Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ‘ਚ ਕਰੋਨਾ ਸਬੰਧੀ ਸਾਰੀਆਂ ਪਾਬੰਦੀਆਂ ਖਤਮ

ਕੈਨੇਡਾ ‘ਚ ਕਰੋਨਾ ਸਬੰਧੀ ਸਾਰੀਆਂ ਪਾਬੰਦੀਆਂ ਖਤਮ

ਹੁਣ ਕਰੋਨਾ ਪਾਬੰਦੀਆਂ ਦੀ ਕੋਈ ਜ਼ਰੂਰਤ ਨਹੀਂ : ਜਸਟਿਨ ਟਰੂਡੋ
ਓਟਵਾ/ਬਿਊਰੋ ਨਿਊਜ਼ : ਐਰਾਈਵਕੈਨ ਐਪ ਦੀ ਵਰਤੋਂ ਸਮੇਤ ਕੈਨੇਡਾ ਦੀਆਂ ਕੋਵਿਡ-19 ਟਰੈਵਲ ਪਾਬੰਦੀਆਂ ਪਹਿਲੀ ਅਕਤੂਬਰ ਤੋਂ ਖਤਮ ਕੀਤੀਆਂ ਜਾ ਰਹੀਆਂ ਹਨ। ਫੈਡਰਲ ਮੰਤਰੀਆਂ ਵੱਲੋਂ ਇਨ੍ਹਾਂ ਮਾਪਦੰਡਾਂ ਨੂੰ ਖਤਮ ਕਰਨ ਦੇ ਸਬੰਧ ਵਿੱਚ ਐਲਾਨ ਕੀਤਾ ਗਿਆ। ਇਨ੍ਹਾਂ ਮੰਤਰੀਆਂ ਵੱਲੋਂ ਇਹ ਪੁਸ਼ਟੀ ਵੀ ਕੀਤੀ ਗਈ ਕਿ ਇੱਕ ਵਾਰੀ ਹਟਾਅ ਲਏ ਜਾਣ ਤੋਂ ਬਾਅਦ ਇਨ੍ਹਾਂ ਬਾਰਡਰ ਮਾਪਦੰਡਾਂ ਨੂੰ ਨਵਿਆਇਆ ਨਹੀਂ ਜਾਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਇਸ ਸਮੇਂ ਮਾਹਿਰਾਂ ਵੱਲੋਂ ਕੀਤੀਆਂ ਜਾ ਰਹੀਆਂ ਸਿਫਾਰਿਸ਼ਾਂ ਵਿੱਚ ਇਹ ਸਾਫ ਆਖਿਆ ਜਾ ਰਿਹਾ ਹੈ ਕਿ ਹੁਣ ਬਾਰਡਰ ਮਾਪਦੰਡਾਂ ਦੀ ਹੋਰ ਲੋੜ ਨਹੀਂ ਰਹਿ ਗਈ ਹੈ। ਪਰ ਉਨ੍ਹਾਂ ਆਖਿਆ ਕਿ ਅਸੀਂ ਹਾਲਾਤ ਉੱਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਾਂ ਤੇ ਜਿਵੇਂ ਹਾਲਾਤ ਬਦਲਣਗੇ ਅਸੀਂ ਉਨ੍ਹਾਂ ਮੁਤਾਬਕ ਹੀ ਫੈਸਲਾ ਕਰਾਂਗੇ। ਖਤਮ ਕੀਤੇ ਜਾਣ ਵਾਲੇ ਮਾਪਦੰਡਾਂ ਵਿੱਚ ਬਾਰਡਰ ਵੈਕਸੀਨ ਮਾਪਦੰਡ, ਜਹਾਜ਼ਾਂ ਤੇ ਰੇਲਗੱਡੀਆਂ ਵਿੱਚ ਲਾਜ਼ਮੀ ਮਾਸਕ ਲਾਉਣ ਸਬੰਧੀ ਨਿਯਮ ਤੇ ਇੰਟਰਨੈਸ਼ਨਲ ਟਰੈਵਲਰਜ਼ ਦੇ ਟੈਸਟ ਕਰਵਾਉਣਾ ਤੇ ਉਨ੍ਹਾਂ ਨੂੰ ਕੁਆਰੰਨਟੀਨ ਕਰਨ ਸਬੰਧੀ ਨਿਯਮ ਸ਼ਾਮਲ ਹਨ। ਫੈਡਰਲ ਸਰਕਾਰ ਦਾ ਇਹ ਵੀ ਆਖਣਾ ਹੈ ਕਿ ਮੌਜੂਦਾ ਵੈਕਸੀਨੇਸ਼ਨ ਦਰ ਤੇ ਦੇਸ਼ ਭਰ ਵਿੱਚ ਕੋਵਿਡ ਸਬੰਧੀ ਹਾਲਾਤ ਨੇ ਉਨ੍ਹਾਂ ਨੂੰ ਮਹਾਂਮਾਰੀ ਤੋਂ ਪਹਿਲਾਂ ਵਾਲੇ ਮਾਹੌਲ ਵਿੱਚ ਪਰਤਣ ਦੀ ਖੁੱਲ੍ਹ ਦਿੱਤੀ ਹੈ।
ਸਿਹਤ ਮੰਤਰੀ ਜੀਨ ਯਵੇਸ ਡਕਲਸ ਵੱਲੋਂ ਇਹ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਕਿ ਮਹਾਂਮਾਰੀ ਅਜੇ ਖਤਮ ਨਹੀਂ ਹੋਈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਬਾਹਰੋਂ ਆਉਣ ਵਾਲੇ ਮਾਮਲਿਆਂ ਦੀ ਗਿਣਤੀ ਘਟੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਲੋੜ ਪੈਣ ਉੱਤੇ ਫੈਡਰਲ ਸਰਕਾਰ ਕੁੱਝ ਪਾਬੰਦੀਆਂ ਮੁੜ ਲਾ ਸਕਦੀ ਹੈ। ਇਨ੍ਹਾਂ ਤਬਦੀਲੀਆਂ ਤੋਂ ਇਹ ਭਾਵ ਹੋਵੇਗਾ ਕਿ ਵਿਦੇਸ਼ੀ ਨਾਗਰਿਕਾਂ ਨੂੰ ਹੁਣ ਕੈਨੇਡਾ ਦਾਖਲ ਹੋਣ ਸਮੇਂ ਵੈਕਸੀਨੇਸ਼ਨ ਦਾ ਸਬੂਤ ਨਹੀਂ ਦੇਣਾ ਹੋਵੇਗਾ। ਇਸ ਤੋਂ ਇਹ ਭਾਵ ਵੀ ਹੈ ਕਿ ਕੈਨੇਡਾ ਆਉਣ ਵਾਲੇ ਟਰੈਵਲਰਜ਼ ਨੂੰ ਹੁਣ ਅਚਨਚੇਤੀ ਕੀਤੇ ਜਾਣ ਵਾਲੇ ਕੋਵਿਡ-19 ਟੈਸਟ ਨਹੀਂ ਕਰਵਾਉਣੇ ਹੋਣਗੇ।
ਇਨ੍ਹਾਂ ਹੁਕਮਾਂ ਨਾਲ ਐਰਾਈਵਕੈਨ ਐਪ ਦੀ ਵਰਤੋਂ ਵੀ ਖਤਮ ਕੀਤੀ ਜਾਵੇਗੀ ਤੇ ਜਿਨ੍ਹਾਂ ਕੈਨੇਡੀਅਨਾਂ ਨੇ ਵੈਕਸੀਨੇਸ਼ਨ ਨਹੀਂ ਕਰਵਾਈ ਉਨ੍ਹਾਂ ਨੂੰ ਆਈਸੋਲੇਟ ਕਰਨ ਦੀ ਸ਼ਰਤ ਵੀ ਖਤਮ ਕੀਤੀ ਜਾ ਰਹੀ ਹੈ। ਸਰਕਾਰ ਨੇ ਇਹ ਵੀ ਆਖਿਆ ਹੈ ਕਿ ਜਹਾਜ਼ਾਂ ਤੇ ਰੇਲਗੱਡੀਆਂ ਉੱਤੇ ਸਫਰ ਕਰਨ ਸਮੇਂ ਟਰੈਵਲਰਜ਼ ਚੰਗੀ ਤਰ੍ਹਾਂ ਫਿੱਟ ਹੋਣ ਵਾਲੇ ਮਾਸਕ ਜ਼ਰੂਰ ਪਾ ਕੇ ਰੱਖਣ।
ਇਸ ਦੌਰਾਨ ਨਵੇਂ ਚੁਣੇ ਗਏ ਕੰਸਰਵੇਟਿਵ ਆਗੂ ਪਿਏਰ ਪੌਲੀਏਵਰ ਨੇ ਸੋਮਵਾਰ ਨੂੰ ਇਸ ਐਲਾਨ ਤੋਂ ਬਾਅਦ ਟਵੀਟ ਕਰਕੇ ਆਖਿਆ ਕਿ ਟਰੂਡੋ ਸਰਕਾਰ ਉੱਤੇ ਉਨ੍ਹਾਂ ਦੀ ਪਾਰਟੀ ਤੇ ਕੈਨੇਡੀਅਨਜ਼ ਵੱਲੋਂ ਪਾਏ ਗਏ ਦਬਾਅ ਕਾਰਨ ਹੀ ਸਰਕਾਰ ਨੂੰ ਇਹ ਫੈਸਲਾ ਲੈਣਾ ਪਿਆ।
ਵੈਕਸੀਨ ਸਬੰਧੀ ਨਿਯਮਾਂ ਨੂੰ ਖਤਮ ਕਰਨ ਦੇ ਪੱਖ ਵਿੱਚ ਹਨ ਪ੍ਰਧਾਨ ਮੰਤਰੀ
ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡੀਅਨ ਸਰਹੱਦ ਉੱਤੇ ਕੋਵਿਡ-19 ਸਬੰਧੀ ਲਾਜ਼ਮੀ ਵੈਕਸੀਨੇਸ਼ਨ ਨਿਯਮਾਂ ਨੂੰ 30 ਸਤੰਬਰ ਤੋਂ ਖਤਮ ਕਰਨ ਦੇ ਹੱਕ ਵਿੱਚ ਹਨ। ਇਸ ਸਬੰਧੀ ਜਾਣਕਾਰੀ ਦੋ ਸੀਨੀਅਰ ਸਰਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ। ਆਪਣਾ ਨਾਂ ਗੁਪਤ ਰੱਖਣ ਦੀ ਸਰਤ ਉੱਤੇ ਇਨ੍ਹਾਂ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਫੈਡਰਲ ਸਰਕਾਰ ਅਜੇ ਵੀ ਇਹ ਤੈਅ ਨਹੀਂ ਕਰ ਪਾਈ ਹੈ ਕਿ ਰੇਲਗੱਡੀਆਂ ਤੇ ਜਹਾਜ਼ਾਂ ਵਿੱਚ ਯਾਤਰੀਆਂ ਨੂੰ ਫੇਸ ਮਾਸਕ ਪਾ ਕੇ ਰੱਖਣੇ ਹੋਣਗੇ ਜਾਂ ਨਹੀਂ। ਸਰਦੀ ਜੁਕਾਮ ਤੇ ਫਲੂ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ ਨਾਲ ਕੋਵਿਡ-19 ਦੀ ਇੱਕ ਹੋਰ ਲਹਿਰ ਦੇ ਖਦਸੇ ਕਾਰਨ ਪਿੱਛੇ ਜਿਹੇ ਮੰਤਰੀਆਂ ਵੱਲੋਂ ਮਾਸਕ ਦੀ ਵਰਤੋਂ ਜਾਰੀ ਰੱਖਣ ਦੀ ਪੈਰਵੀ ਕੀਤੀ ਗਈ ਸੀ। ਕੈਬਨਿਟ ਦੀ ਮੀਟਿੰਗ ਹੋਈ ਪਰ ਮੌਜੂਦਾ ਪਬਲਿਕ ਹੈਲਥ ਆਰਡਰ ਨੂੰ ਖਤਮ ਕਰਨ ਲਈ ਕੈਬਨਿਟ ਦੀ ਮਨਜੂਰੀ ਦੀ ਲੋੜ ਨਹੀਂ ਹੈ। ਇਸ ਸਬੰਧ ਵਿੱਚ ਸਿਰਫ ਟਰੂਡੋ ਵੱਲੋਂ ਆਖਰੀ ਫੈਸਲਾ ਕੀਤਾ ਜਾਣਾ ਹੈ। ਇਹ ਕਨਸੋਆਂ ਵੀ ਹਨ ਕਿ ਫੈਡਰਲ ਸਰਕਾਰ ਏਅਰਪੋਰਟਸ ਉੱਤੇ ਵੈਕਸੀਨ ਤੇ ਕੋਵਿਡ-19 ਦੀ ਅਚਨਚੇਤੀ ਜਾਂਚ ਸਬੰਧੀ ਨਿਯਮ ਨੂੰ ਖਤਮ ਕਰਨ ਦਾ ਮਨ ਬਣਾ ਰਹੀ ਹੈ। ਇਸ ਹਫਤੇ ਫੈਡਰਲ ਕੈਬਨਿਟ ਮੰਤਰੀਆਂ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਸਰਕਾਰ ਇਸ ਬਾਰੇ ਸੋਚ ਵਿਚਾਰ ਕਰ ਰਹੀ ਹੈ ਕਿ ਟਰੈਵਲ ਸਬੰਧੀ ਮਾਪਦੰਡ ਜਾਰੀ ਰੱਖੇ ਜਾਣ ਜਾਂ ਖਤਮ ਕਰ ਲਏ ਜਾਣ। ਇਸ ਤੋਂ ਇਲਾਵਾ ਐਰਾਈਵਕੈਨ ਐਪ ਉੱਤੇ ਜਾਣਕਾਰੀ ਭਰਨਾ ਵੀ ਹੁਣ ਲਾਜ਼ਮੀ ਨਹੀਂ ਹੋਵੇਗਾ ਤੇ ਟਰੈਵਲਰਜ਼ ਲਈ ਇਹ ਚੋਣਵਾਂ ਵਿਸ਼ਾ ਹੋਵੇਗਾ। ਇਸ ਦੀ ਪੁਸ਼ਟੀ ਵੀ ਸਰਕਾਰੀ ਸੂਤਰ ਵੱਲੋਂ ਕੀਤੀ ਗਈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …