ਅਮਰੀਕਾ ‘ਚ ਜੌਹਨਸਨ ਐਂਡ ਜੌਹਨਸਨ ‘ਤੇ ਲੱਗ ਚੁੱਕੀ ਹੈ ਰੋਕ
ਓਟਵਾ/ਬਿਊਰੋ ਨਿਊਜ਼
ਕੈਨੇਡਾ ਵਾਸੀਆਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਜੌਹਨਸਨ ਐਂਡ ਜੌਹਨਸਨ ਵੈਕਸੀਨ ਖਰੀਦਣ ਦਾ ਫੈਸਲਾ ਕੀਤਾ ਹੈ। ਹੈਲਥ ਕੈਨੇਡਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜੌਹਨਸਨ ਐਂਡ ਜੌਹਨਸਨ ਵੈਕਸੀਨ ਕੈਨੇਡੀਅਨ ਲਈ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਸੇਫ ਹੈ। ਫੈਡਰਲ ਪ੍ਰੋਕਿਓਰਮੈਂਟ ਮੰਤਰੀ ਦਾ ਕਹਿਣਾ ਹੈ ਕਿ ਸਰਕਾਰ ਕਈ ਮਿਲੀਅਨ ਜੌਹਨਸਨ ਐਂਡ ਜੌਹਨਸਨ ਡੋਜਾਂ ਹਾਸਲ ਕਰਨ ਲਈ ਪੂਰੀ ਤਿਆਰ ਹੈ ਜਿਹੜੀਆਂ ਉਸ ਨੇ ਖਰੀਦੀਆਂ ਹਨ।
ਦੂਜੇ ਪਾਸੇ ਜਦੋਂ ਹਾਊਸ ਆਫ ਕਾਮਨਜ ਕਮੇਟੀ ਵਿੱਚ ਜਦੋਂ ਇਹ ਪੁੱਛਿਆ ਗਿਆ ਕਿ ਟੀਕਾਕਰਣ ਤੋਂ ਬਾਅਦ ਬਲੱਡ ਕਲੌਟਸ ਦੇ ਰਿਸਕ ਨੂੰ ਵੇਖਦਿਆਂ ਹੋਇਆਂ ਕੀ ਸਪਲਾਇਅਰ ਕੋਲੋਂ ਕੰਟਰੈਕਟ ਰੱਦ ਕਰ ਦੇਣਾ ਚਾਹੀਦਾ ਹੈ ਤਾਂ ਮੰਤਰੀ ਅਨੀਤਾ ਆਨੰਦ ਨੇ ਆਖਿਆ ਕਿ ਸਰਕਾਰ ਰੈਗੂਲੇਟਰੀ ਬੌਡੀ ਦੀ ਸਲਾਹ ਹੀ ਮੰਨ ਰਹੀ ਹੈ। ਉਨ੍ਹਾਂ ਆਖਿਆ ਕਿ ਹੈਲਥ ਕੈਨੇਡਾ ਦਾ ਮੰਨਣਾ ਹੈ ਕਿ ਜੇ ਐਂਡ ਜੇ, ਐਸਟ੍ਰਾਜੈਨੇਕਾ, ਫਾਈਜਰ ਤੇ ਮੌਡਰਨਾ ਸੇਫ ਤੇ ਸੁਰੱਖਿਅਤ ਹਨ। ਨਤੀਜੇ ਵਜੋਂ ਅਸੀਂ ਇਨ੍ਹਾਂ ਵੈਕਸੀਨਜ ਦੀ ਖਰੀਦ ਜਾਰੀ ਰੱਖਾਂਗੇ।
ਜ਼ਿਕਰਯੋਗ ਹੈ ਕਿ ਜੌਹਨਸਨ ਐਂਡ ਜੌਹਨਸਨ ਵੈਕਸੀਨ ਨੂੰ 5 ਮਾਰਚ ਤੋਂ ਕੈਨੇਡਾ ਵਿੱਚ ਵਰਤੋਂ ਲਈ ਮਨਜੂਰੀ ਦਿੱਤੀ ਗਈ ਸੀ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਸਰਕਾਰ ਅਜੇ ਵੀ ਇਸ ਵੈਕਸੀਨ ਦੀ ਪਹਿਲੀ ਖੇਪ ਦਾ ਇੰਤਜਾਰ ਕਰ ਰਹੀ ਹੈ।
ਹੈਲਥ ਕੈਨੇਡਾ ਨੇ ਆਖਿਆ ਕਿ ਅਮਰੀਕਾ ਵਿੱਚ ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਤੇ ਸੈਂਟਰਜ ਫੌਰ ਡਜੀਜ ਕੰਟਰੋਲ ਐਂਡ ਪ੍ਰਿਵੈਨਸ਼ਨ ਵੱਲੋਂ ਇਸ ਵੈਕਸੀਨ ਦੀ ਵਰਤੋਂ ਉੱਤੇ ਰੋਕ ਲਾ ਦਿੱਤੇ ਜਾਣ ਦੀ ਕਾਰਵਾਈ ਉੱਤੇ ਵੀ ਉਹ ਨਜਰ ਰੱਖ ਰਹੇ ਹਨ। ਇਸ ਵੈਕਸੀਨ ਦੇ ਟੀਕਾਕਰਣ ਤੋਂ ਬਾਅਦ ਬਲੱਡ ਕਲੌਟਸ ਬਣਨ ਦੀ ਗੱਲ ਸਾਹਮਣੇ ਆਉਣ ਮਗਰੋਂ ਰੈਗੂਲੇਟਰਜ ਇਸ ਦਾ ਮੁਲਾਂਕਣ ਕਰ ਰਹੇ ਹਨ।