Breaking News
Home / ਦੁਨੀਆ / ਟਰੰਪ ਦੀ ‘ਜ਼ੀਰੋ ਟੌਲੇਰੈਂਸ’ ਪਾਲਿਸੀ ਤਹਿਤ ਅਮਰੀਕਾ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਸੰਤਾਪ ਹੰਢਾਉਣ ਲਈ ਮਜਬੂਰ ਪਰਵਾਸੀਆਂ ਵਿਚੋਂ ਵੱਡੀ ਗਿਣਤੀ ਸਿੱਖਾਂ ਦੀ

ਟਰੰਪ ਦੀ ‘ਜ਼ੀਰੋ ਟੌਲੇਰੈਂਸ’ ਪਾਲਿਸੀ ਤਹਿਤ ਅਮਰੀਕਾ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਸੰਤਾਪ ਹੰਢਾਉਣ ਲਈ ਮਜਬੂਰ ਪਰਵਾਸੀਆਂ ਵਿਚੋਂ ਵੱਡੀ ਗਿਣਤੀ ਸਿੱਖਾਂ ਦੀ

ਅਮਰੀਕੀ ਜੇਲ੍ਹ ‘ਚ ਬੰਦ ਪਰਵਾਸੀ ਸਿੱਖਾਂ ਨੂੰ ਗੁਰੂ ਘਰ ਦਾ ਆਸਰਾ
ਸਾਲੇਮ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਗੈਰਕਾਨੂੰਨੀ ਪਰਵਾਸ ਪ੍ਰਤੀ ‘ਜ਼ੀਰੋ ਟੌਲੇਰੈਂਸ’ ਪਾਲਿਸੀ ਤਹਿਤ ਅਮਰੀਕਾ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਸੰਤਾਪ ਹੰਢਾਉਣ ਲਈ ਮਜਬੂਰ ਪਰਵਾਸੀਆਂ ਵਿਚੋਂ ਵੱਡੀ ਗਿਣਤੀ ਸਿੱਖਾਂ ਦੀ ਹੈ। ਸਾਲੇਮ ਸਥਿਤ ਗੁਰਦੁਆਰਾ ਦਸ਼ਮੇਸ਼ ਦਰਬਾਰ, ਦਿਹਾਤੀ ਓਰੇਗਨ (ਸ਼ੈਰੀਡਨ) ਸਥਿਤ ਫ਼ੈਡਰਲ ਜੇਲ੍ਹ ਵਿੱਚ ਬੰਦ ਇਨ੍ਹਾਂ ਸਿੱਖ ਪਰਵਾਸੀਆਂ ਤੇ ਰਿਹਾਅ ਹੋ ਚੁੱਕੇ ਸਿੱਖਾਂ ਦੇ ਹੱਕ ਵਿਚ ਨਿੱਤਰ ਆਇਆ ਹੈ। ਗੁਰਦੁਆਰੇ ਵੱਲੋਂ ਸਿੱਖ ਪਰਵਾਸੀਆਂ ਨੂੰ ਸਿਰ ਢਕਣ ਤੋਂ ਲੈ ਕੇ ਧਾਰਮਿਕ ਤੇ ਹੋਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਧਰ ਓਰੇਗਨ ਦੀ ਵਾਲੰਟੀਅਰ ਸੰਸਥਾ ਸਿੱਖ ਪਰਵਾਸੀਆਂ ਨੂੰ ਹਰ ਸੰਭਵ ਕਾਨੂੰਨੀ ਇਮਦਾਦ ਕਰ ਰਹੀ ਹੈ। ਵਾਲੰਟੀਅਰ ਸੰਸਥਾ ਨਾਲ ਜੁੜੇ ਹਵਾਈ ਫ਼ੌਜ ਤੋਂ ਸੇਵਾ ਮੁਕਤ ਨੌਰਮ ਤੇ ਉਹਦੀ ਪਤਨੀ ਕੈਥੀ ਡੈਵਿਸ ਕੜਕਦੀ ਧੁੱਪ ਵਿੱਚ ਓਰੇਗਨ ਜੇਲ੍ਹ ਦੀ ਕੰਧ ਦੇ ਪਰਛਾਵੇਂ ਹੇਠ ਆ ਕੇ ਖੜ੍ਹਦੇ ਹਨ। ਉਨ੍ਹਾਂ ਨੂੰ ਜੇਲ੍ਹ ਵਿੱਚੋਂ ਤਿੰਨ ਪਰਵਾਸੀਆਂ ਦੇ ਬਾਹਰ ਆਉਣ ਦੀ ਉਡੀਕ ਹੈ। ਵਾਲੰਟੀਅਰਾਂ ਦੇ ਐਡਹਾਕ ਗਰੁੱਪ ਦੇ ਮੈਂਬਰ ਇਸ ਜੋੜੇ ਦੀ ਇਹ ਨਿੱਤ ਦੀ ਮਸ਼ਕ ਹੈ। ਟਰੰਪ ਪ੍ਰਸ਼ਾਸਨ ਵੱਲੋਂ ਦਿਹਾਤੀ ਓਰੇਗਨ ਵਿਚਲੀ ਫ਼ੈਡਰਲ ਜੇਲ੍ਹ 124 ਪਰਵਾਸੀਆਂ ਨੂੰ ਤਬਦੀਲ ਕੀਤੇ ਜਾਣ ਮਗਰੋਂ ਹਾਲੀਆ ਮਹੀਨਿਆਂ ਵਿੱਚ ਵਾਲੰਟੀਅਰਾਂ ਨੇ ਇਸ ਸਮੂਹ ਦਾ ਗਠਨ ਕੀਤਾ ਸੀ। ਜੇਲ੍ਹ ਵਿੱਚ ਅੰਦਾਜ਼ਨ 1600 ਪਰਵਾਸੀ ਬੰਦ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਸਿੱਖਾਂ ਦੀ ਸੀ। ਨੌਰਮ ਤੇ ਕੈਥੀ ਡੈਵਿਸ, ਚਾਰ ਸੌ ਹੋਰਨਾਂ ਵਾਲੰਟੀਅਰਾਂ, ਜਿਨ੍ਹਾਂ ਵਿਚ ਸੇਵਾ ਮੁਕਤ, ਕਾਲਜਾਂ ਤੋਂ ਸੱਜਰੀ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀ, ਵਕੀਲ, ਪਾਦਰੀ ਆਦਿ ਸ਼ਾਮਲ ਹਨ, ਜੇਲ੍ਹ ਵਿੱਚ ਬੰਦ ਇਨ੍ਹਾਂ ਪਰਵਾਸੀਆਂ ਦੀ ਮਦਦ ਲਈ ਨਿੱਤਰੇ ਹਨ। ਕੈਥੀ ਡੈਵਿਸ (71) ਨੇ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਪਰਵਾਸੀ ਕੈਦੀਆਂ ਦੇ ਚਿਹਰੇ ‘ਤੇ ਵੱਡੀ ਮੁਸਕਰਾਹਟ ਵੇਖ ਕੇ ਖੁਸ਼ੀ ਮਿਲਦੀ ਹੈ। ਇਨ੍ਹਾਂ ਵਾਲੰਟੀਅਰਾਂ ਵੱਲੋਂ ਪੈਸੇ ਧੇਲੇ ਦਾ ਜੁਗਾੜ ਕਰਨ ਤੋਂ ਅਸਮਰੱਥ ਪਰਵਾਸੀਆਂ ਦੀਆਂ ਜ਼ਮਾਨਤਾਂ ਭਰਨ ਲਈ 12 ਹਜ਼ਾਰ ਡਾਲਰ ਇਕੱਠੇ ਕੀਤੇ ਜਾ ਚੁੱਕੇ ਹਨ। ਉਧਰ ਸਾਲੇਮ ਨੇੜਲਾ ਸਿੱਖ ਗੁਰਦੁਆਰਾ ਵੀ ਇਨ੍ਹਾਂ ਪਰਵਾਸੀਆਂ ਨੂੰ ਧਾਰਮਿਕ ਤੇ ਹੋਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਾਲ ਸਿਰ ਢਕਣ ਲਈ ਛੱਤ ਦੇ ਨਾਲ ਮੁੜ ਪੈਰਾਂ ਸਿਰ ਕਰਨ ਵਿੱਚ ਮਦਦ ਦੇ ਰਿਹਾ ਹੈ। ਰਿਹਾਅ ਹੋਏ ਸਿੱਖਾਂ ਤੇ ਹੋਰਨਾਂ ਕੈਦੀਆਂ ਵੱਲੋਂ ਗੁਰਦੁਆਰੇ ਵਿੱਚ ਲੰਗਰ ਸਮੇਤ ਹੋਰ ਸੇਵਾਵਾਂ ਵਿਚ ਹੱਥ ਵਟਾਇਆ ਜਾ ਰਿਹਾ ਹੈ। ਜੇਲ੍ਹ ਵਿੱਚ ਬੰਦ ਕਈ ਪਰਵਾਸੀਆਂ ਨੇ ਅਮਰੀਕਾ ਪੁੱਜਣ ਲਈ ਲੰਮਾ ਤੇ ਭਿਆਨਕ ਸਫ਼ਰ ਤੈਅ ਕੀਤਾ ਹੈ। ਸ਼ਰਣ ਦੀ ਮੰਗ ਕਰਦੇ ਕਈਆਂ ਨੂੰ ਜਾਂ ਤਾਂ ਮੋੜ ਦਿੱਤਾ ਗਿਆ ਜਾਂ ਫ਼ਿਰ ਕਈ ਪੁੱਜਦੇ ਸਾਰ ਸਰਹੱਦੀ ਏਜੰਟਾਂ ਦੇ ਹੱਥੇ ਚੜ੍ਹ ਗਏ। ਕੈਥੀ ਡੈਵਿਸ ਨੇ ਕਿਹਾ ਕਿ ਉਹ ਇਸ ਸਭ ਕੁਝ ਦਾ ਹਿੱਸਾ ਬਣੀ ਕਿਉਂਕਿ, ‘ਸਾਡੇ ਕੋਲ ਕਾਨੂੰਨੀ ਪ੍ਰਬੰਧ ਹੈ ਤੇ ਇਹ ਹਰ ਕਿਸੇ ‘ਤੇ ਲਾਗੂ ਹੁੰਦਾ ਹੈ।’ ਉਧਰ ਕੈਥੀ ਦੇ ਪਤੀ ਨੂੰ ਲਗਦਾ ਹੈ ਕਿ ਪਰਵਾਸੀਆਂ ਨੂੰ ਲੋੜੀਂਦੀ ਕਾਨੂੰਨੀ ਸਹਾਇਤਾ ਨਹੀਂ ਦਿੱਤੀ ਗਈ। ਪਰਵਾਸੀਆਂ ਤਕ ਵਕੀਲਾਂ ਦੀ ਰਸਾਈ, ਓਰੇਗਨ ਦੀ ਅਮੈਰੀਕਨ ਸਿਵਲ ਲਿਬਰਟੀਜ਼ ਯੂਨੀਅਨ ਵੱਲੋਂ ਦਾਇਰ ਕੇਸ ਮਗਰੋਂ ਹੋਈ।

Check Also

ਰਾਹੁਲ ਗਾਂਧੀ ਜਾਰਜਟਾਊਨ ਯੂਨੀਵਰਸਿਟੀ  ’ਚ ਵਿਦਿਆਰਥੀਆਂ ਦੇ ਸਮਾਗਮ ਵਿਚ ਹੋਏ ਸ਼ਾਮਲ

ਕਿਹਾ : ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਡਰ ਨਹੀਂ ਲੱਗਦਾ ਵਾਸ਼ਿੰਗਟਨ/ਬਿਊਰੋ ਨਿਊਜ਼ ਕਾਂਗਰਸ ਪਾਰਟੀ …