Breaking News
Home / ਦੁਨੀਆ / ਅਮਰੀਕਾ ਵੱਲੋਂ ਵੱਡੀ ਪੱਧਰ ‘ਤੇ ਕੌਮਾਂਤਰੀ ਵਿਦਿਆਰਥੀਆਂ ਦੇ ਰੱਦ ਕੀਤੇ ਜਾ ਰਹੇ ਵੀਜਿਆਂ ਕਾਰਨ ਭਾਰਤੀ ਵਿਦਿਆਰਥੀਆਂ ਦੀ ਚਿੰਤਾ ਵਧੀ

ਅਮਰੀਕਾ ਵੱਲੋਂ ਵੱਡੀ ਪੱਧਰ ‘ਤੇ ਕੌਮਾਂਤਰੀ ਵਿਦਿਆਰਥੀਆਂ ਦੇ ਰੱਦ ਕੀਤੇ ਜਾ ਰਹੇ ਵੀਜਿਆਂ ਕਾਰਨ ਭਾਰਤੀ ਵਿਦਿਆਰਥੀਆਂ ਦੀ ਚਿੰਤਾ ਵਧੀ

ਛੋਟੇ ਮੋਟੇ ਝਗੜਿਆਂ ਵਿਚ ਸ਼ਾਮਿਲ ਵਿਦਿਆਰਥੀਆਂ ਦੇ ਵੀਜੇ ਵੀ ਕੀਤੇ ਜਾ ਰਹੇ ਹਨ ਰੱਦ
ਸੈਕਰਾਮੈਂਟੋ,ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ ਵੱਲੋਂ ਵੱਡੀ ਪੱਧਰ ‘ਤੇ ਕੌਮਾਂਤਰੀ ਵਿਦਿਆਰਥੀਆਂ ਦੇ ਵੀਜੇ ਰੱਦ ਕੀਤੇ ਜਾ ਰਹੇ ਹਨ ਜਿਸ ਕਾਰਨ ਭਾਰਤੀ ਵਿਦਿਆਰਥੀਆਂ ਜਿਨ੍ਹਾਂ ਵਿਚ ਵਧੇਰੇ ਗਿਣਤੀ ਪੰਜਾਬੀਆਂ ਦੀ ਹੈ, ਦੀ ਪ੍ਰੇਸ਼ਾਨੀ ਵਧ ਗਈ ਹੈ। ਛੋਟੋ ਮੋਟੇ ਝਗੜਿਆਂ ਵਿਚ ਸ਼ਾਮਿਲ ਵਿਦਿਆਰਥੀਆਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ।
ਕੇਵਲ ਇਕ ਨੋਟਿਸ ਦੇ ਕੇ ਵਿਦਿਆਰਥੀਆਂ ਨੂੰ ਵੀਜੇ ਰੱਦ ਕਰਨ ਦੀ ਸੂਚਨਾ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਦੇਸ਼ ਛੱਡ ਜਾਣ ਨਹੀਂ ਤਾਂ ਜਬਰਨ ਵਾਪਿਸ ਭੇਜ ਦਿੱਤੇ ਜਾਣਗੇ। ਅਮੈਰੀਕਨ ਇਮੀਗ੍ਰੇਸ਼ਨ ਲਾਇਅਰਜ਼ ਐਸੋਸੀਏਸ਼ਨ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਾਲ ਹੀ ਵਿਚ ਜਿਨ੍ਹਾਂ 327 ਕੌਮਾਂਤਰੀ ਵਿਦਿਆਰਥੀਆਂ ਦੇ ਵੀਜੇ ਰੱਦ ਕੀਤੇ ਗਏ ਹਨ ਉਨ੍ਹਾਂ ਵਿਚ ਅੱਧੇ ਭਾਰਤੀ ਹਨ।
ਰਿਪੋਰਟ ਜਿਸ ਦਾ ਸਿਰਲੇਖ ਹੈ ”ਦ ਸਕੋਪ ਆਫ ਇਮੀਗ੍ਰੇਸ਼ਨ ਇਨਫੋਰਸਮੈਂਟ ਐਕਸ਼ਨਜ ਅੰਗੇਂਸਟ ਇੰਟਰਨੈਸ਼ਨਲ ਸਟੂਡੈਂਟਸ” ਅਨੁਸਾਰ ਦੂਸਰੇ ਸਥਾਨ ‘ਤੇ ਚੀਨ ਦੇ ਵਿਦਿਆਰਥੀਆਂ ਹਨ। 327 ਵਿਦਿਆਰਥੀਆਂ ਵਿਚ 14% ਚੀਨੀ ਹਨ।
ਇਸ ਤੋਂ ਬਾਅਦ ਦੱਖਣੀ ਕੋਰੀਆ, ਨੇਪਾਲ ਤੇ ਬੰਗਲਾਦੇਸ਼ ਦਾ ਸਥਾਨ ਹੈ। ਆਪਸ਼ਨਲ ਪ੍ਰੈਕਟੀਕਲ ਟਰੇਨਿੰਗ (ਓ ਪੀ ਟੀ) ਕਰ ਰਹੇ ਵਿਦਿਆਰਥੀ ਸਭ ਤੋਂ ਵਧ ਪ੍ਰਭਾਵਿਤ ਹੋਏ ਹਨ। ਓ ਪੀ ਟੀ ਇਕ ਪ੍ਰੋਗਰਾਮ ਹੈ ਜਿਸ ਤਹਿਤ ਐਫ-1 ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਇਕ ਸਾਲ ਲਈ ਅਮਰੀਕਾ ਵਿਚ ਕੰਮ ਕਰਨ ਦੀ ਇਜਾਜਤ ਦਿੱਤੀ ਜਾਂਦੀ ਹੈ। ਜਿਨਾਂ ਵਿਦਿਆਰਥੀਆਂ ਦੇ ਵੀਜੇ ਰੱਦ ਕੀਤੇ ਗਏ ਹਨ ਉਨ੍ਹਾਂ ਵਿਚੋਂ 50% ਓ ਪੀ ਟੀ ਵਿਚ ਹਿੱਸਾ ਲੈ ਰਹੇ ਸਨ।
ਟੈਕਸਾਸ, ਕੈਲੀਫੋਰਨੀਆ, ਨਿਊਯਾਰਕ, ਮਿਸ਼ੀਗਨ ਤੇ ਐਰੀਜ਼ੋਨਾ ਵਿਚ ਪੜ ਰਹੇ ਵਿਦਿਆਰਥੀਆਂ ਉਪਰ ਸਭ ਤੋਂ ਵਧ ਅਸਰ ਪੈ ਰਿਹਾ ਹੈ। ਪਿਛਲੇ 4 ਮਹੀਨਿਆਂ ਦੌਰਾਨ ਯੂ ਐਸ ਸਟੇਟ ਡਿਪਾਰਟਮੈਂਟ ਐਂਡ ਇਮੀਗ੍ਰੇਸ਼ਨ ਐਂਡ ਕਸਮਟਜ ਇਨਫੋਰਸਮੈਂਟ (ਆਈ ਸੀ ਈ) ਨੇ ਵਿਦੇਸ਼ੀ ਵਿਦਿਆਰਥੀਆਂ ਵਿਰੁੱਧ ਛਾਣਬੀਣ ਦੇ ਕੰਮ ਵਿਚ ਤੇਜ਼ੀ ਲਿਆਂਦੀ ਹੈ। ਨਾ ਕੇਵਲ ਉਨ੍ਹਾਂ ਦੇ ਵੀਜ਼ਿਆਂ ਦੀ ਜਾਂਚ ਪੜਤਾਲ ਹੋ ਰਹੀ ਹੈ ਬਲਕਿ ਉਨ੍ਹਾਂ ਦੀਆਂ ਸਰਗਰਮੀਆਂ ਵੀ ਜਾਂਚ ਦੇ ਘੇਰੇ ਵਿਚ ਹਨ। ਕੁਝ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਸ ਕੰਮ ਵਾਸਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾਅ ਪੇਚ ਵਰਤੇ ਜਾ ਰਹੇ ਹਨ ਜਿਸ ਕਾਰਨ ਅਣਉਚਿੱਤ ਢੰਗ ਨਾਲ ਵਿਦਿਆਰਥੀਆਂ ਵਿਰੁੱਧ ਕਾਰਵਾਈ ਦੀ ਸੰਭਾਵਨਾ ਵਧ ਗਈ ਹੈ। ਜਿਨ੍ਹਾਂ ਵਿਦਿਆਰਥੀਆਂ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ ਤੇ ਨਾ ਹੀ ਉਹ ਕਿਸੇ ਪ੍ਰਦਰਸ਼ਨ ਵਿਚ ਸ਼ਾਮਿਲ ਹੋਏ ਹਨ, ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਇਸ ਸਮੇ ਭਾਰਤੀ ਵਿਦਿਆਰਥੀ ਪ੍ਰੇਸ਼ਾਨੀ ਦੀ ਹਾਲਤ ਵਿਚ ਹਨ ਤੇ ਉਹ ਭਾਰਤ ਸਰਕਾਰ ਵੱਲ ਵੇਖ ਰਹੇ ਹਨ। ਵਿਦਿਆਰਥੀਆਂ ਨੂੰ ਆਸ ਹੈ ਕਿ ਭਾਰਤ ਸਰਕਾਰ ਉਨ੍ਹਾਂ ਦੀ ਮੱਦਦ ‘ਤੇ ਆਵੇਗੀ ਤੇ ਬਿਨਾਂ ਵਜਾ ਉਨ੍ਹਾਂ ਨੂੰ ਵੀਜੇ ਰੱਦ ਕਰਨ ਦੀ ਲਟਕ ਰਹੀ ਤਲਵਾਰ ਤੋਂ ਰਾਹਤ ਮਿਲੇਗੀ।

 

 

Check Also

ਭਗੌੜੇ ਨੀਰਵ ਮੋਦੀ ਦੀ ਲੰਡਨ ’ਚ ਜ਼ਮਾਨਤ ਅਰਜ਼ੀ ਖਾਰਜ

  ਪੀਐਨਬੀ ਨਾਲ 14,500 ਕਰੋੜ ਦੇ ਫਰਾਡ ਦਾ ਆਰੋਪ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਨੈਸ਼ਨਲ ਬੈਂਕ …