ਮੱਖਣ ਸਿੰਘ ਜੌਹਲ, ਸੁਲੱਖਣ ਸਿੰਘ ਜੌਹਲ (‘ਸੈਮ ਭਾਅ ਜੀ’), ਜਸਵੀਰ ਸਿੰਘ (ਜੱਸ) ਜੌਹਲ ਦੇ ਸਤਿਕਾਰਯੋਗ ਪਿਤਾ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਬੀਤੇ ਸ਼ਨੀਵਾਰ 21 ਅਪ੍ਰੈਲ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦਾ ਜਨਮ ਜੁਲਾਈ 1933 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਕੰਗ ਅਰਾਈਆਂ ਵਿਚ ਹੋਇਆ ਜੋ ਕਿ ਫਿਲੌਰ ਤੋਂ ਨੂਰ ਮਹਿਲ ਨੂੰ ਜਾਣ ਵਾਲੀ ਸੜਕ ‘ਤੇ ਪੈਂਦਾ ਹੈ। ਇਸ ਤਰ੍ਹਾਂ ਉਹ ਲੱਗਭੱਗ 85 ਸਾਲ ਦੀ ਲੰਮੀ ਆਯੂ ਗ਼ੁਜ਼ਾਰ ਕੇ ਇਸ ਦੁਨੀਆਂ ਤੋਂ ਰੁਖ਼ਸਤ ਹੋਏ ਹਨ।
ਉਹ 1996 ਵਿਚ ਕੈਨੇਡਾ ਆਪਣੇ ਪੁੱਤਰਾਂ ਕੋਲ ਆਏ ਸਨ ਅਤੇ ਇੱਥੇ ਖ਼ੁਸ਼ੀ-ਖ਼ੁਸ਼ਹਾਲੀਂ ਬੜੇ ਵਧੀਆ ਦਿਨ ਗ਼ੁਜ਼ਾਰੇ। ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੂੰ ਸਰੀਰਕ ਤਕਲੀਫ਼ ਮਹਿਸੂਸ ਹੋਈ ਸੀ ਜਿਸ ਕਾਰਨ ਕੁਝ ਸਮਾਂ ਹਸਪਤਾਲ ਰਹਿਣਾ ਪਿਆ। ਉਨ੍ਹਾਂ ਦੇ ਪੰਜ-ਭੂਤਕ ਸਰੀਰ ਦਾ ਸਸਕਾਰ ਬੀਤੇ ਮੰਗਲਵਾਰ 24 ਅਪ੍ਰੈਲ ਨੂੰ ਬਰੈਂਪਟਨ ਕਰਿਮੇਟੋਰੀਅਮ ਐਂਡ ਵਿਜ਼ੀਟੇਸ਼ਨ ਵਿਖੇ ਕੀਤਾ ਗਿਆ ਉਨ੍ਹਾਂ ਦੀ ਆਤਮਿਕ-ਸ਼ਾਂਤੀ ਲਈ ਡਿਕਸੀ ਗੁਰੂਘਰ ਵਿਖੇ ਸ਼ਰੂ ਕਰਵਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ-ਪਾਠ ਦਾ ਭੋਗ ਬਾਅਦ ਦੁਪਹਿਰ 2.30 ਵਜੇ ਪਾਇਆ ਗਿਆ। ਇਸ ਮੌਕੇ ਹੋਏ ਵੈਰਾਗਮਈ ਗੁਰਬਾਣੀ ਕੀਰਤਨ ਅਤੇ ਅੰਤਮ ਅਰਦਾਸ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ। ਉਹ ਹਮੇਸ਼ਾ ਚੜ੍ਹਦੀ-ਕਲਾ ਵਿਚ ਰਹਿਣ ਵਾਲੇ ਇਨਸਾਨ ਸਨ। ਭਾਰਤੀ ਫ਼ੌਜ ਵਿਚ ਲੱਗਭੱਗ 15 ਸਾਲ ਸਰਵਿਸ ਕਰਨ ਤੋਂ ਬਾਅਦ ਉਨ੍ਹਾਂ ਨੇ ਪਿੰਡ ਆ ਕੇ ਖੇਤੀਬਾੜੀ ਦਾ ਆਪਣਾ ਕੰਮ ਸੰਭਾਲਿਆ ਅਤੇ ਇਸ ਵਿਚ ਡੱਟ ਕੇ ਮਿਹਨਤ ਕੀਤੀ। ਸਖ਼ਤ ਮਿਹਨਤ ਕਰਕੇ ਆਪਣੇ ਤਿੰਨਾਂ ਪੁੱਤਰਾਂ ਮੱਖਣ ਸਿੰਘ, ਸੁਲੱਖਣ ਸਿੰਘ ਅਤੇ ਜਸਵੀਰ ਸਿੰਘ ਨੂੰ ਕੈਨੇਡਾ ਭੇਜਿਆ ਅਤੇ ਆ਼ਪ ਪਿੱਛੇ ਵਾਹੀ-ਖੇਤੀ ਦਾ ਕੰਮ ਸੰਭਾਲਦੇ ਰਹੇ। ਤਿੰਨਾਂ ਬੇਟਿਆਂ ਨੇ ਇੱਥੇ ਆਪੋ ਆਪਣੇ ਕਾਰੋਬਾਰ ਸ਼ੁਰੂ ਕਰ ਲਏ ਅਤੇ ਉਨ੍ਹਾਂ ਵਿਚ ਕਾਫ਼ੀ ਤਰੱਕੀ ਕੀਤੀ। ਵੱਡਾ ਬੇਟਾ ਮੱਖਣ ਸਿੰਘ ਹੋਟਲ/ਮੋਟਲ ਦੇ ਬਿਜ਼ਨੈੱਸ ਵਿਚ ਹੈ ਅਤੇ ਦੋਵੇਂ ਛੋਟੇ ਸੈਮ ਤੇ ਜੱਸ ‘ਪਰਾਈਡ ਗਰੁੱਪ ਐੱਟਰਪਰਾਈਜ਼ਿਜ਼’ ਦੇ ਨਾਂ ਹੇਠ ਟਰੱਕਿੰਗ ਦੇ ਖ਼ੇਤਰ ਵਿਚ ਵਧੀਆ ਨਾਂ ਕਮਾ ਰਹੇ ਹਨ।
ਰਣਜੀਤ ਸਿੰਘ ਜੌਹਲ ਆਪਣੇ ਪਿੱਛੇ ਉਪਰੋਕਤ ਤਿੰਨਾਂ ਸਪੁੱਤਰਾਂ ਤੋਂ ਬਿਨਾਂ ਦੋ ਬੇਟੀਆਂ ਨਰਿੰਦਰ ਕੌਰ ਚਾਹਲ ਤੇ ਜਸਬੀਰ ਕੌਰ ਸੇਖੋਂ ਅਤੇ ਪੋਤੇ/ਪੋਤਰੀਆਂ ਅਤੇ ਦੋਹਤੇ/ਦੋਹਤਰੀਆਂ ਦਾ ਹੱਸਦਾ-ਵੱਸਦਾ ਭਰਿਆ-ਭਕੁੰਨਾ ਪਰਿਵਾਰ ਛੱਡ ਕੇ ਗਏ ਹਨ। ਬੀਤੇ ਮਹੀਨੇ ਉਹ ਆਪਣੇ ਪੜਪੋਤੇ (ਸ. ਮੱਖਣ ਸਿੰਘ ਦੇ ਪੋਤਰੇ) ਦਾ ਮੂੰਹ ਵੀ ਵੇਖ ਗਏ ਹਨ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਅਤੇ ਪਿੱਛੇ ਪਰਿਵਾਰਿਕ ਮੈਂਬਰਾਂ, ਰਿਸਤੇਦਾਰਾਂ ਤੇ ਦੋਸਤਾਂ-ਮਿੱਤਰਾਂ ਨੂੰ ਇਹ ਰੱਬੀ ਭਾਣਾ ਮੰਨਣ ਦਾ ਬਲ ਬਖਸ਼ੇ।
-ਡਾ. ਸੁਖਦੇਵ ਸਿੰਘ ਝੰਡ