Breaking News
Home / ਰੈਗੂਲਰ ਕਾਲਮ / ਰਾਹੀਆਂ ਕੋਲ ‘ਰਾਹ’ ਪੁੱਛਦੇ…

ਰਾਹੀਆਂ ਕੋਲ ‘ਰਾਹ’ ਪੁੱਛਦੇ…

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਬਚਪਨ ਵਿਚ ਇਸ ਗੀਤ ਦੇ ਬੋਲ ਸੁਣੇ ਸਨ: ਰਾਹੀਆਂ ਕੋਲ ਰਾਹ ਪੁਛਦੇ…! ਨਾਲ ਸਾਜ ਵੀ ਬੜੇ ਪਿਆਰੇ ਵੱਜੇ ਸਨ। ਪਤਾ ਨਹੀਂ ਕਿਸਦਾ ਲਿਖਿਆ ਤੇ ਕਿਸਦਾ ਗਾਇਆ ਸੀ। ਰੇਡੀਓ ਉਤੋਂ ਵੀ ਇਹ ਬੋਲ ਕਈ ਵਰ੍ਹੇ ਗੂੰਜਦੇ ਸੁਣਦੇ ਰਹੇ। ਬੜਾ ਸੁਖਦ ਅਨੁਭਵ ਹੁੰਦਾ ਹੈ ਜਦੋਂ ਕੋਈ ਰਾਹੇ ਰਾਹੇ ਜਾਂਦੇ ਨੂੰ ਰਾਹ ਪੁੱਛ ਲਵੇ ਤੇ ਹੋਰ ਵੀ ਚੰਗਾ ਚੰਗਾ ਲਗਦਾ ਹੈ ਜਦ ਕਿਸੇ ਨੂੰ ਠੀਕ ਰਾਹ ਦੱਸ ਹੋ ਜਾਵੇ! ਬੜੀ ਵਾਰ ਮਨ ਖਿੱਝ ਚੜ੍ਹਨ ਵਾਂਗ ਹੋ ਜਾਂਦਾ ਹੈ ਜਦ ਕਿਸੇ ਨੂੰ ਰਾਹ ਪੁੱਛੀਦੈ ਤੇ ਅਗਲਾ ਕਹਿੰਦਾ ਹੈ, ” ਸੌਰੀ, ਮੈਨੂੰ ਪਤਾ ਨਹੀਂ ਮੈਂ ਬਾਹਰੋਂ ਆਂ।” ਕਈ ਵਾਰ ਕੋਈ ਅਨਜਾਣਾ ਰਾਹ ਪੁਛਦਾ ਹੈ ਤਾਂ ਅਤਾ-ਪਤਾ ਨਾ ਹੋਣ ਕਰਕੇ ”ਸੌਰੀ ਸਰ” ਆਖ ਕੇ ਬੁੱਤਾ ਸਾਰਨਾ ਪੈਂਦਾ ਹੈ ਤੇ ਉਦੋਂ ਆਪਣੇ ਆਪ ਨੂੰ ਥੁੜੇ ਥੁੜੇ ਜਿਹੇ ਮਹਿਸੂਸ ਕਰੀਦੈ! ਬੜੇ ਲੋਕਾਂ ਨੂੰ ਰਾਹ ਦੱਸੇ ਹਨ ਤੇ ਬੜਿਆਂ ਨੂੰ ਰਾਹ ਪੁੱਛੇ ਹਨ। ਬੱਸ…ਇਉਂ ਹੀ ਬੀਤਦੀ ਜਾਂਦੀ ਹੈ ਜ਼ਿੰਦਗੀ ਰਾਹ ਪੁੱਛ-ਪੁੱਛ ਕੇ ਤੇ ਰਾਹ ਦੱਸ ਦੱਸ ਕੇ! ਰਾਹੇ ਪਾਉਣਾ ਤੇ ਰਾਹੇ ਪੈਣਾ, ਰਾਹ ‘ਚ ਮਿਲਣਾ ਤੇ ਰਾਹ ‘ਚ ਵਿੱਛੜਨਾ, ਰਾਹ ‘ਚ ਰੋਣਾ ਤੇ ਰਾਹ ‘ਚ ਹੱਸਣਾ, ਰਾਹ ਰੋਕਣਾ ਤੇ ਰਾਹ ਦੇਣਾ,ਇਹ ਸਭ ਵੱਖਰੇ ਵਰਤਾਰੇ ਹਨ ਸਾਡੇ ਜੀਵਨ ਪੰਧ ਦੇ। ਕਿਹੜੇ ਰਾਹੇ ਆਇਆ ਏਂ? ਕਿਹੜੇ ਰਾਹੇ ਜਾਣਾ ਏਂ?ਕਿਹੜੇ ਰਾਹੇ ਆਵਾਂ ਤੇ ਕਿਹੜੇ ਰਾਹੇ ਜਾਵਾਂ? ਇਹ ਨਿੱਤ ਦੀਆਂ ਪੁੱਛਾਂ ਦੱਸਾਂ ਸਾਡੇ ਜੀਵਨ ਦਾ ਆਮ ਵਰਤਾਰਾ ਹਨ। ਜੇ ਹੱਸਦੇ ਹੱਸਦੇ ਜਾਈਏ ਤਾਂ ਰਾਹ ਰੌਣਕੀ ਹੋ ਜਾਂਦਾ ਹੈ ਨਹੀਂ ਤਾਂ ਵੀਰਾਨ ਸੜਕ ਗਲ ਨੂੰ ਪੈ ਪੈ ਆਉਂਦੀ ਹੈ। ਮੈਨੂੰ ਆਪਣੇ ਖੇਤ ਨੂੰ ਜਾਂਦਾ ਕੱਚਾ ਰਾਹ ਹਮੇਸ਼ਾ ਪਿਆਰਾ-ਪਿਆਰਾ ਲੱਗਦਾ ਹੈ। ਸਾਣੇ ਪਿੰਡ ਲਾਗਲੇ ਮਹਾਰਾਜੇ ਫਰੀਦਕੋਟੀਏ ਦੇ ਬੀੜ (ਜੰਗਲ) ਨੂੰ ਜਾਂਦਾ ਕੱਚਾ ਵੱਡਾ ਰਾਹ ਹਮੇਸ਼ਾ ਮੇਰੀਆਂ ਲਿਖਤਾਂ ਲਈ ਪ੍ਰੇਰਨਾ ਬਣਿਆ ਹੈ। ਬੜੇ ਸਾਲ ਸਵੇਰ ਦੀ ਸੈਰ ਸਮੇਂ ਕਈ ਲਿਖਤਾਂ ਦੇ ਵਿਸ਼ੈ ਇਸ ਕੱਚੇ ਰਾਹ ਨੇ ਹੀ ਸੁਝਾਏ ਤੇ ਸਮਝਾਏ।
ਬਹੁਤੀ ਵਾਰੀ ਰਾਹ ਲਭਦਿਆਂ ਆਪਣੇ ਆਪ ਨੂੰ ਸੱਚੀਓਂ ਗੁਆਚੇ ਗੁਆਚੇ ਮਹਿਸੂਸ ਕਰੀਦੈ ਤੇ ਸਫਰ ਦਾ ਅਨੰਦ ਕਿਧਰੇ ਖੰਭ ਲਾਕੇ ਉਡ-ਪੁਡ ਜਾਂਦਾ ਹੈ। ਰਾਹ ਲੱਭਣ ‘ਤੇ ਆਉਂਦਾ ‘ਸੁਖ ਦਾ ਸਾਹ’ ਵੀ ਨਿਵੇਕਲੇ ਅਨੁਭਵ ਵਾਲਾ ਹੁੰਦਾ ਹੈ।
ਇੱਕ ਸ਼ਾਮ ਪੰਜਾਬ ਯੂਨੀਵਰਸਿਟੀ ਤੋਂ ਪੰਜਾਬ ਕਲਾ ਭਵਨ ਵੱਲ ਜਾ ਰਿਹਾ ਸਾਂ। ਝਦ ਸਿੱਧੇ ਰਾਹ ਪਿਆ ਤਾਂ ਇੱਕ ਮੋਟਰ ਸਾਈਕਲ ਕੋਲ ਆਣ ਰੁਕਿਆ। ਮਾਂ-ਪੁੱਤ ਜਾਪਦੇ ਸਨ। ਦੋਵਾਂ ਦੋਵਾਂ ਅੱਖਾਂ ਵਗ ਰਹੀਆਂ। ਉਦਾਸ ਚਿਹਰੇ। ਇਕੱਠੇ ਹੀ ਬੋਲੇ, ”ਸੋਲਾਂ ਸੈਕਟਰ ਵਾਲਾ ਹਸਪਤਾਲ…?” ਸਾਹਮਣੇ ਹੱਥ ਕਰ ਕੇ ਆਖ਼ਦਾ ਹਾਂ, ”ਅਹੁ ਦੇਖੋ ਸਾਹਮਣੇ ਵਾਲਾ। ”ਮੁੰਡਾ ਮੋਟਰ ਸਾਈਕਲ ਭਜਾ ਲੈਂਦਾ ਹੈ। ਭਜਦੇ ਮੋਟਰ ਸਾਈਕਲ ਪਿੱਛੇ ਬੈਠੀ ਮਾਂ ਬੋਲੀ, : ‘ਧੰਨਵਾਦ ਪੁੱਤਰ’! ਮੇਰਾ ਸੀਨਾ ਠਰ ਗਿਆ। ਇਹ ਅਨਜਾਣੀ ਮਾਂ, ਪਲ ਕੁ ਭਰ ਲਈ, ਰਾਹ ਪੁੱਛਣ ਨੂੰ, ਰਾਹ ‘ਚ ਮਿਲੀ, ਹਮੇਸ਼ਾ ਸੁਖੀ ਰਹੇ, ਮੇਰੇ ਮਨ ਨੇ ਆਖਿਆ ਤੇ ਮੈਂ ਆਪਣੇ ਰਾਹ ਤੁਰਦਾ ਗਿਆ। ਸਾਹਿਤ ਤੇ ਫਿਲਮਾਂ -ਨਾਟਕਾਂ ਵਿਚ ਮਿਲ ਜਾਂਦਾ ਹੈ, ਖਤਰਨਾਕ ਰਾਹੇ ਪੈਣ ਵਾਲਿਆਂ ਦੇ ਕੀ ਕੀ ਹਸ਼ਰ ਹੋਏ! ਸਿੱਧੇ ਰਾਹੇ ਪੈਣ ਵਾਲਿਆਂ ਦੇ ਰਾਹਾਂ ਵਿਚ ਆਏ ਅਣਗਿਣਤ ਰੋੜੇ, ਰੱਕੜ, ਕੰਡੇ, ਇੱਥੋਂ ਤੱਕ ਕਿ ਪਹਾੜ ਵੀ ਉਹਨਾਂ ਦਾ ਰਾਹ ਨਾ ਡੱਕ ਸਕੇ। ਹੁਣ ਤਾਂ ਭਾਰਤ ਵਿਚ ਵੀ ਰਾਹ ਦੱਸਣ-ਪੁੱਛਣ ਵਾਲੇ ਪੁਰਜੇ ਆ ਚੁੱਕੇ ਹਨ।
ਬਹੁਤੀ ਲੋੜ ਨਹੀਂ ਪੈਂਦੀ ਪੁਛਣ ਦੱਸਣ ਦੀ ਪਰ ਇਹ ਕਿੰਨੇ ਕੁ ਲੋਕਾਂ ਕੋਲ ਹਨ? ਗੱਲ ਤਾਂ ਪੁੱਛਣ ਦੀ ਹੈ? ਸਾਈਕਲ ਸਵਾਰ, ਪੈਦਲ ਸਵਾਰ, ਸਕੂਟਰ ਸਵਾਰ ਜਾਂ ਮਾੜੀ ਕਾਰ ਵਾਲਾ ਤਾਂ ਪੁੱਛੂ-ਦੱਸੂ ਹੀ। ਰਾਹਵਾਂ ਬਾਰੇ ਬੜੇ ਗੀਤ ਬਣੇ ਤੇ ਗਾਏ ਗਏ। ਬਹੁਤ ਰਚਨਾਵਾਂ ਮਿਲ ਜਾਂਦੀਆਂ ਨੇ ਕਵਿਤਾਵਾਂ ਤੇ ਕਹਾਣੀਆਂ ਵੀ ਤੇ ਬਥੇਰੇ ਨਾਵਲਾਂ ਵਿਚ ਰਾਹਵਾਂ ਬਾਬਤ ਵੇਰਵੇ ਮਿਲਦੇ ਨੇ। ਕੁਝ ਗੀਤ ਤਾਂ ਰਾਹਵਾਂ ਬਾਰੇ ਬੜੇ ਹੀ ਪਿਆਰੇ ਹੋਏ, ਕੁਝਨਾਂ ਦੇ ਬੋਲ ਹਨ: ਸੁਰਜੀਤ ਪਾਤਰ ਦੀ ਕਲਮ ਤੋਂ ਹੰਸ ਦਾ ਗਾਇਆ ਬੜਾ ਹੀ ਕਮਾਲ ਦਾ ਨਮੂਨਾ ਹੈ। ਮਨ ਨੂੰ ਧੂਹ ਪਾਉਣ ਵਾਲਾ ਤੇ ਉਦਾਸੀ ਲੱਦੇ ਸਮੁੰਦਰਾਂ ਵਿਚ ਵਹਾਅ ਕੇ ਲੈ ਜਾਣ ਵਾਲਾ ਗੀਤ : ਸੁੰਨੇ ਸੁੰਨੇ ਰਾਹਵਾਂ ਵਿਚ ਕੋਈ ਕੋਈ ਪੈੜ ਏ
ਦਿਲ ਹੀ ਉਦਾਸ ਏ ਬਾਕੀ ਸਭ ਖੈਰ ਏ…
ਕੁਝ ਹੋਰਨਾਂ ਗੀਤਾਂ ਵਿਚ ਵੀ ਰਾਹਾਂ ਦੇ ਵੇਰਵੇ ਇਉਂ ਹਨ: -ਨੀਂ ਰਾਹੇ ਰਾਹੇ ਜਾਣ ਵਾਲੀਏ, -ਸਾਨੂੰ ਕਿਹੜਾ ਰਾਹ ਪੁਛਦੇ, ਰਾਹੇ ਰਾਹੇ ਜਾਂਦੀਏ ਮੁਟਿਆਰੇ ਨੀਂ ਕੰਢਾ ਚੁੱਭਾ ਸਾਡੇ ਪੈਰ ਬਾਂਕੀਏ ਨਾਰੇ ਨੀਂ, ਜਿੰਨਾਂ ਰਾਹਾਂ ਤੋਂ ਦੀ ਤੂੰ ਲੰਘੇਂ। ਸੁਰਿੰਦਰ ਕੌਰ ਦੇ ਗਾਏ ਗੀਤ ਨੇ ਹਮੇਸ਼ਾ ਮੈਨੂੰ ਟੁੰਬਣਾ ਦੇਈ ਰੱਖੀ ਹੈ:
ਜਿੰਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ
ਉਹਨੀਂ ਰਾਹੀਂ ਮੈਨੂੰ ਤੁਰਨਾ ਪਿਆ…
ਬਹੁਤ ਸਾਰੇ ਗਾਇਕਾਂ ਗੀਤਕਾਰਾਂ ਤੇ ਕਵੀਆਂ ਨੇ ਰਾਹਾਂ ਨੂੰ ਆਪਣੇ ਤਖੱਲਸ ਬਣਾਇਆ। ਕੋਈ ‘ਰਾਹੀ’ ਬਣਿਆ ਤੇ ਕੋਈ ‘ਨਵਰਾਹੀ’ ਬਣ ਕੇ ਵੀ ਨਵੇਂ ਰਾਹਾਂ ‘ਤੇ ਤੁਰ ਨਾ ਸਕਿਆ। ਉਸਦੇ ਪੈਰ ਪਿਛਲੇਰੇ ਰਾਹਾਂ ਲਈ ਧੂੰਹਦੇ ਰਹੇ। ਮੈ ਆਪਣੇ ਆਪ ਵਾਸਤੇ ਫੜ ਤਾਂ ਨਹੀਂ ਮਾਰਦਾ ਪਰ ਮੈਂ ਨਵੇਂ ਰਾਹਵਾਂ ‘ਤੇ ਤੁਰਨ ਤੇ ਰਾਹ ਪੁੱਛਣ ਦੱਸਣ ਦਾ ਛੋਟੀ ਉਮਰ ਤੋਂ ਆਦੀ ਰਿਹਾ ਸਾਂ ਤੇ ਹਾਂ। (ਬਾਕੀ ਅਗਲੇ ਹਫਤੇ)

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 13ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …