Breaking News
Home / ਨਜ਼ਰੀਆ / ਕੈਨੇਡਾ ਵਿਚ ਨੈਸ਼ਨਲ ਫ਼ਾਰਮਾਕੇਅਰ ਪ੍ਰੋਗਰਾਮ ਦਾ ਇਹ ਪੱਖ

ਕੈਨੇਡਾ ਵਿਚ ਨੈਸ਼ਨਲ ਫ਼ਾਰਮਾਕੇਅਰ ਪ੍ਰੋਗਰਾਮ ਦਾ ਇਹ ਪੱਖ

ਸੋਨੀਆ ਸਿੱਧੂ, ਐੱਮ.ਪੀ. ਬਰੈਂਪਟਨ ਸਾਊਥ
1921 ਵਿਚ ਇਕ ਕੈਨੇਡੀਅਨ ਵਿਗਿਆਨੀ ਨੇ ‘ਇਨਸੂਲੀਨ’ (Insulin) ਦੀ ਖੋਜ ਕੀਤੀ, ਪ੍ਰੰਤੂ ਇਕ ਸਦੀ ਬੀਤ ਜਾਣ ‘ਤੇ ਇਹ ਦਵਾਈ ਲੋੜਵੰਦ ਕੈਨੇਡਾ-ਵਾਸੀਆਂ ਦੀ ਖ਼ਰੀਦ ਸਮਰੱਥਾ ਤੋਂ ਬਾਹਰ ਹੋ ਗਈ ਹੈ। ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਬਣਨ ਤੋਂ ਪਹਿਲਾਂ ਮੈਂ 13 ਸਾਲ ਹੈੱਲਥਕੇਅਰ ਵਿਚ ‘ਡਾਇਬੇਟੀਜ਼ ਐਜੂਕੇਟਰ’ ਵਜੋਂ ਕੰਮ ਕੀਤਾ ਹੈ। ਲੰਮਾਂ ਸਮਾਂ ਕੈਨੇਡੀਅਨ ਹੈੱਲਥਕੇਅਰ ਸਿਸਟਮ ਵਿਚ ਵਿਚਰਣ ਕਰਕੇ ਮੈਨੂੰ ਡਾਕਟਰਾਂ ਵੱਲੋਂ ਦਰਸਾਈਆਂ ਜਾਂਦੀਆਂ ਦਵਾਈਆਂ ਦੀ ਉਚਿਤਤਾ ਅਤੇ ਉਨ੍ਹਾਂ ਦੀ ਜੀਵਨ-ਬਚਾਊ ਮਹਾਨਤਾ ਬਾਰੇ ਕਾਫ਼ੀ ਜਾਣਕਾਰੀ ਹੈ। ਬਦਕਿਸਮਤੀ ਨਾਲ 2015 ਵਿਚ ਹੋਏ ‘ਐਂਗਸ ਰੀਡ ਸਰਵੇ’ ਵਿਚ ਇਹ ਤੱਥ ਸਾਹਮਣੇ ਆਇਆ ਹੈ ਕਿ ਪਿਛਲੇ 12 ਮਹੀਨਿਆਂ ਵਿਚ 23% ਕੈਨੇਡਾ-ਵਾਸੀ ਡਾਕਟਰਾਂ ਵੱਲੋਂ ਦਰਸਾਈਆਂ ਗਈਆਂ ਦਵਾਈਆਂ ਉਨ੍ਹਾਂ ਦੀ ਕੀਮਤ ਵਧੇਰੇ ਹੋਣ ਕਰਕੇ ਖ਼ਰੀਦ ਨਹੀਂ ਸਕੇ। ਇੰਸ਼ੋਰੈਂਸ ਤੋਂ ਬਗ਼ੈਰ 10% ਕੈਨੇਡੀਅਨ ਇਹ ਦਵਾਈਆਂ ਵਧੇਰੇ ਕੀਮਤੀ ਹੋਣ ਕਾਰਨ ਨਹੀਂ ਖ਼ਰੀਦਦੇ ਕਿਉਂਕਿ ਇਹ ਉਨ੍ਹਾਂ ਦੀ ਵਿੱਤੀ ਪਹੁੰਚ ਤੋਂ ਬਾਹਰ ਹਨ। ਕੈਨੇਡਾ ਦੀ ਲਿਬਰਲ ਪਾਰਟੀ ਇਸ ਗੰਭੀਰ ਮੁੱਦੇ ਨੂੰ ਕੌਮੀ ਪੱਧਰ ‘ਤੇ ਵਿਚਾਰ ਰਹੀ ਹੈ। ਪਿਛਲੇ ਹਫ਼ਤੇ ਹੋਈ 2018 ਨੈਸ਼ਨਲ ਲਿਬਰਲ ਕਨਵੈੱਨਸ਼ਨ ਵਿਚ ਇਸ ਨੂੰ ਪ੍ਰਾਥਮਿਕਤਾਵਾਂ ਵਿਚ ਪਹਿਲੇ ਨੰਬਰ ‘ਤੇ ਰੱਖਿਆ ਗਿਆ।
ਮੈਂ ਹਾਊਸ ਆਫ਼ ਕਾਮਨਜ਼ ਦੀ ‘ਸਟੈਂਡਿੰਗ ਕਮੇਟੀ ਆਨ ਹੈੱਲਥ’ ਵਿਚ ਸ਼ਾਮਲ ਹਾਂ ਅਤੇ ਇਸ ਦੀਆਂ ਪਿਛਲੇ ਦੋ ਸਾਲਾਂ ਦੌਰਾਨ ਹੋਈਆਂ ਮੀਟਿੰਗਾਂ ਵਿਚ ‘ਨੈਸ਼ਨਲ ਫ਼ਾਰਮਾਕੇਅਰ ਪ੍ਰੋਗਰਾਮ’ ਜਿਸ ਵਿਚ ਪ੍ਰਿਸਕ੍ਰਿਪਸ਼ਨ ਡਰੱਗਜ਼ ਦੇ ਸਿੰਗਲ ਪੇਅਰ ਸਿਸਟਮ ਲਈ ਪਬਲਿਕ ਇੰਸੋਰੈਂਸ ਕੱਵਰੇਜ ਸ਼ਾਮਲ ਹੈ, ਵਿਸ਼ੇ ‘ਤੇ ਹੋਏ ਵਿਚਾਰ-ਵਟਾਂਦਰੇ, ਲੋਕਾਂ ਵੱਲੋਂ ਪ੍ਰਾਪਤ ਹੋਏ ਲਿਖਤੀ ਅਤੇ ਜ਼ਬਾਨੀ ਸੁਝਾਆਂ ਨੂੰ ਇਕ ਲੜੀ ਵਿਚ ਪਰੋ ਕੇ ਪੇਸ ਕੀਤਾ ਹੈ। ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਅਤਿ-ਲੋੜੀਂਦੀਆਂ ਦਵਾਈਆਂ ਨੂੰ ਲੋਕਾਂ ਦੀ ਵਿੱਤੀ ਪਹੁੰਚ ਵਿਚ ਲਿਆਈਏ ਅਤੇ ਇਸ ਦਾ ਹੱਲ ਅਸੀਂ ‘ਕੈਨੇਡਾ ਹੈੱਲਥ ਐਕਟ’ ਦੇ ਵਿਸਥਾਰ ਵਿਚ ਲੱਭਿਆ ਹੈ ਜਿਸ ਵਿਚ ਹਸਪਤਾਲ ਤੋਂ ਬਾਹਰਲੀਆਂ ਦਵਾਈਆਂ ਦੀ ਕੱਵਰੇਜ ਵੀ ਸ਼ਾਮਲ ਕੀਤੀ ਜਾਏ। ਮੈਨੂੰ ਇਹ ਰਿਪੋਰਟ ਬੜੀ ਸਹੀ ਅਤੇ ਅਰਥ-ਭਰਪੂਰ ਲੱਗਦੀ ਹੈ ਅਤੇ ਮੈਨੂੰ ਇਸ ਉੱਪਰ ਮਾਣ ਵੀ ਹੈ। ਇਸ ਦੇ ਨਾਲ ਕੈਨੇਡਾ ਦੇ ਅਜੋਕੇ ਹੈੱਲਥਕੇਅਰ ਸਿਸਟਮ ਨੂੰ ਦਰਪੇਸ਼ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਥਾਈ ਹੱਲ ਲੱਭਿਆ ਜਾ ਸਕੇਗਾ। ‘ਕੈਨੇਡਾ ਹੈੱਲਥ ਐਕਟ’ ਵਿਚ ਇਸ ਸਮੇਂ ਭਾਵੇਂ ਹਸਪਤਾਲ ਤੋਂ ਬਾਹਰਲੀਆਂ ਦਵਾਈਆਂ ਲਈ ਪ੍ਰੋਵਿੰਸਾਂ ਅਤੇ ਟੈਰੀਟਰੀਆਂ ਲਈ ਵਿਵਸਥਾ ਨਹੀਂ ਹੈ ਪਰ ਫਿਰ ਵੀ ਉਹ ਮਰੀਜ਼ਾਂ ਦੀ ਆਮਦਨ ਨੂੰ ਮੁੱਖ ਰੱਖਦਿਆਂ ਹੋਇਆਂ ਕੁਝ ਕੁ ਮਹਿੰਗੀਆਂ ਦਵਾਈਆਂ ਲਈ ਉਨ੍ਹਾਂ ਦੀ ਸਹਾਇਤਾ ਕਰਦੇ ਹਨ।
ਕੈਨੇਡਾ ਦੇ ਹੈੱਲਥਕੇਅਰ ਸਿਸਟਮ ਦੇ ਬਹੁਤ ਸਾਰੇ ਫ਼ਾਇਦਿਆਂ ਦੇ ਬਾਵਜੂਦ ਅਸੀਂ ਇਸ ਵਿਚ ਕੁਝ ਪੱਖਾਂ ਤੋਂ ਪਿੱਛੇ ਹਾਂ ਜਿਨ੍ਹਾਂ ਵਿਚ ਮੁੱਖ ਤੌਰ ‘ਤੇ ਦੁਨੀਆਂ ਦੇ ਹੋਰ ਮੁਲਕਾਂ ਦੇ ਮੁਕਾਬਲੇ ਸਾਡੇ ਦੇਸ਼ ਵਿਚ ਦਵਾਈਆਂ ਦਾ ਮਹਿੰਗਾ ਹੋਣਾ ਹੈ। ਕੈਨੇਡੀਅਨ ਇਨਸਟੀਚਿਊਟ ਫ਼ਾਰ ਹੈੱਲਥ ਇਨਫ਼ਰਮੇਸ਼ਨ ਦੇ ਅੰਕੜਿਆਂ ਅਨੁਸਾਰ ਸਾਲ 2017 ਵਿਚ ਹਸਪਤਾਲ ਤੋਂ ਬਾਹਰ ਵਾਲੀਆਂ ਦਵਾਈਆਂ ਉੱਪਰ ਆਇਆ ਖ਼ਰਚਾ 39.8 ਬਿਲੀਅਨ ਡਾਲਰ ਸੀ। ਇਸ ਦਾ ਭਾਵ ਹੈ ਕਿ ਇਕ ਕੈਨੇਡੀਅਨ ਸਾਲ ਵਿਚ ਔਸਤਨ 1,086 ਡਾਲਰ ਦਵਾਈਆਂ ਲਈ ਖ਼ਰਚਾ ਕਰਦਾ ਹੈ। ਮੈਂ ਆਲ ਪਾਰਟੀ ਡਾਇਬੇਟੀਜ਼ ਕਾਕੱਸ ਦੀ ਵੀ ਚੇਅਰਪਰਸਨ ਹਾਂ ਜਿਸ ਵਿਚ ਅਸੀਂ ਡਾਇਬੇਟੀਜ਼ ਨਾਲ ਜੂਝਣ ਵਾਲੇ ਵਿਅੱਕਤੀਆਂ ਲਈ ਪਾਰਲੀਮੈਂਟ ਹਿੱਲ ‘ਤੇ ਹੋਣ ਵਾਲੀਆਂ ਮੀਟਿੰਗਾਂ ਵਿਚ ਠੋਸ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਪਿਛਲੇ ਸਾਲ ਮੈਂ ਆਪਣੇ ਕੌਮੀ ਟੂਰ ਦੌਰਾਨ ਲੋਕਾਂ ਨਾਲ ਖਾਣ-ਪੀਣ ਦੀਆਂ ਆਦਤਾਂ ਅਤੇ ਡਾਇਬੇਟੀਜ਼ ਬਾਰੇ ਵਿਚਾਰ-ਵਟਾਂਦਰਾ ਕੀਤਾ। ਮੈ ਸਾਰੇ ਦੇਸ਼ ਵਿਚ ਡਾਇਬੇਟੀਜ਼ ਰੋਗੀਆਂ ਨਾਲ ਵਿਸਥਾਰ ਪੂਰਵਕ ਗੱਲਬਾਤ ਕੀਤੀ ਹੈ ਅਤੇ ਲੱਗਭੱਗ ਸਾਰਿਆਂ ਨੇ ਹੀ ਮੇਰੇ ਨਾਲ ਵਿੱਤੀ ਪਹੁੰਚ ਵਾਲੇ ਇਲਾਜ ਦੀ ਗੱਲ ਸਾਂਝੀ ਕੀਤੀ ਹੈ। ਨੈਸ਼ਨਲ ਫ਼ਾਰਮਾਕੇਅਰ ਪ੍ਰੋਗਰਾਮ ਹੀ ਇਸ ਦਾ ਕੋਈ ਹੱਲ ਕੱਢੇਗਾ ਅਤੇ ਸਾਡੀ ਰਿਪੋਰਟ ਇਸ ਦਿਸ਼ਾ ਵੱਲ ਪਹਿਲਾ ਕਦਮ ਹੈ।
ਪਿਛਲੇ ਸਮੇਂ ਵਿਚ ਫ਼ਾਰਮਾਕੇਅਰ ਦੇ ਮੁੱਦੇ ‘ਤੇ ਅਸੀਂ ਸਾਰਿਆਂ ਨੇ ਕੰਮ-ਚਲਾਊ ਅਤੇ ਅਧੂਰੇ ਹੱਲ ਹੀ ਵੇਖੇ ਹਨ। ਇਸ ਸਮੇਂ ਹਸਪਤਾਲ ਤੋਂ ਬਾਹਰਲੀਆਂ ਦਵਾਈਆਂ ਦੇ ਖ਼ਰਚੇ ਦਾ 43% ਪਬਲਿਕ ਇਨਸ਼ੋਅਰੈਂਸ ਲਈ ਪੇਅ ਕੀਤਾ ਜਾਂਦਾ ਹੈ ਜਦ ਕਿ ਹੋਰ 22% ਲਈ ਰਕਮ ਖ਼ਤਮ ਹੋ ਜਾਂਦੀ ਹੈ। ਇਹ ਖਰਚੇ ਕਈ ਥਾਵਾਂ ਤੋਂ ਆਉਂਦੇ ਹਨ, ਪ੍ਰੰਤੂ ਇਹ ਖ਼ਾਸ ਪ੍ਰੋਗਾਰਮਾਂ ਜਿਵੇਂ ਫ਼ਸਟ ਨੇਸ਼ਨ, ਇਨਿਊਟਸ, ਵੈੱਟਰਨਜ਼ ਤੇ ਫ਼ੈੱਡਰਲ ਇਨਮੇਟਸ ਅਤੇ ਕਈ ਪ੍ਰੋਵਿੰਸ਼ੀਅਲ ਪ੍ਰੋਗਰਾਮਾਂ ਲਈ ਕੀਤੇ ਜਾਂਦੇ ਹਨ। ਇਹ ਖ਼ਾਸ ਪ੍ਰੋਗਰਾਮ ਲੋੜੀਂਦੀਆਂ ਸੇਵਾਵਾਂ ਦੇਣ ਦੇ ਬਾਵਜੂਦ ਵੀ ਏਨੇ ਸਾਰਥਿਕ ਨਹੀਂ ਹਨ ਅਤੇ ਬਹੁਤ ਸਾਰੇ ਲੋੜਵੰਦਾਂ ਦੀ ਕੱਵਰੇਜ ਕਰਨ ਲਈ ਫ਼ੇਲ੍ਹ ਸਾਬਤ ਹੁੰਦੇ ਹਨ।
ਮੇਰੇ ਖ਼ਿਆਲ ਨਾਲ ਕੋਈ ਵੀ ਕੈਨੇਡਾ-ਵਾਸੀ ਦਵਾਈਆਂ ਤੋਂ ਵਿਰਵਾ ਨਹੀਂ ਹੋਣਾ ਚਾਹੀਦਾ ਜਿਸ ਦੀ ਉਸ ਨੂੰ ਜ਼ਰੂਰਤ ਹੈ। ਹੈੱਲਥਕੇਅਰ ਸਿਸਟਮ ਹੋਣ ਦੇ ਬਾਵਜੂਦ ਬਹੁਤ ਸਾਰੇ ਕੈਨੇਡੀਅਨਾਂ ਨੂੰ ਮਹਿੰਗੀਆਂ ਦਵਾਈਆਂ ਤੱਕ ਪਹੁੰਚ ਨਾ ਹੋਣ ਕਾਰਨ ਦੁਖੀ ਹੋਣਾ ਪੈਂਦਾ ਹੈ। ਪਾਰਲੀਮੈਂਟਰੀ ਬੱਜਟ ਆਫ਼ਿਸ ਦੇ ਇਕ ਅੰਦਾਜ਼ੇ ਅਨੁਸਾਰ ਨੈਸ਼ਨਲ ਫ਼ਾਰਮਾਕੇਅਰ ਪ੍ਰੋਗਰਾਮ ਦੇ ਲਾਗੂ ਹੋਣ ਨਾਲ ਲੋਕਾਂ ਵਿਚ ਦਵਾਈਆਂ ਖ਼੍ਰੀਦ ਕੇ ਖਾਣ ਦੀ ਸਮਰੱਥਾ ਵਿਚ 12.5% ਵਾਧਾ ਹੋਵੇਗਾ। ਇਸ ਸਬੰਧੀ ਸਾਡੀਆਂ ਸਿਫ਼ਾਰਸ਼ਾਂ ਨਾਲ ਕੈਨੇਡਾ-ਵਾਸੀਆਂ ਦੀ ਹੈੱਲਥਕੇਅਰ ਤੱਕ ਪਹੁੰਚ ਆਸਾਨ ਹੋ ਜਾਏਗੀ ਜਿਸ ਦੀ ਉਨ੍ਹਾਂ ਨੂੰ ਇਸ ਸਮੇਂ ਜ਼ਰੂਰਤ ਹੈ। ਇਹ ਸਾਡੇ ਦੇਸ਼ ਦੀਆਂ ਵਧੀਆ ਕਦਰਾਂ-ਕੀਮਤਾਂ ਦਾ ਦਰਪਣ ਹੈ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …