-6.7 C
Toronto
Wednesday, March 18, 2026
spot_img
Homeਦੁਨੀਆਸਾਕਾ ਨੀਲਾ ਤਾਰਾ 'ਚ ਯੂਕੇ ਦੀ ਭੂਮਿਕਾ ਬਾਰੇ ਉਠੇ ਸਵਾਲ

ਸਾਕਾ ਨੀਲਾ ਤਾਰਾ ‘ਚ ਯੂਕੇ ਦੀ ਭੂਮਿਕਾ ਬਾਰੇ ਉਠੇ ਸਵਾਲ

ਸਿੱਖਾਂ ਨੇ ਨਿਰਪੱਖ ਜਾਂਚ ਕਰਾਏ ਜਾਣ ਦੀ ਕੀਤੀ ਮੰਗ
ਲੰਡਨ/ਬਿਊਰੋ ਨਿਊਜ਼
ਬ੍ਰਿਟਿਸ਼ ਸਿੱਖ ਨਾਂ ਦੀ ਜਥੇਬੰਦੀ ਨੇ ਆਪਣੀ ਇਕ ਨਵੀਂ ਰਿਪੋਰਟ ਵਿਚ 1984 ਦੇ ਅਪਰੇਸ਼ਨ ਨੀਲਾ ਤਾਰਾ ਵਿੱਚ ਯੂਕੇ ਸਰਕਾਰ ਵੱਲੋਂ ਭਾਰਤੀ ਫ਼ੌਜ ਦੀ ਕੀਤੀ ਇਮਦਾਦ ਦੀ ਨਿਰਪੱਖ ਸਰਕਾਰੀ ਜਾਂਚ ਕਰਾਏ ਜਾਣ ਦੀ ਮੰਗ ਕੀਤੀ ਹੈ। ਜਥੇਬੰਦੀ ਨੇ ਸਰਕਾਰ ਵੱਲੋਂ ਕੀਤੀ ਪਿਛਲੀ ਅੰਦਰੂਨੀ ਨਜ਼ਰਸਾਨੀ ਨੂੰ ਮਹਿਜ਼ ‘ਅੱਖਾਂ ਵਿਚ ਘੱਟਾ ਪਾਉਣ ਵਾਲੀ’ ਦੱਸਿਆ ਹੈ। ਸਿੱਖ ਫ਼ੈਡਰੇਸ਼ਨ ਯੂਕੇ ਵੱਲੋਂ ਤਿਆਰ ‘ਸੈਕਰੀਫਾਈਸਿੰਗ ਸਿੱਖਜ਼: ਦਿ ਨੀਡ ਫਾਰ ਐਨ ਇਨਵੈਸਟੀਗੇਸ਼ਨ’ ਨਾਂ ਦੀ ਇਸ ਰਿਪੋਰਟ ਨੂੰ ਅਜੇ ਯੂਕੇ ਦੀ ਸੰਸਦ ਵਿੱਚ ਅਧਿਕਾਰਤ ਤੌਰ ‘ਤੇ ਰਿਲੀਜ਼ ਕੀਤਾ ਜਾਣਾ ਹੈ।
ਬ੍ਰਿਟਿਸ਼ ਸਿੱਖਾਂ ਦੀ ਆਲ ਪਾਰਟੀ ਸੰਸਦੀ ਗਰੁੱਪ (ਏਪੀਪੀਜੀ) ਦੀ ਹਮਾਇਤ ਹਾਸਲ ਇਸ ਰਿਪੋਰਟ ‘ਚ ਉਪਰੋਕਤ ਮੁੱਦੇ ਦੀ ਕੀਤੀ ਨਜ਼ਰਸਾਨੀ ਨੂੰ ਯੂਕੇ ਸਰਕਾਰ ਵੱਲੋਂ ਕਥਿਤ ਪਰਦਾ ਪਾਉਣ ਦਾ ਯਤਨ ਦੱਸਿਆ ਗਿਆ ਹੈ।
ਰਿਪੋਰਟ ਵਿੱਚ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਵਿੱਚ ਹੋਏ ਫ਼ੌਜੀ ਅਪਰੇਸ਼ਨ ਵਿੱਚ ਬ੍ਰਿਟਿਸ਼ ਸਪੈਸ਼ਲ ਏਅਰ ਸੇਵਾ (ਐਸਏਐਸ) ਦੀ ਸ਼ਮੂਲੀਅਤ ਦੀ ਸਰਕਾਰੀ ਅਧਿਕਾਰੀ ਜੈਰੇਮੀ ਹੇਅਵੁੱਡ ਵੱਲੋਂ 2014 ਵਿੱਚ ਕੀਤੀ ਪਿਛਲੀ ਅੰਦਰੂਨੀ ਨਜ਼ਰਸਾਨੀ ਨੂੰ ਮਹਿਜ਼ ‘ਅੱਖਾਂ ਵਿਚ ਘੱਟਾ’ ਪਾਉਣ ਵਾਲੀ ਦੱਸਿਆ ਗਿਆ ਹੈ। ਬ੍ਰਿਟਿਸ਼ ਸਿੱਖਾਂ ਦੀ ਏਪੀਪੀਜੀ ਦੀ ਮੁਖੀ ਤੇ ਹਾਊਸ ਆਫ਼ ਕਾਮਨਜ਼ ਲਈ ਚੁਣੀ ਗਈ ਪਹਿਲੀ ਸਿੱਖ ਐਮਪੀ ਪ੍ਰੀਤ ਕੌਰ ਗਿੱਲ ਨੇ ਕਿਹਾ, ‘ਮੈਂ ਰਿਪੋਰਟ ‘ਸੈਕਰੀਫਾਈਸਿੰਗ ਸਿੱਖਜ਼’ ਦੀਆਂ ਲੱਭਤਾਂ ਨੂੰ ਲੈ ਕੇ ਦਿਲੋਂ ਫ਼ਿਕਰਮੰਦ ਹਾਂ, ਰਿਪੋਰਟ ਇਹ ਦਰਸਾਉਂਦੀ ਹੈ ਕਿ ਹੇਅਵੁੱਡ ਵੱਲੋਂ ਕੀਤੀ ਗਈ ਜਾਂਚ ਮਹਿਜ਼ ਡੰਗ ਸਾਰਨਾ ਸੀ।’ ਉਨ੍ਹਾਂ ਕਿਹਾ,’ਬ੍ਰਿਟਿਸ਼ ਸਰਕਾਰ ਸਿੱਖਾਂ ਵੱਲੋਂ ਪਹਿਲੀ ਤੇ ਦੂਜੀ ਆਲਮੀ ਜੰਗਾਂ ਵਿੱਚ ਪਾਏ ਯੋਗਦਾਨ ਤੋਂ ਭਲੀਭਾਂਤ ਵਾਕਿਫ਼ ਹੈ ਤੇ ਸਰਕਾਰ ਨੇ ਉਨ੍ਹਾਂ ਦੇ ਵਿਸ਼ਵਾਸ ਨੂੰ ਤੋੜਿਆ ਹੈ। ਸਰਕਾਰ ਹਜ਼ਾਰਾਂ ਸਿੱਖਾਂ ‘ਤੇ ਢਾਹੇ ਕਹਿਰ ਵਿੱਚ ਅਸਿੱਧੇ ਤੌਰ ‘ਤੇ ਸ਼ਾਮਲ ਸੀ।’ ਉਨ੍ਹਾਂ ਕਿਹਾ ਕਿ ਸਿੱਖ ਫ਼ੈਡਰੇਸ਼ਨ ਵੱਲੋਂ ਤਿਆਰ ਇਸ ਰਿਪੋਰਟ ਵਿਚ ਕਈ ਅਜਿਹੇ ਤੱਥ ਜੱਗ ਜ਼ਾਹਰ ਹੋਏ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਲ ਹੈ ਅਤੇ ਜੋ ਨਵੇਂ ਸਿਰੇ ਤੋਂ ਜਾਂਚ ਦੀ ਮੰਗ ਕਰਦੇ ਹਨ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਤਤਕਾਲੀਨ ਪ੍ਰਧਾਨ ਮੰਤਰੀ ਮਾਰਗਰੇਟ ਥੈੱਚਰ ਨੇ ਜੂਨ 1984 ਵਿੱਚ ਸਿੱਖਾਂ ਦੇ ਸਰਵਉਚ ਧਾਰਮਿਕ ਅਸਥਾਨ ਹਰਿਮੰਦਰ ਸਾਹਿਬ ਵਿੱਚ ਫ਼ੌਜੀ ਅਪਰੇਸ਼ਨ ਤੋਂ ਪਹਿਲਾਂ ਐਸਏਐਸ ਅਧਿਕਾਰੀ ਨੂੰ ਭਾਰਤੀ ਫ਼ੌਜ ਦੀ ਸਲਾਹ ਲਈ ਭੇਜਿਆ ਸੀ। ਇਸ ਅਧਿਕਾਰੀ ਦੀ ਸਲਾਹ ਮਗਰੋਂ ਹੀ ਭਾਰਤ ਨੇ ਬਰਤਾਨਵੀ ਸਰਕਾਰ ਨੂੰ ਪੈਰਾ ਮਿਲਟਰੀ ਯੂਨਿਟਾਂ ਫ਼ੌਰੀ ਭੇਜਣ ਦੀ ਅਪੀਲ ਕੀਤੀ ਸੀ, ਪਰ ਮਗਰੋਂ ਗੱਲਬਾਤ ਕਿਸੇ ਤਣ ਪੱਤਣ ਨਾ ਲੱਗਣ ਕਰਕੇ ਭਾਰਤੀ ਫ਼ੌਜ ਨੇ ਆਪਣੇ ਦਮ ‘ਤੇ ਅਪਰੇਸ਼ਨ ਨੀਲਾ ਤਾਰਾ ਨੂੰ ਅੰਜਾਮ ਦਿੱਤਾ।

RELATED ARTICLES
POPULAR POSTS