ਸੀਨੇ ਕਿੰਨੇ ਗ਼ਮ ਛੁਪਾਏ ਲੋਕਾਂ ਨੇ।
ਇੱਕ ਦੂਜੇ ਤੇ ਡੰਗ ਚਲਾਏ ਲੋਕਾਂ ਨੇ।
ਦੁੱਖਾਂ ਦੇ ਪਹਾੜ ਸਿਰਾਂ ਤੇ ਚੁੱਕੇ ਨੇ,
ਬਹੁਤੇ ਦਿੱਤੇ ਹੋਏ ਪ੍ਰਾਏ ਲੋਕਾਂ ਨੇ।
ਕੁੱਝ ਨਾ ਪੱਲੇ ਛੱਡਿਆ ਵਹਿਮਾਂ ਭਰਮਾਂ ਨੇ,
ਸ਼ਾਤਿਰ ਤੇਜ਼ ਚਲਾਕ, ਡਰਾਏ ਲੋਕਾਂ ਨੇ।
ਆਪਣੇ ਤਾਂ ਫ਼ਰਜ਼ ਵੀ ਕਦੇ ਪਛਾਣੇ ਨਾ,
ਦੂਜੇ ਤੇ ਹੀ ਹੱਕ ਜਤਾਏ ਲੋਕਾਂ ਨੇ।
ਗਰਜ਼ਾਂ ਮੌਕੇ ਨੇੜੇ ਹੋ, ਹੋ ਕੇ ਬਹਿੰਦੇ,
ਕੱਢ ਕੇ, ਦੂਰੋਂ ਹੱਥ ਹਿਲਾਏ ਲੋਕਾਂ ਨੇ।
ਲਾਲਚ ਦੀ ਪਿਆਸ ਕਦੋਂ ਬੁੱਝਦੀ ਏ,
ਤ੍ਰਿਸ਼ਨਾ ਲਈ ਵਧਾ ਤ੍ਰਿਹਾਏ ਲੋਕਾਂ ਨੇ।
ਆਪਣੀ ਪੀੜ੍ਹੀ ਹੇਠਾਂ ਸੋਟਾ ਕੌਣ ਫੇਰੇ,
ਦੂਜੇ ਦੇ ਹੀ ਦੋਸ਼ ਗਿਣਾਏ ਲੋਕਾਂ ਨੇ।
ਲੰਘਿਆ ਵੇਲ਼ਾ ਹੱਥ ਕਦੇ ਨਹੀਂ ਆਉਂਦਾ,
ਹੀਰੇ ਵਰਗੇ ਜਨਮ ਗੁਆਏ ਲੋਕਾਂ ਨੇ।
– ਸੁਲੱਖਣ ਮਹਿਮੀ
+647-786-6329