ਸਿੱਧੂ ਮੂਸੇਵਾਲਾ
ਚੜ੍ਹੀ ਹਨੇਰੀ ਤੇ ਸਭ ਕੁਝ ਲੁੱਟ ਲੈ ਗਈ,
ਖਿੜ੍ਹੇ ਹੋਏ ਫ਼ੁੱਲ ਨੂੰ ਜੜੋਂ ਹੀ ਪੁੱਟ ਲੈ ਗਈ।
ਕੋਈ ਆਖਦਾ ਗੈਗ਼ਸਟਰਾਂ ਦੀ ਫੁੱਟ ਲੈ ਗਈ,
ਜਾਂ ਸਿਆਸਤ ਖੋਹ ਕੇ ਜੁੱਟਾਂ ਤੋਂ ਜੁੱਟ ਲੈ ਗਈ ।
ਪੰਜਾਬ ਦੀ ਧਰਤ ਤੇ ਪੰਜਾਬ ਦਾ ਲਹੂ ਡੁੱਲਾ,
Bollywood ਦਾ ਵੀ ਅੱਥਰੂ ਵਹਿ ਰਿਹਾ ਹੈ।
ਦੀਵੇ ਬਾਲ ਕੇ ਕਰ ਰਹੇ ਯਾਦ ਲੋਕੀਂ,
ਪਰ ਕੌਣ ਭਰੇਗਾ, ਘਾਟਾ ਜੋ ਪੈ ਰਿਹਾ ਹੈ।
ਕਿਸੇ ਮਸਲੇ ਦਾ ਹੱਲ ਨਾ ਹੋਏ ਅਸਲਾ,
ਪੱਥਰ ਹੋ ਕੇ ਮਾਪੇ ਚਿਣੀ ਜਾਣ ਲਾਸ਼ਾਂ।
ਇਕ ਜਾਏ ਤੇ ਦੂਜੀ ਸਰਕਾਰ ਆਏ,
ਬੇਬੱਸ ਲੋਕੀਂ ਫੇਰ ਵੀ ਗਿਣੀ ਜਾਣ ਲਾਸ਼ਾਂ।
ਜੋਬਨ ਰੁੱਤੇ ਜਿਸ ਮਾਂ ਦਾ ਪੁੱਤ ਤੁਰਦਾ,
ਆਪ ਮੁੱਕੂ ਪਰ ਗ਼ਮ ਨਹੀਂ ਮੁੱਕ ਸਕਦਾ।
ਜਿਸ ਮੋਢੇ ਨੇ ਵਿਖਾਏ ਹੋਣ ਜੱਗ ਮੇਲੇ,
ਮੋਢਾ ਉਹ ਪੁੱਤ ਦੀ ਅਰਥੀ ਨਹੀਂ ਚੁੱਕ ਸਕਦਾ ।
ਚੰਗਾ ਹੁੰਦਾ ਨਾ ਕਿਸੇ ਨੂੰ ਵੀ ਦੁੱਖ ਦੇਣਾ,
ਬੇਗਾਨਿਆਂ ਦੀ ਮੌਤ ਤੇ ਕਦੇ ਵੀ ਹੱਸਏ ਨਾ।
‘ਗਿੱਲ ਬਲਵਿੰਦਰਾ’ ਜੇ ਭਲਾ ਨਹੀਂ ਕਰ ਸਕਦੇ,
ਇਨਸਾਨ ਹੋ ਕੇ ਇਨਸਾਨਾਂ ਨੂੰ ਡੱਸੀਏ ਨਾ।
ਗਿੱਲ ਬਲਵਿੰਦਰ
CANADA +1.416.558.5530 ([email protected] )