Breaking News
Home / ਦੁਨੀਆ / ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਨੇ ਭਾਰਤ ਦਾ ਆਜ਼ਾਦੀ ਦਿਵਸ ਧੂਮ-ਧਾਮ ਨਾਲ ਮਨਾਇਆ

ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਨੇ ਭਾਰਤ ਦਾ ਆਜ਼ਾਦੀ ਦਿਵਸ ਧੂਮ-ਧਾਮ ਨਾਲ ਮਨਾਇਆ

logo-2-1-300x105-3-300x105ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
ਬੀਤੇ ਸ਼ਨੀਵਾਰ 20 ਅਗਸਤ ਨੂੰ ‘ਫਾਦਰ ਟੌਬਿਨ ਸੀਨੀਅਰਜ਼ ਕਲੱਬ’ ਨੇ ਭਾਰਤ ਦਾ ਆਜ਼ਾਦੀ-ਦਿਵਸ 10 ਫਾਦਰ ਟੌਬਿਨ ਰੋਡ ਸਥਿਤ ‘ਸ਼ਾਅ ਪਬਲਿਕ ਸਕੂਲ’ ਦੇ ਨਾਲ ਲੱਗਦੇ ਪਾਰਕ ਵਿੱਚ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ। ਸ਼ਾਮ ਨੂੰ 4.00 ਕੁ ਵਜੇ ਲੋਕ ਪਾਰਕ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਅਤੇ ਨਾਲ ਹੀ ਚਾਹ-ਪਾਣੀ ਦਾ ਸਿਲਸਿਲਾ ਸ਼ੁਰੂ ਗਿਆ। ਚਾਹ-ਪਾਣੀ ਪੀਣ ਉਪਰੰਤ ਸਮਾਗ਼ਮ ਦੀ ਬਾ-ਕਾਇਦਾ ਸ਼ੁਰੂਆਤ ਰਾਸ਼ਟਰੀ-ਗੀਤ ‘ਜਨ-ਗਨ-ਮਨ’ ਦੇ ਗਾਇਨ ਨਾਲ ਕੀਤੀ ਗਈ। ਪ੍ਰਧਾਨਗੀ-ਮੰਡਲ ਵਿੱਚ ਐੱਮ.ਪੀ.ਪੀ. ਜਗਮੀਤ ਸਿੰਘ, ਸਿਟੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਪ੍ਰਸਿੱਧ ਵਿਦਵਾਨ ਪ੍ਰਿੰ.ਰਾਮ ਸਿੰਘ ਕੁਲਾਰ, ਕਲੱਬ ਦੇ ਪ੍ਰਧਾਨ ਕਰਤਾਰ ਸਿੰਘ ਚਾਹਲ, ਜਨਰਲ ਸਕੱਤਰ ਇਕਬਾਲ ਸਿੰਘ ਘੋਲੀਆ, ਡਾ. ਜਗਮੋਹਨ ਸਿੰਘ, ਡਾ.ਰਘਵੀਰ ਸਿੰਘ ਚਾਹਲ ਅਤੇ ਡਾ. ਸੁਖਦੇਵ ਸਿੰਘ ਝੰਡ ਸ਼ਾਮਲ ਸਨ।
ਇਸ ਮੌਕੇ ਬੋਲਦਿਆਂ ਐੱਮ.ਪੀ.ਪੀ. ਜਗਮੀਤ ਸਿੰਘ ਨੇ ਹਾਜ਼ਰੀਨ ਨਾਲ ਭਾਰਤ ਦੀ ਆਜ਼ਾਦੀ ਦੀ 70ਵੀਂ ਵਰ੍ਹੇ-ਗੰਢ ਦੀ ਵਧਾਈ ਸਾਂਝੀ ਕਰਦਿਆਂ ਉੱਥੇ ਅਜੋਕੇ ਸਿਸਟਮ ਵਿੱਚ ਫੈਲੇ ਹੋਏ ਭ੍ਰਿਸ਼ਟਾਚਾਰ ਦੀ ਵੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਉਹ ਮਹਾਨ ਦੇਸ਼-ਭਗਤ ਸ. ਸੇਵਾ ਸਿੰਘ ਠੀਕਰੀਵਾਲੇ ਦੇ ਪੜਪੋਤਰੇ ਹਨ ਅਤੇ ਉਨ੍ਹਾਂ ਦੇ ਦੋ ਅੰਕਲ ਭਾਰਤੀ ਫੌਜ ਵਿੱਚ ਉੱਚ-ਅਹੁਦਿਆਂ ਤੇ ਸੇਵਾ ਕਰ ਚੁੱਕੇ ਹਨ। ਪਰਿਵਾਰਕ ਦੇਸ਼-ਭਗਤੀ ਦੇ ਪਿਛੋਕੜ ਦੇ ਬਾਵਜੂਦ ਉਨ੍ਹਾਂ ਨੂੰ ਭਾਰਤ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਕਿਉਂਕਿ ਉਹ ਉੱਥੇ ਘੱਟ-ਗਿਣਤੀਆਂ ਨਾਲ ਹੋ ਰਹੇ ਅਨਿਆਂ ਦੀ ਗੱਲ ਕਰਦੇ ਹਨ। ਉਨ੍ਹਾਂ ਨੇ ਓਨਟਾਰੀਓ ਸਰਕਾਰ ਵੱਲੋਂ ‘ਹਾਈਡਰੋ-ਵੰਨ’ ਨੂੰ ਪ੍ਰਾਈਵੇਟ ਹੱਥਾਂ ਵਿੱਚ ਵੇਚੇ ਜਾਣ ਕਾਰਨ ਬਿਜਲੀ ਦੇ ਮਹਿੰਗੇ ਹੋ ਜਾਣ ਅਤੇ ਇੰਪਲਾਇਮੈਂਟ ਏਜੰਸੀਆਂ ਵੱਲੋਂ ਕੱਚੇ ਵਰਕਰਾਂ ਦੀ ਕੀਤੀ ਜਾ ਰਹੀ ਲੁੱਟ-ਖਸੁੱਟ ਦਾ ਵਿਰੋਧ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਾਰਲੀਮੈਂਟ ਵਿੱਚ ‘ਕਾਮਾਗਾਟਾ-ਮਾਰੂ ਦੁਖਾਂਤ’ ਦੀ 102 ਸਾਲਾਂ ਬਾਅਦ ਮੁਆਫ਼ੀ ਮੰਗਣ ਦੀ ਸਰਾਹਨਾ ਕੀਤੀ ਅਤੇ ਸੂਬਾ ਅਸੈਂਬਲੀ ਵਿੱਚ ਉਨ੍ਹਾਂ ਵੱਲੋਂ 1984 ਵਿੱਚ ਭਾਰਤ ਵਿੱਚ ਸਿੱਖ-ਵਿਰੋਧੀ ਕਤਲੇਆਮ ਸਬੰਧੀ ਲਿਆਂਦੇ ਗਏ ਅਹਿਮ ਮੋਸ਼ਨ ਨੂੰ ਲਿਬਰਲ ਪਾਰਟੀ ਅਤੇ ਪੀ.ਸੀ. ਪਾਰਟੀ ਦੇ ਮੈਂਬਰਾਂ ਵੱਲੋਂ ਸਮਰਥਨ ਨਾ ਦੇਣ ‘ਤੇ ਅਫ਼ਸੋਸ ਵੀ ਪ੍ਰਗਟ ਕੀਤਾ।
ਸਿਟੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਆਜ਼ਾਦੀ-ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਬਰੈਂਪਟਨ ਸਿਟੀ ਕੌਂਸਲ ਵੱਲੋਂ ਕਰਵਾਏ ਜਾ ਰਹੇ ਅਹਿਮ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਰੈਂਪਟਨ-ਵਾਸੀਆਂ ਦੀ ਮੰਗ ‘ਤੇ ਰਿਹਾਇਸ਼ੀ-ਥਾਵਾਂ ਨੂੰ ਇੰਡਸਟ੍ਰੀਅਲ ਪਾਰਕਾਂ ਵਿੱਚ ਬਦਲਿਆ ਗਿਆ ਹੈ ਜਿਸ ਨਾਲ ਘੱਟੋ-ਘੱਟ 25,000 ਹੋਰ ਨਵੀਆਂ ਨੌਕਰੀਆਂ ਬਣਨ ਦੀ ਸੰਭਾਵਨਾ ਹੈ। ਉਨ੍ਹਾਂ ਬਰੈਂਪਟਨ ਵਿੱਚ ਯੂਨੀਵਰਸਿਟੀ ਦੀ ਮੰਗ ਵੀ ਜਲਦੀ ਹੀ ਪੂਰੇ ਹੋਣ ਦੀ ਆਸ ਪ੍ਰਗਟਾਈ। ਡਾ. ਜਗਮੋਹਨ ਸਿੰਘ ਨੇ ਦੇਸ਼ ਦੀ ਆਜ਼ਾਦੀ ਦੇ ਨਾਲ-ਨਾਲ ਬੀਮਾਰੀਆਂ ਤੋਂ ਆਜ਼ਾਦੀ ਦੀ ਗੱਲ ਕਰਦਿਆਂ ਮਨੁੱਖੀ ਸਰੀਰ ਲਈ ਵਰਜਿਸ਼ ਦੀ ਅਹਿਮੀਅਤ ਦੀ ਗੱਲ ਕੀਤੀ। ਡਾ. ਸੁਖਦੇਵ ਸਿੰਘ ਝੰਡ ਨੇ 1947 ਦੀ ਭਾਰਤ ਵੰਡ ਨਾਲ ਪੰਜਾਬੀਆਂ ਨੂੰ ਹੋਏ ਜਾਨੀ ਤੇ ਮਾਲੀ ਨੁਕਸਾਨ ਅਤੇ ਦੇਸ਼-ਭਗਤਾਂ ਵੱਲੋਂ ਹਜ਼ਾਰਾਂ ਨਹੀਂ, ਲੱਖਾਂ ਦੀ ਗਿਣਤੀ ਵਿੱਚ ਦਿੱਤੀਆਂ ਗਈਆਂ ਕੁਰਬਾਨੀਆਂ ਨਾਲ ਮਹਿੰਗੇ ਮੁੱਲੋਂ ਮਿਲੀ ਆਜ਼ਾਦੀ ਦੀ ਅਜੋਕੇ ਰਾਜ-ਪ੍ਰਬੰਧ ਵੱਲੋਂ ਕੀਤੀ ਜਾ ਰਹੀ ਬੇ-ਕਦਰੀ ਅਤੇ ਪ੍ਰਚੱਲਤ ਭ੍ਰਿਸ਼ਟਾਚਾਰ ਦੀ ਗੱਲ ਕੀਤੀ। ਉਨ੍ਹਾਂ ਜੀਵਨ ਵਿੱਚ ‘ਹਾਂ-ਪੱਖੀ’ ਵਿਚਾਰ ਅਪਨਾਉਣ ਬਾਰੇ ਆਪਣੀ ਕਵਿਤਾ ਵੀ ਸੁਣਾਈ। ਇਸ ਤੋਂ ਇਲਾਵਾ ਹਰਜੀਤ ਸਿੰਘ ਬੇਦੀ ਤੇ ਡਾ. ਸੰਪੂਰਨ ਸਿੰਘ ਚਾਨੀਆ ਨੇ ਆਜ਼ਾਦੀ ਬਾਰੇ ਅਤੇ ਮੋਹਨ ਸਿੰਘ ਪੰਨੂੰ ਨੇ ਮਾਂ ਦੇ ਪਿਆਰ ਨਾਲ ਸਬੰਧਿਤ ਕਵਿਤਾਵਾਂ ਸੁਣਾਈਆਂ।
ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਵੱਲੋਂ ਐੱਮ.ਪੀ.ਪੀ.ਜਗਮੀਤ ਸਿੰਘ, ਸਿਟੀ-ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਡਾ.ਸੁਖਦੇਵ ਸਿੰਘ ਝੰਡ ਨੂੰ ਉਨ੍ਹਾਂ ਵੱਲੋਂ ਸਮਾਜ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਪਲੇਕਸ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰ. ਰਾਮ ਸਿੰਘ ਕੁਲਾਰ ਨੇ ਪ੍ਰਧਾਨਗੀ-ਭਾਸ਼ਨ ਵਿੱਚ ਆਜ਼ਾਦੀ ਦੀ ਲੜਾਈ ਵਿੱਚ ਕੁਰਬਾਨੀਆਂ ਕਰਨ ਵਾਲੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਗ਼ਦਰੀ ਬਾਬਿਆਂ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਅਤੇ ਊਧਮ ਸਿੰਘ ਦਾ ਵਿਸ਼ੇਸ਼ ਜ਼ਿਕਰ ਕੀਤਾ।
ਆਪਣੇ ਭਾਸ਼ਨ ਦੌਰਾਨ ਗੁਰਬਾਣੀ ਦੇ ਸ਼ਬਦਾਂ ਦੇ ਹਵਾਲੇ ਦਿੰਦਿਆਂ ਹੋਇਆਂ ਉਨ੍ਹਾਂ ਮਨੁੱਖ ਨੂੰ ਵਿਸ਼ੇ-ਵਿਕਾਰਾਂ ਤੋਂ ਆਜ਼ਾਦੀ ਪ੍ਰਾਪਤ ਕਰਨ ਅਤੇ ਇਸ ਸੰਸਾਰ ਵਿੱਚ ਜੀਵਨ ਦਾ ਮਕਸਦ ਪੂਰਾ ਕਰਨ ਲਈ  ਸ਼ੁਭ-ਵਿਚਾਰ ਅਪਨਾਉਣ ‘ਤੇ ਜ਼ੋਰ ਦਿੱਤਾ। ਕਲੱਬ ਦੇ ਪ੍ਰਧਾਨ ਕਰਤਾਰ ਸਿੰਘ ਚਾਹਲ ਵੱਲੋਂ ਆਏ ਸਮੂਹ-ਮਹਿਮਾਨਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਮੰਚ-ਸੰਚਾਲਨ ਦੀ ਜ਼ਿੰਮੇਵਾਰੀ ਗੁਰਦੇਵ ਸਿੰਘ ਹੰਸਰਾ ਵੱਲੋਂ ਬਾਖ਼ੂਬੀ ਨਿਭਾਈ ਗਈ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …