ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਾਰਜਕਾਰਨੀ ਕਮੇਟੀ ਦੀ ਬੈਠਕ ਕਰਕੇ 13 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦਾ ਚੋਣ ਇਜਲਾਸ ਬੁਲਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਮੈਂਬਰਾਂ ਵਿਚ ਪ੍ਰਧਾਨਗੀ ਦੇ ਚਾਹਵਾਨਾਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸਿੱਖ ਗੁਰਦੁਆਰਾ ਐਕਟ-1925 ਅਨੁਸਾਰ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਦਾ ਵਕਫਾ 5 ਸਾਲ ਅਤੇ ਪ੍ਰਧਾਨਗੀ ਚੋਣ ਦਾ ਵਕਫਾ 1 ਸਾਲ ਹੈ। ਹਰ ਸਾਲ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੇ 21 ਦਿਨਾਂ ਦੇ ਅਗਾਊਂ ਨੋਟਿਸ ‘ਤੇ ਨਵੰਬਰ ਮਹੀਨੇ ਚੋਣ ਇਜਲਾਸ ਕਰਵਾਇਆ ਜਾਂਦਾ ਹੈ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ 185 ਮੈਂਬਰੀ ਹਾਊਸ ਵਲੋਂ ਪ੍ਰਧਾਨ ਸਮੇਤ 15 ਮੈਂਬਰੀ ਕਾਰਜਕਾਰਨੀ ਕਮੇਟੀ ਚੁਣੀ ਜਾਂਦੀ ਹੈ। ਸ਼੍ਰੋਮਣੀ ਕਮੇਟੀ ਹਾਊਸ ਵਿਚ ਬਹੁਮਤ ਸ਼੍ਰੋਮਣੀ ਅਕਾਲੀ ਦਲ ਕੋਲ ਹੈ, ਇਸ ਕਾਰਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਇੱਛਾ ‘ਤੇ ਨਿਰਭਰ ਹੁੰਦੀ ਹੈ। ਸਭ ਤੋਂ ਵੱਧ ਸਮਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਰਹਿਣ ਵਾਲੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਨ, ਜੋ 25 ਸਾਲ ਤੋਂ ਜ਼ਿਆਦਾ ਸਮਾਂ ਪ੍ਰਧਾਨ ਰਹੇ। ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ 42ਵੇਂ ਪ੍ਰਧਾਨ ਹਨ, ਜਿਨ੍ਹਾਂ ਨੂੰ ਪਿਛਲੇ ਸਾਲ ਚੁਣਿਆ ਗਿਆ ਸੀ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਇਕ ਸਾਲ ਦਾ ਕਾਰਜਕਾਲ ਏਨੀ ਵੱਡੀ ਅਤੇ ਜ਼ਿੰਮੇਵਾਰ ਸੰਸਥਾ ਨੂੰ ਬਿਹਤਰੀਨ ਤਰੀਕੇ ਨਾਲ ਚਲਾਉਣ ਲਈ ਨਾਕਾਫ਼ੀ ਹੈ। ਅਕਸਰ ਪ੍ਰਧਾਨਗੀ ਅਹੁਦੇ ‘ਤੇ ਬੈਠਣ ਵਾਲੇ ਕਿਸੇ ਵੀ ਸ਼ਖ਼ਸ ਨੂੰ ਇਸ ਸੰਸਥਾ ਦੇ ਸਰੋਕਾਰਾਂ ਅਤੇ ਕਾਰਜਪ੍ਰਣਾਲੀ ਨੂੰ ਚੰਗੀ ਤਰ੍ਹਾਂ ਸਮਝਦਿਆਂ 5 -6 ਮਹੀਨੇ ਲੰਘ ਜਾਂਦੇ ਹਨ ਅਤੇ ਬਾਕੀ ਰਹਿੰਦੇ 5-6 ਮਹੀਨਿਆਂ ਵਿਚ ਵੀ ਉਹ ਵਿਸ਼ੇਸ਼ ਉਪਲਬਧੀਆਂ ਨਹੀਂ ਦਿਖਾ ਸਕਦਾ। ਇਹੀ ਕਾਰਨ ਹੈ ਕਿ ਸ਼੍ਰੋਮਣੀ ਕਮੇਟੀ ਗੁਰਦੁਆਰਾ ਸੇਵਾ-ਸੰਭਾਲ ਦੇ ਪ੍ਰਬੰਧਾਂ ਵਿਚ ਵਧੇਰੇ ਸੁਧਾਰ ਅਤੇ ਧਰਮ ਪ੍ਰਚਾਰ ਲਈ ਸਿੱਟਾਮੁਖੀ ਨਤੀਜੇ ਹਾਸਲ ਨਹੀਂ ਕਰ ਸਕੀ। ਜੇਕਰ ਸਿੱਖ ਗੁਰਦੁਆਰਾ ਐਕਟ ਵਿਚ ਸੋਧ ਕਰਵਾ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਕਾਰਜਕਾਲ ਇਸ ਦੇ 5 ਸਾਲਾ ਹਾਊਸ ਮੁਤਾਬਕ ਢਾਈ ਸਾਲ ਦਾ ਕਰ ਦਿੱਤਾ ਜਾਵੇ ਤਾਂ ਕਿਸੇ ਵੀ ਪ੍ਰਧਾਨ ਅਤੇ ਉਸ ਦੀ ਕਾਰਜਕਾਰਨੀ ਨੂੰ ਜ਼ਿਆਦਾ ਜ਼ਿੰਮੇਵਾਰੀ ਅਤੇ ਸ਼ਿੱਦਤ ਨਾਲ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ। ਕਿਉਂਕਿ ਇਸ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਐਕਟ ਵਿਚ ਵੀ ਸੋਧ ਕਰਵਾ ਕੇ 4 ਸਾਲਾ ਹਾਊਸ ਮੁਤਾਬਕ ਪ੍ਰਧਾਨਗੀ ਕਾਲ 1 ਸਾਲ ਤੋਂ ਵਧਾ ਕੇ 2 ਸਾਲ ਕਰਵਾਇਆ ਹੈ। ਇਸੇ ਤਰ੍ਹਾਂ ਕਿਸੇ ਵੀ ਸ਼ਖ਼ਸੀਅਤ ਦੇ ਪ੍ਰਧਾਨਗੀ ਅਹੁਦੇ ‘ਤੇ ਵੱਧ ਤੋਂ ਵੱਧ ਸਮਾਂ ਰਹਿਣ ਦੀ ਵੀ ਇਕ ਮਿਆਦ ਤੈਅ ਹੋਣੀ ਚਾਹੀਦੀ ਹੈ, ਇਸ ਨਾਲ ਜਿੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਵਿਚ ਪਾਰਦਰਸ਼ਤਾ ਅਤੇ ਨਿਰਪੱਖਤਾ ਆਵੇਗੀ, ਉਥੇ ਨਵੀਆਂ ਸ਼ਖ਼ਸੀਅਤਾਂ ਨੂੰ ਵੀ ਸੇਵਾ ਕਰਨ ਦਾ ਮੌਕਾ ਮਿਲੇਗਾ।ઠ ઠ
ਭਾਵੇਂਕਿ ਪਿਛਲੇ ਅਰਸੇ ਦੌਰਾਨ ਸ਼੍ਰੋਮਣੀ ਕਮੇਟੀ ਅੰਦਰઠਉੱਚ ਪੱਧਰ ‘ਤੇ ਪ੍ਰਸ਼ਾਸਨਿਕ ਨਿਘਾਰ, ਵਿੱਤੀ ਬੇਨਿਯਮੀਆਂ ਅਤੇ ਧਰਮ ਪ੍ਰਚਾਰ ਵੱਲ ਅਵੇਸਲਾਪਨ ਆਦਿ ਕਮਜ਼ੋਰੀਆਂ ਦੀ ਵੱਡੀ ਪੱਧਰ ‘ਤੇ ਹੋਈ ਚਰਚਾ ਤੋਂ ਬਾਅਦ ਸੁਧਾਰਾਂ ਦੇ ਯਤਨ ਜ਼ਰੂਰ ਹੋਏ ਪਰ ਫਿਰ ਵੀ ਬਹੁਤ ਕੁਝ ਹੋਰ ਕਰਨਾ ਬਾਕੀ ਹੈ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਆਪਣੇ ਕਾਰਜਕਾਲ ਦੌਰਾਨ ਧਰਮ ਪ੍ਰਚਾਰ ਨੂੰ ਸਿੱਟਾਮੁਖੀ ਬਣਾਉਣ ਅਤੇ ਗੁਰਦੁਆਰਾ ਪ੍ਰਬੰਧਾਂ ਵਿਚੋਂ ਭ੍ਰਿਸ਼ਟਾਚਾਰ ਨੂੰ ਪ੍ਰਭਾਵਹੀਣ ਕਰਨ ਲਈ ਯਤਨਸ਼ੀਲ ਰਹੇ ਪਰ ਉਹ ਵੀ ਮੁਲਾਜ਼ਮਾਂ ਦੀ ਭਰਤੀ ਦੇ ਮਾਮਲਿਆਂ ‘ਚ ਵਿਵਾਦਾਂ ਦਾ ਸ਼ਿਕਾਰ ਬਣ ਗਏ। ਹਾਲਾਂਕਿ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ ਲੰਬੇ ਸਮੇਂ ਤੋਂ ਵਿਗੜੇ ਪ੍ਰਭਾਵ ਨੂੰ ਇਕ ਸਾਲ ਦੇ ਵਕਫ਼ੇ ਅੰਦਰ ਪੂਰੀ ਤਰ੍ਹਾਂ ਸੰਵਾਰ ਨਹੀਂ ਸਕੇ ਪਰ ਉਹ ਨਿਯੁਕਤੀਆਂ/ ਬਦਲੀਆਂ ਵਿਚ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਦੇ ਵਿਵਾਦਾਂ ਤੋਂ ਬਚੇ ਰਹੇ। ਰਵਾਇਤੀ ਧਰਮ ਪ੍ਰਚਾਰ ਤਾਂ ਸ਼੍ਰੋਮਣੀ ਕਮੇਟੀ ਸ਼ੁਰੂ ਤੋਂ ਕਰਦੀ ਆਈ ਹੈ ਪਰ ਇਕ ਵਿਸ਼ੇਸ਼ ਪ੍ਰਾਪਤੀ ਜ਼ਰੂਰ ਭਾਈ ਲੌਂਗੋਵਾਲ ਦੇ ਹਿੱਸੇ ਆਈ ਕਿ ਉਨ੍ਹਾਂ ਧਰਮ ਪ੍ਰਚਾਰ ਨੂੰ ਸਮਾਜਿਕ ਸਰੋਕਾਰਾਂ ਨਾਲ ਜੋੜ ਕੇ ਸਿੱਟਾਮੁਖੀ ਬਣਾਉਣ ਲਈ ‘ਇਕ ਪਿੰਡ, ਇਕ ਗੁਰਦੁਆਰਾ ਮੁਹਿੰਮ’, ‘ਇਕ ਪਿੰਡ, ਇਕ ਸ਼ਮਸ਼ਾਨਘਾਟ ਮੁਹਿੰਮ’ ਅਤੇ ਮੈਡੀਕਲ ਵੈਨਾਂ ਰਾਹੀਂ ਪਿੰਡਾਂ ਦੇ ਗ਼ਰੀਬ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਰਗੀਆਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ। ਭਾਵੇਂਕਿ ਇਹ ਯੋਜਨਾਵਾਂ ਇਕਦਮ ਬਹੁਤ ਵੱਡੀ ਕਾਮਯਾਬੀ ਨਹੀਂ ਦਿਖਾ ਸਕੀਆਂ, ਪਰ ਇਨ੍ਹਾਂ ਦਾ ਪਿੰਡਾਂ, ਸ਼ਹਿਰਾਂ ਵਿਚ ਵੱਸਦੇ ਸਿੱਖ ਭਾਈਚਾਰੇ ‘ਤੇ ਸਮਾਜਿਕ ਤੌਰ ‘ਤੇ ਡੂੰਘਾ ਤੇ ਦੂਰਰਸੀ ਪ੍ਰਭਾਵ ਪਵੇਗਾ ਅਤੇ ਜੇਕਰ ਇਹ ਯੋਜਨਾਵਾਂ ਅਮਲ ਵਿਚ ਰਹੀਆਂ ਤਾਂ ਸਮਾਂ ਪਾ ਕੇ ਇਸ ਸ਼ੁਰੂਆਤ ਨੂੰ ਚੰਗੇ ਨਤੀਜੇ ਵੀ ਮਿਲ ਸਕਦੇ ਹਨ। ਇਸੇ ਤਰ੍ਹਾਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਆਪਣੇ ਕਾਰਜਕਾਲ ਦੌਰਾਨ ਧਰਮ ਪ੍ਰਚਾਰ ਲਹਿਰ ਵਿਚ 80 ਹਜ਼ਾਰ ਤੋਂ ਵੱਧ ਪ੍ਰਾਣੀਆਂ ਨੂੰ ਅੰਮ੍ਰਿਤਧਾਰੀ ਬਣਾਉਣ ਅਤੇ 8 ਹਜ਼ਾਰ ਪਿੰਡਾਂ ਵਿਚ ਧਾਰਮਿਕ ਤਾਲਮੇਲ ਕਮੇਟੀਆਂ ਸਥਾਪਿਤ ਕਰਨ ਦਾ ਵੀ ਦਾਅਵਾ ਕਰਦੇ ਹਨ। ਇਕ ਸਾਲ ਦੇ ਵਕਫੇ ਅੰਦਰ ਪੰਜਾਬ ਤੋਂ ਬਾਹਰ ਦਰਜਨ ਤੋਂ ਵੱਧ ਸੂਬਿਆਂ ਦੇ ਧਾਰਮਿਕ ਦੌਰੇ ਕਰਨ ਵਾਲੇ ਭਾਈ ਲੌਂਗੋਵਾਲ ਪਹਿਲੇ ਪ੍ਰਧਾਨ ਹਨ ਹਾਲਾਂਕਿ ਸਿਕਲੀਗਰ ਅਤੇ ਵਣਜਾਰੇ ਸਿੱਖਾਂ ਦੀ ਬਿਹਤਰੀ ਲਈ ਅਜੇ ਕਾਫ਼ੀ ਕੁਝ ਕਰਨਾ ਬਾਕੀ ਹੈ। ਹਾਲਾਂਕਿ ਗੰਭੀਰ ਪੰਥਕ ਮਸਲਿਆਂ ਤੇ ਵਿਵਾਦਾਂ, ਜਿਨ੍ਹਾਂ ਵਿਚ ‘ਸਿੱਖ ਰਹਿਤ ਮਰਿਯਾਦਾ’ ਨੂੰ ਲੈ ਕੇ ਵਖਰੇਵਿਆਂ, ਨਾਨਕਸ਼ਾਹੀ ਕੈਲੰਡਰ ਵਿਵਾਦ ਅਤੇ ਦਸਮ ਗ੍ਰੰਥ ਵਿਵਾਦ ਦਾ ਸਰਬਪ੍ਰਵਾਨਿਤ ਹੱਲ ਕਰਨ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਾਕੀ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਪ੍ਰਤੀ ਪੰਥ ‘ਚ ਪੈਦਾ ਹੋਈ ਬੇਵਿਸ਼ਵਾਸੀ ਦੂਰ ਕਰਨ ਅਤੇ ਤਖ਼ਤ ਸਾਹਿਬਾਨ ਤੇ ਇਨ੍ਹਾਂ ਦੇ ਜਥੇਦਾਰਾਂ ਪ੍ਰਤੀ ਪੰਥਕ ਸਨਮਾਨ ਬਹਾਲ ਕਰਨ ਵਿਚ ਸ਼੍ਰੋਮਣੀ ਕਮੇਟੀ ਕੋਈ ਵਿਸ਼ੇਸ਼ ਉਪਲਬਧੀ ਨਹੀਂ ਦਿਖਾ ਸਕੀ। ਇਸ ਦੇ ਬਾਵਜੂਦ ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਪੰਥਕ ਹਲਕਿਆਂ ਵਿਚ ਬਣੇ ਬੇਵਿਸ਼ਵਾਸੀ ਅਤੇ ਵਿਰੋਧ ਦੇ ਮਾਹੌਲ ਦੌਰਾਨ ਵੀ ਸ਼੍ਰੋਮਣੀ ਕਮੇਟੀ ਨੂੰ ਕਿਸੇ ਵੱਡੇ ਵਿਰੋਧ ਦਾ ਨਿਸ਼ਾਨਾ ਬਣਨੋਂ ਬਚਾਉਣ ਵਿਚ ਕਾਮਯਾਬ ਰਹੇ। ਠੰਢੀ ਸੀਰਤ ਹੋਣ ਕਾਰਨ ਉਹ ਸਿਆਸੀ ਵਿਰੋਧੀਆਂ ਖ਼ਿਲਾਫ਼ ਤਾਬੜਤੋੜ ਬਿਆਨਬਾਜ਼ੀਆਂ ਤਾਂ ਨਹੀਂ ਕਰ ਸਕੇ ਪਰ ਉਹ ਆਪਣੀ ਪਾਰਟੀ ਦੇ ਸਿਆਸੀ ਹਿੱਤਾਂ ਤੋਂ ਵੀ ਮੁਕਤ ਨਹੀਂ ਹੋ ਸਕੇ। ਭਾਵੇਂਕਿ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਬਣਨ ਦੇ ਦਾਅਵੇਦਾਰਾਂ ਵਿਚ, ਆਪਣੀ ਕਾਰਗੁਜ਼ਾਰੀ ਦੇ ਆਧਾਰ ‘ਤੇ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਮੁੱਖ ਗਿਣੇ ਜਾਂਦੇ ਹਨ ਪਰ ਉਨ੍ਹਾਂ ਤੋਂ ਇਲਾਵਾ ਪ੍ਰਧਾਨਗੀ ਦੇ ਦਾਅਵੇਦਾਰਾਂ ਵਿਚ ਜਥੇਦਾਰ ਤੋਤਾ ਸਿੰਘ, ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਪ੍ਰੋ. ਕਿਰਪਾਲ ਸਿੰਘ ਬਡੂੰਗਰ, ਜਥੇਦਾਰ ਸੇਵਾ ਸਿੰਘ ਸੇਖਵਾਂ, ਭਾਈ ਅਮਰਜੀਤ ਸਿੰਘ ਚਾਵਲਾ ਅਤੇ ਬੀਬੀ ਜਗੀਰ ਕੌਰ ਵੀ ਦੱਸੇ ਜਾਂਦੇ ਹਨ। ਜੋ ਵੀ ਹੋਵੇ, ਸ਼੍ਰੋਮਣੀ ਕਮੇਟੀ ਦੇ ਅਗਲੇ ਪ੍ਰਧਾਨ ਦਾ ਸਿਰੋਪਾ ਕਿਸ ਦੇ ਗਲ ਪਵੇਗਾ, ਇਸ ਸਵਾਲ ਦਾ ਜਵਾਬ ਤਾਂ ਅਜੇ ਸਮੇਂ ਦੇ ਗਰਭ ਵਿਚ ਲੁਕਿਆ ਹੈ ਪਰ ਸ਼੍ਰੋਮਣੀ ਕਮੇਟੀ ਅੱਗੇ ਮੌਜੂਦਾ ਚੁਣੌਤੀਆਂ ਦੇ ਸੰਦਰਭ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਦਰਪੇਸ਼ ਗੰਭੀਰ ਸਿਆਸੀ ਸੰਕਟ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਲਈ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਕਰਨੀ ਵੀ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੈ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …