋਵੇਗਾ। ਇਸ ਮੌਕੇ ਰਵਨੀਤ ਬਿੱਟੂ ਨੇ ਰੇਲ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਪ੍ਰੋਜੈਕਟ 50 ਸਾਲਾਂ ਤੋਂ ਰੁਕਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਰਾਜਪੁਰਾ-ਮੁਹਾਲੀ ਰੇਲਵੇ ਲਾਈਨ ਚੰਡੀਗੜ੍ਹ ਨੂੰ ਵੀ ਮਾਲਵਾ ਖੇਤਰ ਨਾਲ ਜੋੜੇਗੀ। ਇਸੇ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜਪੁਰਾ ਤੋਂ ਮੁਹਾਲੀ ਰੇਲ ਲਾਈਨ, ਦਹਾਕਿਆਂ ਪੁਰਾਣੀ ਮੰਗ ਸੀ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਪ੍ਰਵਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਪੂਰੇ ਮਾਲਵਾ ਖੇਤਰ ਨੂੰ ਫਾਇਦਾ ਹੋਵੇਗਾ।

