Breaking News
Home / ਦੁਨੀਆ / ਮਹਾਰਾਜਾ ਰਣਜੀਤ ਸਿੰਘ ਦਾ ਅਣਮੁੱਲਾ ਖ਼ਜ਼ਾਨਾ ਲੰਡਨ ਦੇ ਬੌਨਹੈਮਜ਼ ਨਿਲਾਮੀ ਘਰ ਵਿੱਚ ਹੋਇਆ ਨਿਲਾਮ

ਮਹਾਰਾਜਾ ਰਣਜੀਤ ਸਿੰਘ ਦਾ ਅਣਮੁੱਲਾ ਖ਼ਜ਼ਾਨਾ ਲੰਡਨ ਦੇ ਬੌਨਹੈਮਜ਼ ਨਿਲਾਮੀ ਘਰ ਵਿੱਚ ਹੋਇਆ ਨਿਲਾਮ

ਮਹਾਰਾਣੀ ਜਿੰਦ ਕੌਰ ਦਾ ਹਾਰ ਸਭ ਤੋਂ ਮਹਿੰਗਾ 1 ਲੱਖ 87 ਹਜ਼ਾਰ ਪੌਂਡ ‘ਚ ਵਿਕਿਆ
ਲੰਡਨ/ਬਿਊਰੋ ਨਿਊਜ਼ : ਮਹਾਰਾਜਾ ਰਣਜੀਤ ਸਿੰਘ ਦਾ ਅਣਮੁੱਲਾ ਖ਼ਜ਼ਾਨਾ ਲੰਡਨ ਦੇ ਬੌਨਹੈਮਜ਼ ਨਿਲਾਮੀ ਘਰ ਵਿੱਚ ਨਿਲਾਮ ਹੋਇਆ ਹੈ। ਜਿਸ ਵਿੱਚ ਮਹਾਰਾਣੀ ਜਿੰਦ ਕੌਰ ਦਾ ਹਾਰ ਸਭ ਤੋਂ ਮਹਿੰਗਾ 1 ਲੱਖ 87 ਹਜ਼ਾਰ ਪੌਂਡ ਵਿਚ ਵਿਕਿਆ। ਇਸ ਦਾ ਅੰਦਾਜ਼ਨ ਮੁੱਲ 80 ਹਜ਼ਾਰ ਪੌਂਡ ਤੋਂ 1 ਲੱਖ 20 ਹਜ਼ਾਰ ਪੌਂਡ ਤੱਕ ਮਿੱਥਿਆ ਗਿਆ ਸੀ। ਲਾਹੌਰ ਖ਼ਜ਼ਾਨੇ ਦਾ ਇਹ ਹਾਰ ਮੋਤੀਆਂ, ਪੰਨੇ ਅਤੇ ਮਣਕਿਆਂ ਨਾਲ ਸ਼ਿੰਗਾਰਿਆ ਹੋਇਆ ਹੈ। ਦੂਜੇ ਨੰਬਰ ‘ਤੇ ਭਾਰਤ ਦੇ ਪਹਿਲੇ ਗਵਰਨਰ ਜਨਰਲ ਵਾਰਨਰ ਹੇਸਟਿੰਗ ਦੀ ਦੂਜੀ ਪਤਨੀ ਮਾਰੀਅਨ ਹੇਸਟਿੰਗ ਦੀ ਮੁਗ਼ਲ ਇੰਪਰਲਡ ਸੀਲਡ 1,81,250 ਪੌਂਡ ਦੀ ਵਿਕੀ ਹੈ।
ਵਾਰਨਰ ਹੇਸਟਿੰਗ 1773 ਤੋਂ 1785 ਤੱਕ ਉੱਤਰੀ ਭਾਰਤ ਦੇ ਗਵਰਨਰ ਜਨਰਲ ਰਹੇ ਸਨ। ਵਿਸ਼ਵ ਪ੍ਰਸਿੱਧ ਫੋਟੋਗ੍ਰਾਫ਼ਰ ਲੋਕਵੁੱਡ ਕਿਲਿੰਗ ਦੀ ਭਾਰਤ ਨਾਲ ਸਬੰਧਿਤ ਤਸਵੀਰਾਂ ਦੀ ਇੱਕ ਐਲਬਮ ਵੀ ਨੀਲਾਮ ਹੋਈ, ਜਿਸ ਵਿੱਚ ਅੰਮ੍ਰਿਤਸਰ, ਲਾਹੌਰ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਹਿੱਸਿਆਂ ਦੀਆਂ 120 ਅਸਲ ਤਸਵੀਰਾਂ ਹਨ ਜਿਸ ‘ਤੇ ਲੌਕਵੁਡ ਕਿਲਿੰਗ ਦੇ ਦਸਤਖ਼ਤ ਅਤੇ ‘ਲਾਹੌਰ 1888’ ਅੰਕਿਤ ਕੀਤਾ ਹੋਇਆ ਹੈ।
ਇਸ ਦਾ ਅੰਦਾਜ਼ਨ ਮੁੱਲ 1 ਲੱਖ ਪੌਂਡ ਤੋਂ 1 ਲੱਖ 50 ਹਜ਼ਾਰ ਪੌਂਡ ਤੱਕ ਜਾਣ ਦੀ ਸੰਭਾਵਨਾ ਸੀ, ਜੋ 1,25,000 ਪੌਂਡ ਦਾ ਵਿਕਿਆ। ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦੀਆਂ ਤਾਰਾਂ ਦੀ ਕਢਾਈ ਵਾਲਾ ਤੀਰਾਂ ਦਾ ਭੱਥਾ, ਤਰਕਸ਼ 1 ਲੱਖ ਪੌਂਡ ਦਾ ਵਿਕਿਆ ਹੈ।
ਨਿਲਾਮੀ ਘਰ ਅਨੁਸਾਰ ਤੀਰਾਂ ਦਾ ਭੱਥਾ ਅਤੇ ਤਰਕਸ਼ ਪੁਰਾਤਨ ਕਲਾ ਦਾ ਅਦਭੁੱਤ ਨਮੂਨਾ ਹੈ। ਇਸ ਦੇ ਮਖ਼ਮਲ ਕੱਪੜੇ ਵਾਲੇ ਚਮੜੇ ਦੀ ਪੇਟੀ ਨੂੰ ਲੋਹੇ ਦੇ ਛੋਟੇ ਕੜੇ ਲੱਗੇ ਹੋਏ ਹਨ, ਜਿਸ ਨੂੰ ਸੁਨਹਿਰੀ ਅਤੇ ਲਾਲ ਮਖ਼ਮਲ ਦੇ ਧਾਗੇ ਨਾਲ ਸੁੰਦਰ ਕਢਾਈ ਕੀਤੀ ਹੋਈ ਹੈ। ਜਿਸ ਦੀ ਅੰਦਾਜ਼ਨ ਕੀਮਤ 80 ਹਜ਼ਾਰ ਪੌਂਡ ਤੋਂ 1 ਲੱਖ 20 ਹਜ਼ਾਰ ਪੌਂਡ ਤੱਕ ਮਿੱਥੀ ਗਈ ਸੀ।
ਇਸ ਨੂੰ ਮਹਾਰਾਜਾ ਰਣਜੀਤ ਸਿੰਘ ਲਈ 1838 ਵਿੱਚ ਖੜਕ ਸਿੰਘ ਦੇ ਵਿਆਹ ਮੌਕੇ ਲਈ ਵਿਸ਼ੇਸ਼ ਤੌਰ ‘ਤੇ ਬਣਵਾਇਆ ਗਿਆ ਸੀ। ਇਸ ਨੂੰ ਲਾਰਡ ਡਲਹੌਜ਼ੀ ਨੇ 1850 ਵਿੱਚ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਇਸ ਤੋਂ ਇਲਾਵਾ ਰਾਧਾ ਅਤੇ ਕ੍ਰਿਸ਼ਨ ਦੇ ਮੇਲ ਦੀ ਇੱਕ ਸੁੰਦਰ ਪੁਰਾਤਨ ਕਲਾਕ੍ਰਿਤੀ 68,750 ਪੌਂਡ ਵਿਚ ਨਿਲਾਮ ਹੋਈ। ਇਸ ਨੂੰ ਸੋਨੇ ਦੇ ਕਾਗਜ਼ ‘ਤੇ ਬਣਾਇਆ ਹੈ, ਇਸ ‘ਤੇ ਦੇਵਨਾਗਰੀ ਲਿਪੀ ਵਿੱਚ ਚਾਰ ਸਤਰਾਂ ਲਿਖੀਆਂ ਹੋਈਆਂ ਹਨ, ਕਵਰ ਸ਼ੀਟ ਤੇ ਰਾਇਲ ਲਾਇਬ੍ਰੇਰੀ, ਮੰਡੀ ਦੀ ਮੋਹਰ ਲੱਗੀ ਹੋਈ ਹੈ।
19ਵੀਂ ਸਦੀ ਦਾ ਇੱਕ ਹੋਰ ਹੀਰਿਆਂ ਦਾ ਹਾਰ 37500 ਪੌਂਡ ਦਾ ਵਿਕਿਆ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਤਸਵੀਰਾਂ, ਪੇਟਿੰਗਾਂ ਨਿਲਾਮ ਹੋਈਆਂ। ਨਿਲਾਮੀ ਘਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਭਾਰਤ ਨਾਲ ਸਬੰਧਿਤ ਚੀਜ਼ਾਂ ਸਮੇਤ ਸਿੱਖ ਰਾਜ ਦਾ ਖ਼ਜ਼ਾਨਾ 1,818,500 ਪੌਂਡ ਦਾ ਵਿਕਿਆ ਹੈ।

Check Also

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਣਨਗੇ ਬਿਲਾਵਲ ਭੁੱਟੋ!

ਪਾਰਟੀ ਦੇ ਆਗੂਆਂ ਨੇ ਬਿਲਾਵਲ ਨੂੰ ਇਸ ਅਹੁਦੇ ਲਈ ਮਨਾਇਆ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਸਾਬਕਾ …