ਓਟਵਾ/ਬਿਊਰੋ ਨਿਊਜ਼ : ਲੰਘੇ ਮਹੀਨੇ ਰੂਸ ਦੇ ਵਿਰੋਧੀ ਧਿਰ ਦੇ ਆਗੂ ਐਲੈਕਸੇਈ ਨੇਵਾਲਨੀ ਦੀ ਹੋਈ ਮੌਤ ਦੇ ਸਬੰਧ ਵਿੱਚ ਕੈਨੇਡਾ ਵੱਲੋਂ ਰੂਸੀ ਸਰਕਾਰ ਉੱਤੇ ਹੋਰ ਪਾਬੰਦੀਆਂ ਲਗਾਈਆਂ ਗਈਆਂ ਹਨ। ਇਹ ਐਲਾਨ ਕੈਨੇਡਾ ਦੀ ਵਿਦੇਸ ਮੰਤਰੀ ਮਿਲੇਨੀ ਜੋਲੀ ਵੱਲੋਂ ਕੀਤਾ ਗਿਆ। ਉਨ੍ਹਾਂ ਆਖਿਆ ਕਿ ਰੂਸ ਵੱਲੋਂ ਮਨੁੱਖੀ ਅਧਿਕਾਰਾਂ ਦੀ ਸਿਲਸਿਲੇਵਾਰ ਕੀਤੀ ਜਾ ਰਹੀ ਉਲੰਘਣਾਂ ਕਾਰਨ ਹੀ ਕੈਨੇਡਾ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।ਐਤਵਾਰ ਸਵੇਰੇ ਜਾਰੀ ਕੀਤੇ ਗਏ ਬਿਆਨ ਵਿੱਚ ਜੋਲੀ ਨੇ ਇਨ੍ਹਾਂ ਪਾਬੰਦੀਆਂ ਦਾ ਐਲਾਨ ਕੀਤਾ। ਪ੍ਰੌਸੀਕਿਊਸਨ, ਜਿਊਡੀਸੀਅਲ ਤੇ ਕੋਰੈਕਸਨਲ ਸਰਵਿਸਿਜ ਨਾਲ ਜੁੜੇ ਰੂਸ ਦੇ ਛੇ ਸੀਨੀਅਰ ਅਧਿਕਾਰੀਆਂ ਤੇ ਆਲ੍ਹਾ ਦਰਜੇ ਦੇ ਮੁਲਾਜ਼ਮਾਂ ਉੱਤੇ ਇਹ ਪਾਬੰਦੀਆਂ ਲਾਈਆਂ ਗਈਆਂ ਹਨ। ਬਿਆਨ ਵਿੱਚ ਆਖਿਆ ਗਿਆ ਕਿ ਇਨ੍ਹਾਂ ਅਧਿਕਾਰੀਆਂ ਵੱਲੋਂ ਨੇਵਾਲਨੀ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਕੀਤੀ ਗਈ, ਉਸ ਨੂੰ ਬੇਰਹਿਮ ਸਜ਼ਾ ਦਿੱਤੀ ਗਈ ਤੇ ਅੰਤ ਵਿੱਚ ਉਸ ਦੀ ਮੌਤ ਹੋ ਗਈ। 47 ਸਾਲਾ ਨੇਵਾਲਨੀ ਨੂੰ ਰੂਸ ਦੇ ਰਾਸਟਰਪਤੀ ਵਲਾਦੀਮੀਰ ਪੁਤਿਨ ਦਾ ਸਭ ਤੋਂ ਵੱਡਾ ਸਿਆਸੀ ਵਿਰੋਧੀ ਮੰਨਿਆਂ ਜਾਂਦਾ ਸੀ। ਪਿਛਲੇ ਮਹੀਨੇ ਯੂਕਰੇਨ ਦੇ ਕੀਤੇ ਗਏ ਦੌਰੇ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੁਤਿਨ ਉੱਤੇ ਨੇਵਾਲਨੀ ਦੀ ਜਾਨ ਲੈਣ ਦਾ ਦੋਸ਼ ਲਾਇਆ। ਜਿਕਰਯੋਗ ਹੈ ਕਿ ਆਰਕਟਿਕ ਪੀਨਲ ਕੌਲਨੀ ਵਿੱਚ ਨੇਵਾਲਨੀ 19 ਸਾਲਾਂ ਦੀ ਸਜਾ ਕੱਟ ਰਿਹਾ ਸੀ ਕਿ ਇੱਕ ਮਹੀਨੇ ਪਹਿਲਾਂ ਅਚਨਚੇਤਿਆਂ ਹੀ ਉਸ ਦੀ ਮੌਤ ਹੋ ਗਈ।
ਕ੍ਰੈਮਲਿਨ ਵੱਲੋਂ ਇਨ੍ਹਾਂ ਦੋਸਾਂ ਤੋਂ ਇਨਕਾਰ ਕੀਤਾ ਗਿਆ ਹੈ ਕਿ ਨੇਵਾਲਨੀ ਦੀ ਮੌਤ ਵਿੱਚ ਪੁਤਿਨ ਦਾ ਕਿਸੇ ਤਰ੍ਹਾਂ ਦਾ ਹੱਥ ਹੈ। ਜੋਲੀ ਨੇ ਆਖਿਆ ਕਿ ਨੇਵਾਲਨੀ ਦੀ ਮੌਤ ਦੀ ਰੂਸ ਨੂੰ ਪੂਰੀ ਤਰ੍ਹਾਂ ਪਾਰਦਰਸੀ ਜਾਂਚ ਕਰਵਾਉਣੀ ਚਾਹੀਦੀ ਹੈ।