Breaking News
Home / ਰੈਗੂਲਰ ਕਾਲਮ / ਅਕਾਲੀ ਦਲ ਮੁੜਨ ਲੱਗਾ ਪੰਥਕ ਏਜੰਡੇ ਵੱਲ

ਅਕਾਲੀ ਦਲ ਮੁੜਨ ਲੱਗਾ ਪੰਥਕ ਏਜੰਡੇ ਵੱਲ

‘ਪੰਥਕ ਪਾਰਟੀ’ ਤੋਂ ‘ਪੰਜਾਬੀ ਪਾਰਟੀ’ ਬਣ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਆਪਣਾ ‘ਪੰਥਕ ਏਜੰਡਿਆਂ ਦਾ ਸੁਦਰਸ਼ਨ ਚੱਕਰ’ ਮੁੜ ਕੱਢ ਲਿਆ ਹੈ। ਪੰਜਾਬ ਵਿਧਾਨ ਸਭਾ-2017 ਦੀ ਖੇਡ ਨੂੰ ਹਰ ਹੀਲੇ ਆਪਣੇ ਹੱਕ ਵਿਚ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਕੁਝ ਵੀ ਕਰਨ ਨੂੰ ਤਿਆਰ ਹੈ। ਪਿਛਲੇ ਦਿਨਾਂ ਤੋਂ ਪੰਜਾਬ ਵਿਚ ‘ਆਮ ਆਦਮੀ ਪਾਰਟੀ’ (ਆਪ) ਦੇ ਵੱਧ ਰਹੇ ਪ੍ਰਭਾਵ ਤੇ ਲੋਕਾਂ ‘ਤੇ ਚੜ੍ਹ ਰਹੇ ‘ਆਪ’ ਦੇ ਰੰਗ ਨੂੰ ਦੇਖ ਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਪੰਥਕ ਏਜੰਡੇ ਸਾਹਮਣੇ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਇਸੇ ਤਹਿਤ ਹੀ ਪਿਛਲੇ ਦਿਨੀਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਦੂਜੀ ਵਾਰ ਪੈਰੋਲ ‘ਤੇ ਰਿਹਾਅ ਕਰ ਦਿੱਤਾ ਹੈ। ਆਉਂਦੇ ਦਿਨੀਂ ਹੋਰ ਵੀ ਕਈ ਸਿੱਖ ਕੈਦੀ, ਜਿਹੜੇ ਕਿ ਉਮਰ ਕੈਦ ਤੋਂ ਵੀ ਵੱਧ ਸਜ਼ਾਵਾਂ ਭੁਗਤਣ ਦੇ ਬਾਵਜੂਦ ਜੇਲ੍ਹਾਂ ਵਿਚ ਨਜ਼ਰਬੰਦ ਹਨ, ਉਨ੍ਹਾਂ ਨੂੰ ਵੀ ਪੈਰੋਲ ਜਾਂ ਪੱਕੀ ਰਿਹਾਈ ਦੇ ਕੇ ਛੱਡਿਆ ਜਾ ਸਕਦਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਜਨਵਰੀ ਮਹੀਨੇ ਤੋਂ ਬਾਪੂ ਸੂਰਤ ਸਿੰਘ ਖ਼ਾਲਸਾ ਲੁਧਿਆਣਾ ਵਿਚ ਬੰਦੀ ਸਿੱਖ ਕੈਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਹਨ। ਪੰਜਾਬ ਪੁਲਿਸ ਕਈ ਵਾਰ ਉਨ੍ਹਾਂ ਨੂੰ ਘਰੋਂ ਚੁੱਕ ਕੇ ਹਸਪਤਾਲ ਲਿਜਾ ਕੇ ਭੁੱਖ ਹੜਤਾਲ ਤੁੜਵਾ ਚੁੱਕੀ ਹੈ ਅਤੇ ਉਹ ਮੁੜ ਘਰ ਜਾ ਕੇ ਭੁੱਖ ਹੜਤਾਲ ਸ਼ੁਰੂ ਕਰ ਲੈਂਦੇ ਹਨ। ਬੰਦੀ ਸਿੱਖ ਕੈਦੀਆਂ ਦੇ ਮੁੱਦੇ ‘ਤੇ ਅਕਾਲੀ ਸਰਕਾਰ ਸਿੱਖਾਂ ਦੀ ਭਾਰੀ ਨਾਰਾਜ਼ਗੀ ਝੱਲ ਰਹੀ ਹੈ। ਪਰ ਜੇਕਰ ਆਉਂਦੇ ਦਿਨੀਂ ਥੋਕ ‘ਚ ਬੰਦੀ ਸਿੱਖ ਕੈਦੀ ਪੈਰੋਲ ‘ਤੇ ਜਾਂ ਸਜ਼ਾ ਪੂਰੀ ਕਰ ਚੁੱਕੇ ਹੋਣ ਕਾਰਨ ਰਿਹਾਅ ਹੁੰਦੇ ਹਨ ਤਾਂ ਬਾਪੂ ਸੂਰਤ ਸਿੰਘ ਖ਼ਾਲਸਾ ਦੇ ਸੰਘਰਸ਼ ਦੀ ਜਿੱਥੇ ਜਿੱਤ ਹੋਵੇਗੀ, ਉਥੇ ਅਕਾਲੀ ਦਲ ਨੂੰ ਸਿੱਖਾਂ ਦੀਆਂ ਵੋਟਾਂ ਹਾਸਲ ਕਰਨ ਵਿਚ ਵੀ ਸਫ਼ਲਤਾ ਮਿਲੇਗੀ।
ਸਿਆਸੀ ਹਲਕਿਆਂ ਦੀਆਂ ਚਰਚਾਵਾਂ ਮੰਨੀਏ ਤਾਂ ਬਾਜ਼ੀ ਆਪਣੇ ਹੱਥੋਂ ਜਾਂਦੀ ਦੇਖਦਿਆਂ ਅਕਾਲੀ ਦਲ ਹੁਣ ਖੁੱਲ੍ਹ ਕੇ ‘ਪੰਥਕ ਏਜੰਡਾ’ ਅਪਨਾਉਣ ਲਈ ਤਿਆਰੀ ਕਰੀ ਬੈਠਾ ਹੈ। ਪਿਛਲੇ ਸਾਲ ਬਰਗਾੜੀ ‘ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਡੇਰਾ ਸਿਰਸਾ ਨੂੰ ਮੁਆਫ਼ ਕਰਨ ਤੋਂ ਬਾਅਦ ਤਖ਼ਤਾਂ ਦੇ ਜਥੇਦਾਰਾਂ ਅਤੇ ਅਕਾਲੀ ਲੀਡਰਸ਼ਿਪ ਪ੍ਰਤੀ ਸਿੱਖ ਕੌਮ ਵਿਚ ਪੈਦਾ ਹੋਏ ਅੰਤਾਂ ਦੇ ਰੋਹ ਅਤੇ ਗੁੱਸੇ ਨੂੰ ਖ਼ਤਮ ਕਰਨ ਲਈ ਵੀ ਅਕਾਲੀ ਲੀਡਰਸ਼ਿਪ ਇਕ ਵਿਸ਼ੇਸ਼ ਮਿਸ਼ਨ ‘ਤੇ ਕੰਮ ਕਰ ਰਹੀ ਹੈ।
ਦੱਸਿਆ ਜਾਂਦਾ ਹੈ ਕਿ ‘ਆਪ’ ਨੂੰ ਪੰਜਾਬ ਦੀ ਸੱਤਾ ‘ਤੇ ਬਿਰਾਜ਼ਮਾਨ ਹੋਣ ਤੋਂ ਰੋਕਣ ਲਈ ‘ਸਰਬੱਤ ਖ਼ਾਲਸਾ’ ਦੇ ਥਾਪੇ ਜਥੇਦਾਰਾਂ ਨੂੰ ਮਾਨਤਾ ਦੇਣ ਦੀ ਵੀ ਲੋੜ ਪਈ ਤਾਂ ਅਕਾਲੀ ਲੀਡਰਸ਼ਿਪ ਇਸ ਤੋਂ ਕੰਨੀ ਨਹੀਂ ਖਿਸਕਾਵੇਗੀ। ਸੂਤਰਾਂ ਮੁਤਾਬਕ 6 ਜੂਨ ਦੇ ਘੱਲੂਘਾਰਾ ਦਿਵਸ ਮਨਾਉਣ ਤੋਂ ਪਹਿਲਾਂ ‘ਸਰਬੱਤ ਖ਼ਾਲਸਾ’ ਧਿਰਾਂ ਦੀ ਇਕ ਮੀਟਿੰਗ ਪਿੰਡ ਬਾਦਲ ਵਿਚ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨਾਲ ਹੋਈ ਸੀ। ਭਾਵੇਂਕਿ ਇਸ ਮੀਟਿੰਗ ਦਾ ਏਜੰਡਾ ‘ਸਰਬੱਤ ਖ਼ਾਲਸਾ’ ਦੇ ਜਥੇਦਾਰਾਂ ਨੂੰ ਛੇ ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ‘ਘੱਲੂਘਾਰਾ ਦਿਵਸ’ ਮਨਾਉਣ ਲਈ ਜਾਣ ਤੋਂ ਨਾ ਰੋਕਣ ਬਾਰੇ ਗੱਲਬਾਤ ਕਰਨਾ ਸੀ ਪਰ ਇਸ ਮੀਟਿੰਗ ਵਿਚ ਕਈ ਅਜਿਹੀਆਂ ਅਣਕਹੀਆਂ ਗੱਲਾਂ ਵੀ ਹੋਈਆਂ ਦੱਸੀਆਂ ਜਾਂਦੀਆਂ ਹਨ, ਜਿਹੜੀਆਂ ਕਿ ਆਉਂਦੇ ਮਹੀਨਿਆਂ ਦੌਰਾਨ 2017 ਦੀਆਂ ਪੰਜਾਬ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਮੁੜ ਪੰਥਕ ਰੰਗ ਵਿਚ ਰੰਗਣ ਲਈ ਇਕ ਏਜੰਡੇ ਦਾ ਕੰਮ ਕਰਨਗੀਆਂ। 21 ਜੂਨ ਨੂੰ ‘ਸਰਬੱਤ ਖ਼ਾਲਸਾ’ ਦੇ ਜਥੇਦਾਰਾਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਜਾ ਕੇ ਮੀਟਿੰਗ ਕਰਨਾ, ਸ਼੍ਰੋਮਣੀ ਕਮੇਟੀ ਦੀ ਟਾਸਕ ਫ਼ੋਰਸ ਵਲੋਂ ਇਨ੍ਹਾਂ ਜਥੇਦਾਰਾਂ ਨੂੰ ਵਿਸ਼ੇਸ਼ ਲਾਂਘੇ ਰਾਹੀਂ ਵੀ.ਆਈ.ਪੀ. ਟਰੀਟਮੈਂਟ ਦੇ ਕੇ ਸ੍ਰੀ ਦਰਬਾਰ ਸਾਹਿਬ ਮੱਥਾ ਟਿਕਵਾਉਣਾ ਅਤੇ ਪੱਤਰਕਾਰਾਂ ਨੂੰ ਇਸ ਦੌਰਾਨ ਫ਼ੋਟੋਆਂ ਖਿੱਚਣ ਤੋਂ ਰੋਕਣਾ ਅਤੇ ਸਰਬੱਤ ਖ਼ਾਲਸਾ ਦੇ ਜਥੇਦਾਰਾਂ ਵਲੋਂ ਸੁਖਬੀਰ ਬਾਦਲ ਨੂੰ ਬੇਅਦਬੀ ਮਾਮਲਿਆਂ ‘ਤੇ ਗ੍ਰਹਿ ਵਿਭਾਗ ਦੀ ਰਿਪੋਰਟ ਲੈ ਕੇ 20 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਾਜ਼ਰ ਹੋਣ ਲਈ ਫ਼ਰਮਾਨ ਕਰਨਾ ਅਤੇ 20 ਜੁਲਾਈ ਨੂੰ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਮੀਟਿੰਗ ਕਰਕੇ ਸੁਖਬੀਰ ਨੂੰ 20 ਅਗਸਤ ਤੱਕ ਜਵਾਬ ਦੇਣ ਲਈ ਹੋਰ ਸਮਾਂ ਦੇਣਾ, ਆਦਿ ਕੁਝ ਇਸ ਤਰ੍ਹਾਂ ਦਾ ਹੀ ਇਸ਼ਾਰਾ ਕਰਦਾ ਹੈ ਕਿ ਅਕਾਲੀ ਲੀਡਰਸ਼ਿਪ ‘ਪੰਥਕ ਮੁੱਦਿਆਂ’ ਵੱਲ ਮੁੜਨ ਲਈ ਜ਼ਮੀਨ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੋਵੇ।

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …