ਬਰੈਂਪਟਨ : ਬਰੈਂਪਟਨ ਵਿੱਚ ਇੱਕ ਘਰ ਨੂੰ ਲੱਗੀ ਅੱਗ ਉੱਤੇ ਕਾਬੂ ਪਾਊਣ ਲਈ ਫਾਇਰ ਫਾਈਟਰਜ਼ ਨੂੰ ਕਾਫੀ ਮਸ਼ੱਕਤ ਕਰਨੀ ਪਈ। ਵੀਰਵਾਰ ਨੂੰ ਤੜ੍ਹਕੇ 2: 00 ਵਜੇ ਤੋਂ ਬਾਅਦ ਸੈਂਡਲਵੁੱਡ ਪਾਰਕਵੇਅ ਦੇ ਉੱਤਰ ਵੱਲ ਕੈਨੇਡੀ ਰੋਡ ਤੇ ਕੰਸਰਵੇਸ਼ਨ ਡਰਾਈਵ ਇਲਾਕੇ ਵਿੱਚ ਸਥਿਤ ਇੱਕ ਘਰ ਵਿੱਚ ਫਾਇਰ ਅਮਲੇ ਨੂੰ ਸੱਦਿਆ ਗਿਆ। ਬਰੈਂਪਟਨ ਫਾਇਰ ਚੀਫ ਬਿੱਲ ਬੁਆਏਂ ਨੇ ਆਖਿਆ ਕਿ ਮੌਕੇ ਉੱਤੇ ਪਹੁੰਚਣ ਉੱਤੇ ਅਮਲੇ ਨੂੰ ਅੱਗ ਦੀਆਂ ਤੇਜ਼ ਲਪਟਾਂ ਘਰ ਤੋਂ ਨਿਕਲਦੀਆਂ ਨਜ਼ਰੀਂ ਆਈਆਂ ਤੇ ਚਾਰੇ ਪਾਸੇ ਧੂੰਆਂ ਹੀ ਧੂੰਆਂ ਨਜ਼ਰੀਂ ਪਿਆ। ਇਹ ਵੀ ਦੱਸਿਆ ਗਿਆ ਕਿ ਜਿਸ ਸਮੇਂ ਅੱਗ ਲੱਗੀ ਤਾਂ ਘਰ ਵਿੱਚ ਕਈ ਲੋਕ ਮੌਜੂਦ ਸਨ ਪਰ ਅਮਲੇ ਦੇ ਪਹੁੰਚਣ ਤੋਂ ਪਹਿਲਾਂ ਹੀ ਘਰ ਖਾਲੀ ਕਰਵਾ ਲਿਆ ਗਿਆ। ਅੱਗ ਐਨੀ ਜ਼ਬਰਦਸਤ ਸੀ ਕਿ ਘਰ ਦਾ ਬਹੁਤਾ ਹਿੱਸਾ ਤਬਾਹ ਹੋ ਗਿਆ ਤੇ ਇੱਕ ਪਾਸੇ ਦੀ ਛੱਤ ਗੈਰਾਜ ਉੱਤੇ ਜਾ ਡਿੱਗੀ ਪ੍ਰੰਤੂ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ।