ਅਮਰੀਕਾ ਦੀ ਪਹਿਲੀ ਹਿੰਦੂ ਸੰਸਦ ਮੈਂਬਰ ਦੇ ਕਰੀਬੀ ਨੇ ਕੀਤਾ ਦਾਅਵਾ
ਵਾਸ਼ਿੰਗਟਨ : ਅਮਰੀਕਾ ਦੀ ਪਹਿਲੀ ਹਿੰਦੂ ਸੰਸਦ ਮੈਂਬਰ ਤੁਲਸੀ ਗੇਬਾਰਡ ਸਾਲ 2020 ਵਿਚ ਹੋਣ ਵਾਲੀ ਰਾਸ਼ਟਰਪਤੀ ਚੋਣ ਲੜਨ ‘ਤੇ ਵਿਚਾਰ ਕਰ ਰਹੀ ਹੈ। ਤੁਲਸੀ ਦੇ ਕਰੀਬੀ ਅਤੇ ਮਸ਼ਹੂਰ ਭਾਰਤਵੰਸ਼ੀ ਡਾ. ਸੰਪਤ ਸ਼ਿਵਾਂਗੀ ਨੇ ਪਿਛਲੇ ਦਿਨੀਂ ਲਾਸ ਏਂਜਲਸ ਵਿਚ ਇਕ ਪ੍ਰੋਗਰਾਮ ਦੌਰਾਨ ਇਹ ਦਾਅਵਾ ਕੀਤਾ। ਇਸ ਦੌਰਾਨ 37 ਸਾਲਾ ਤੁਲਸੀ ਵੀ ਮੌਜੂਦ ਸਨ।ਸ਼ਿਵਾਂਗੀ ਨੇ ਇਸ ਪ੍ਰੋਗਰਾਮ ਵਿਚ ਤੁਲਸੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ 2020 ਵਿਚ ਅਮਰੀਕਾ ਦੀ ਅਗਲੀ ਰਾਸ਼ਟਰਪਤੀ ਬਣ ਸਕਦੀ ਹੈ। ਉਨ੍ਹਾਂ ਦੇ ਇਸ ਕਥਨ ਦਾ ਪ੍ਰੋਗਰਾਮ ‘ਚ ਮੌਜੂਦ ਲੋਕਾਂ ਨੇ ਉਤਸ਼ਾਹ ਨਾਲ ਸਵਾਗਤ ਕੀਤਾ। ਇਸ ਤੋਂ ਬਾਅਦ ਤੁਲਸੀ ਨੇ ਵੀ ਪ੍ਰੋਗਰਾਮ ਨੂੰ ਸੰਬੋਧਨ ਕੀਤਾ ਪਰ ਉਨ੍ਹਾਂ ਨੇ ਰਾਸ਼ਟਰਪਤੀ ਚੋਣ ਦੀ ਦੌੜ ਵਿਚ ਸ਼ਾਮਲ ਹੋਣ ਦੀ ਨਾ ਤਾਂ ਪੁਸ਼ਟੀ ਕੀਤੀ ਅਤੇ ਨਾ ਹੀ ਇਸ ਤੋਂ ਇਨਕਾਰ ਕੀਤਾ।
ਤੁਲਸੀ ਦੇ ਕਰੀਬੀਆਂ ਦਾ ਕਹਿਣਾ ਹੈ ਕ੍ਰਿਸਮਿਸ ਤੋਂ ਪਹਿਲਾਂ ਉਹ ਇਸ ਬਾਰੇ ਫ਼ੈਸਲਾ ਲੈ ਸਕਦੀ ਹੈ। ਉਹ ਤੇ ਉਨ੍ਹਾਂ ਦੀ ਟੀਮ ਆਪਣੀ ਚੋਣ ਮੁਹਿੰਮ ਨੂੰ ਅਸਰਦਾਰ ਬਣਾਉਣ ਲਈ ਅਮਰੀਕਾ ਵਿਚ ਰਹਿ ਰਹੇ ਭਾਰਤਵੰਸ਼ੀਆਂ ਸਮੇਤ ਸੰਭਾਵਿਤ ਦਾਨਕਰਤਾਵਾਂ ਨਾਲ ਸੰਪਰਕ ਕਰ ਰਹੀ ਹੈ।
ਪਹਿਲੀ ਹਿੰਦੂ ਉਮੀਦਵਾਰ ਹੋਵੇਗੀ :ਤੁਲਸੀ ਗੇਬਾਰਡ ਜੇਕਰ ਰਾਸ਼ਟਰਪਤੀ ਚੋਣ ਵਿਚ ਉਤਰਨ ਦਾ ਐਲਾਨ ਕਰਦੀ ਹੈ ਤਾਂ ਉਹ ਵਾਈਟ ਹਾਊਸ ਦੀ ਦੌੜ ਵਿਚ ਸ਼ਾਮਲ ਹੋਣ ਵਾਲੀ ਪਹਿਲੀ ਹਿੰਦੂ ਉਮੀਦਵਾਰ ਹੋਵੇਗੀ। ਚੁਣੇ ਜਾਣ ‘ਤੇ ਉਹ ਅਮਰੀਕਾ ਦੀ ਸਭ ਤੋਂ ਨੌਜਵਾਨ ਤੇ ਪਹਿਲੀ ਮਹਿਲਾ ਰਾਸ਼ਟਰਪਤੀ ਬਣ ਸਕਦੀ ਹੈ।
ਚੌਥੀ ਵਾਰੀ ਚੁਣੀ ਜਾਵੇਗੀ ਸੰਸਦ ਮੈਂਬਰ :ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਲਈ ਪਿਛਲੇ ਹਫ਼ਤੇ ਹੋਈ ਚੋਣ ਵਿਚ ਤੁਲਸੀ ਫਿਰ ਚੁਣੀ ਗਈ।
ਇਹ ਉਨ੍ਹਾਂ ਦਾ ਚੌਥਾ ਕਾਰਜਕਾਲ ਹੈ। ਉਹ ਸਾਲ 2012 ਤੋਂ ਇਸ ਸਦਨ ਦੀ ਮੈਂਬਰ ਹਨ। ਉਹ ਅਮਰੀਕਾ ਵਿਚ ਰਹਿਣ ਵਾਲੇ ਭਾਰਤੀ ਫਿਰਕੇ ‘ਚ ਕਾਫ਼ੀ ਲੋਕਪ੍ਰਿਅ ਹਨ।
ਗੀਤਾ ‘ਤੇ ਹੱਥ ਰੱਖ ਕੇ ਚੁੱਕੀ ਸੀ ਸਹੁੰ :ਤੁਲਸੀ ਪਹਿਲੀ ਅਮਰੀਕੀ ਸੰਸਦ ਮੈਂਬਰ ਹਨ ਜਿਨ੍ਹਾਂ ਨੇ ਗੀਤਾ ‘ਤੇ ਹੱਥ ਰੱਖ ਕੇ ਸੰਸਦ ਦੀ ਮੈਂਬਰਸ਼ਿਪ ਦੀ ਸਹੁੰ ਚੁੱਕੀ ਸੀ। ਉਹ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰੀ ਕਮੇਟੀ ਦੀ ਮੀਤ ਪ੍ਰਧਾਨ ਰਹਿ ਚੁੱਕੀ ਹੈ। ਇਸ ਸਮੇਂ ਉਹ ਸਦਨ ਦੀ ਪ੍ਰਭਾਵਸ਼ਾਲੀ ਆਰਮਡ ਸੇਵਾ ਕਮੇਟੀ ਤੇ ਵਿਦੇਸ਼ ਮਾਮਲਿਆਂ ਦੀ ਕਮੇਟੀ ਦੀ ਮੈਂਬਰ ਹੈ।
ਕੌਣ ਹਨ ਡਾ. ਸੰਪਤ ਸ਼ਿਵਾਂਗੀ :ਤੁਲਸੀ ਦੇ ਰਾਸ਼ਟਰਪਤੀ ਚੋਣ ਵਿਚ ਉਤਰਣ ਦਾ ਦਾਅਵਾ ਕਰਨ ਵਾਲੇ ਡਾ. ਸ਼ਿਵਾਂਗੀ ਹਾਕਮ ਰਿਪਬਲਿਕਨ ਪਾਰਟੀ ਨਾਲ ਜੁੜੇ ਹਨ। ਸ਼ਿਵਾਂਗੀ ਨੇ ਉਨ੍ਹਾਂ ਲਈ ਉਸ ਸਮੇਂ ਵੀ ਚੰਦਾ ਇਕੱਠਾ ਕੀਤਾ ਸੀ ਜਦੋਂ ਉਹ 2012 ਵਿਚ ਪਹਿਲੀ ਵਾਰੀ ਸੰਸਦ ਪਹੁੰਚਣ ਦੀ ਦੌੜ ‘ਚ ਸ਼ਾਮਲ ਹੋਈ ਸੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …