ਮਾਮਲਾ : ਪੁਲਿਸ ਹੱਥੋਂ ਮਾਰੇ ਗਏ ਕਾਲੇ ਨੌਜਵਾਨ ਜਾਰਜ ਫਲਾਇਡ ਦਾ
ਸਿਆਟਲ/ਹੁਸਨ ਲੜੋਆ ਬੰਗਾ
ਅਮਰੀਕਾ ‘ਚ ਸੱਤਵੇਂ ਦਿਨ ਵੀ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਜਾਰੀ ਰਹੇ। ਕਈ ਸ਼ਹਿਰਾਂ ਵਿਚ ਇਹ ਪ੍ਰਦਰਸ਼ਨ ਹਿੰਸਕ ਰੂਪ ਧਾਰ ਗਏ। ਕਾਫ਼ੀ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਵੀ ਲੈ ਲਿਆ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਨੂੰ ਫ਼ੌਜ ਦੇ ਹਵਾਲੇ ਕਰ ਦਿੱਤਾ ਗਿਆ। ਵਾਸ਼ਿੰਗਟਨ ਡੀ. ਸੀ.’ਚ ਵਾਈਟ ਹਾਊਸ ਦੇ ਮੋਹਰੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ, ਨੈਸ਼ਨਲ ਗਾਰਡ ਤੇ ਫ਼ੌਜ ਨੇ ਖਦੇੜ ਦਿੱਤਾ।
ਪੁਲਿਸ ਨੇ ਉਨ੍ਹਾਂ ‘ਤੇ ਅੱਥਰੂ ਗੈਸ ਦੇ ਗੋਲੇ ਸੁੱਟੇ, ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਤੇ ਲਾਠੀਚਾਰਜ ਵੀ ਕੀਤਾ। ਬਾਅਦ ਵਿਚ ਰਾਸ਼ਟਰਪਤੀ ਟਰੰਪ ਆਪਣੇ ਸਾਥੀਆਂ ਨਾਲ ਪੈਦਲ ਹੀ ਵਾਈਟ ਹਾਊਸ ਦੇ ਬਿਲਕੁਲ ਨਾਲ ਗੇਟ ਜੋਹਨ ਚਰਚ ਦੇ ਮੋਹਰੇ ਜਾ ਕੇ ਹੱਥ ਵਿਚ ਬਾਈਬਲ ਫੜ ਕੇ ਤਸਵੀਰਾਂ ਖਿਚਵਾਈਆਂ। ਇਸ ਚਰਚ ਦੇ ਕੋਲ ਕੱਲ੍ਹ ਸ਼ਾਮ ਪ੍ਰਦਰਸ਼ਨਕਾਰੀਆਂ ਨੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਰਾਸ਼ਟਰਪਤੀ ਨੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਤੇ ਪੈਦਲ ਹੀ ਵਾਈਟ ਹਾਊਸ ਦੇ ਬਾਹਰ ਹਾਲਾਤ ਦੇਖੇ। ਇਸ ਸਮੇਂ ਵਾਈਟ ਹਾਊਸ ਦੇ ਨੇੜੇ ਹਥਿਆਰਬੰਦ ਫ਼ੌਜ ਤੇ ਪੁਲਿਸ ਤਾਇਨਾਤ ਹੈ। ਵਾਸ਼ਿੰਗਟਨ ਡੀ. ਸੀ. ਵਿਚ ਕਰਫ਼ਿਊ ਲਗਾ ਦਿੱਤਾ ਗਿਆ ਹੈ, ਜਿਸ ਦੇ ਨਾਲ ਅਮਰੀਕਾ ਦੇ ਬਹੁਤ ਸਾਰੇ ਸ਼ਹਿਰਾਂ ‘ਚ ਕਰਫ਼ਿਊ ਜਾਰੀ ਹੈ। ਦੇਸ਼ ਭਰ ਵਿਚ 5000 ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਊਯਾਰਕ ਵਿਚ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ। ਪਹਿਲੇ ਦਿਨ ਦੀ ਤੁਲਨਾ ਵਿਚ ਸ਼ਹਿਰ ‘ਚ ਦੁੱਗਣੇ ਸੁਰੱਖਿਆ ਜਵਾਨ ਤਾਇਨਾਤ ਕੀਤੇ ਗਏ ਹਨ ਪਰ ਪ੍ਰਦਰਸ਼ਨਕਾਰੀ ਬੇਖੌਫ਼ ਹਨ। ਜਿਸ ਤੋਂ ਬਾਅਦ ਉਥੇ ਕਰਫ਼ਿਊ ਲਗਾ ਦਿੱਤਾ ਗਿਆ। ਡਾਊਨ ਟਾਊਨ ਮੈਨਹਟਨ ਵਿਚ ਦੁਕਾਨਾਂ ਦੀ ਲੁੱਟਮਾਰ ਕੀਤੀ ਗਈ। ਡਾਊਨ ਟਾਊਨ ਐਟਲਾਂਟਾ, ਜਾਰਜੀਆ ਵਿਚ ਪੁਲਿਸ ਨੇ ਸੈਂਕੜੇ ਲੋਕਾਂ ਨੂੰ ਹਿਰਾਸਤ ਵਿਚ ਲਿਆ। ਟਰੰਪ ਨੇ ਕਿਹਾ ਕਿ ਉਹ ਅਮਨ ਅਤੇ ਕਾਨੂੰਨ ਦੇ ਰਾਸ਼ਟਰਪਤੀ ਹਨ। ਜੇਕਰ ਸੂਬਿਆਂ ਦੇ ਗਵਰਨਰ ਆਪਣੇ ਸੂਬਿਆਂ ‘ਚ ਨੈਸ਼ਨਲ ਗਾਰਡ ਤਾਇਨਾਤ ਨਹੀਂ ਕਰਦੇ ਤਾਂ ਉਹ ਸਾਰੇ ਸੂਬਿਆਂ ‘ਚ ਫ਼ੌਜ ਨੂੰ ਤਾਇਨਾਤ ਕਰ ਦੇਣਗੇ। ਜਾਣਕਾਰੀ ਅਨੁਸਾਰ ਟਰੰਪ ਜਲਦੀ ਹੀ ਘਰੇਲੂ ਯੁੱਧ ਐਕਟ ਵੀ ਲਾਗੂ ਕਰ ਸਕਦੇ ਹਨ ਜੋ ਨੈਸ਼ਨਲ ਗਾਰਡ ਤੇ ਫ਼ੌਜਾਂ ਦੀ ਵਰਤੋਂ ਦੀ ਆਗਿਆ ਦਿੰਦਾ ਹੈ। ਰਾਸ਼ਟਰਪਤੀ ਟਰੰਪ ਨੇ ਪੁਲਿਸ ਹੱਥੋਂ ਮਿਨੀਐਪਲਸ ‘ਚ ਮਾਰੇ ਗਏ ਕਾਲੇ ਨੌਜਵਾਨ ਜਾਰਜ ਫਲਾਇਡ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਤੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪੂਰਾ ਇਨਸਾਫ਼ ਮਿਲੇਗਾ। ਕੈਲੀਫੋਰਨੀਆ ਦੀ ਸਿਲੀਕੋਨ ਵੈਲੀ ਬੇ ਏਰੀਆ ਦੇ ਸੈਨਹੋਜੇ ਜਿਥੇ ਫੇਸਬੁੱਕ, ਗੂਗਲ, ਟਵਿੱਟਰ ਤੇ ਹੋਰ ਮਹੱਤਵਪੂਰਨ ਕੰਪਨੀਆਂ ਦੇ ਮੁੱਖ ਦਫ਼ਤਰ ਹਨ, ਵਿਚ ਵੀ ਕਰਫ਼ਿਊ ਲਗਾ ਦਿੱਤਾ ਗਿਆ ਹੈ। ਸਿਆਟਲ ਤੇ ਇਸ ਦੇ ਨਾਲ ਲੱਗਦੇ ਸ਼ਹਿਰ ਬੈਲਵਿਊ, ਰੈਂਟਨ, ਮਰਸਰ ਆਈਲੈਂਡ ਤੇ ਕੁਝ ਹੋਰ ਸ਼ਹਿਰਾਂ ਵਿਚ ਵੀ ਰਾਤ ਦਾ ਕਰਫ਼ਿਊ ਲਗਾ ਦਿੱਤਾ ਗਿਆ ਹੈ।
Check Also
ਅਮਰੀਕਾ ਵਿਚ ਵਿਦੇਸ਼ੀ ਕਾਰਾਂ ’ਤੇ 25% ਟੈਰਿਫ ਲੱਗੇਗਾ
ਇਹ ਸਾਡੇ ’ਤੇ ਸਿੱਧਾ ਹਮਲਾ : ਮਾਰਕ ਕਾਰਨੀ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ …