(ਪਹਿਲੀ-ਪਹਿਲੇਰੀ ਲੰਮੀ ਵਾਟ)
ਜਰਨੈਲ ਸਿੰਘ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
(ਕਿਸ਼ਤ ਨੌਵੀਂ)
ਸਾਡੀ ਫਲਾਈਟ ਦੇ ਇਕ ਸਾਥੀ ਦਾ ਚਾਚਾ ਏਅਰਫੋਰਸ ‘ਚ ਸੀ। ਮੈਂ ਉਸ ਨਾਲ਼ ਗੱਲ ਛੇੜੀ। ਉਸਨੇ ਦੱਸਿਆ ਕਿ ਸਖਤ ਡਸਿਪਲਿਨ ਟਰੇਨਿੰਗ ਸੈਂਟਰਾਂ ‘ਚ ਹੀ ਹੁੰਦਾ ਹੈ। ਯੂਨਿਟਾਂ ਵਿਚ ਜ਼ਿੰਦਗੀ ਸੌਖੀ ਹੁੰਦੀ ਹੈ। ਦੇਸ਼ ਦੇ ਨਵੇਂ-ਨਵੇਂ ਇਲਾਕੇ ਤੇ ਸ਼ਹਿਰ ਦੇਖਣ ਦੇ ਮੌਕੇ ਮਿਲ਼ਦੇ ਹਨ। ਮੈਂ ਦੜ ਵੱਟ ਕੇ ਟਰੇਨਿੰਗ ਮੁਕਾਉਣ ਦਾ ਨਿਸ਼ਚਾ ਕਰ ਲਿਆ।
ਮੈਂ ਘਰ ਨੂੰ ਲੰਮੀਆਂ ਚਿੱਠੀਆਂ ਲਿਖਦਾ ਸਾਂ। ਜਵਾਬ ਬਾਪੂ ਜੀ ਲਿਖਿਆ ਕਰਦੇ ਸਨ। ਉਨ੍ਹਾਂ ਦੇ ਅੱਖਰ ਤਾਂ ਕੁਝ ਟੇਢੇ-ਮੇਢੇ ਹੁੰਦੇ ਪਰ ਉਨ੍ਹਾਂ ਵਿਚੋਂ ਮੋਹ ਝਰਦਾ ਸੀ।
ਤਿੰਨ ਮਹੀਨੇ ਬਾਅਦ ਟਰੇਡ-ਸਿੱਖਿਆ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ। ਕਲਾਸਾਂ ਨੁੰ ਫਲਾਈਟਾਂ ਦੇ ਰੂਪ ਵਿਚ ਜਾਂਦੇ ਸਾਂ, ਮਾਰਚ ਕਰਕੇ। ਟਰੇਡ-ਸਿੱਖਿਆ ਦੇ ਤਿੰਨ-ਤਿੰਨ ਮਹੀਨਿਆਂ ਦੇ ਤਿੰਨ ਫੇਜ਼ (Phase) ਸਨ। ਹਫ਼ਤਾਵਰੀ ਟੈਸਟ ਲਗਾਤਾਰ ਚੱਲਦੇ ਸਨ। ਫੇਜ਼ ਦੇ ਅੰਤ ‘ਤੇ ਫੇਜ਼-ਟੈਸਟ ਹੁੰਦਾ ਸੀ। ਇਸ ਟੈਸਟ ਵਿਚੋਂ ਫਿਹਲ ਹੋਏ ਟਰੇਨੀ ਨੂੰ ਬੈਕ-ਫੇਜ਼ ਯਾਅਨੀ ਤਿੰਨ ਮਹੀਨੇ ਜੂਨੀਅਰ ਐਂਟਰੀ ‘ਚ ਭੇਜ ਦਿੱਤਾ ਜਾਂਦਾ ਸੀ। ਸੋ ਪੜ੍ਹਾਈ ਪੂਰੀ ਮਿਹਨਤ ਨਾਲ਼ ਕਰਨੀ ਪੈਂਦੀ ਸੀ। ਬੈਰਕਾਂ ਦੀ ਲਾਈਟ ਰਾਤ ਸਾਢੇ ਨੌਂ ਵਜੇ ਬੰਦ ਹੋ ਜਾਂਦੀ ਸੀ। ਟਰੇਨਿੰਗ ਸੈਂਟਰ ‘ਚ ਘਾਹ ਤੇ ਫੁੱਲਾਂ ਦੇ ਕੁਝ ਪਾਰਕ ਸਨ। ਟਰੇਨੀ ਉਨ੍ਹਾਂ ਪਾਰਕਾਂ ਦੀਆਂ ਲਾੀੲਟਾਂ ਵਿਚ ਪੜ੍ਹਿਆ ਕਰਦੇ ਸਨ। ਟੈਸਟਾਂ ਦੇ ਦਿਨੀਂ ਤਾਂ ਸਾਡਾ ਐਤਵਾਰ ਦਾ ਦਿਨ ਵੀ ਕਿਤਾਬਾਂ ਸੰਗ ਹੀ ਬੀਤਦਾ।
ਚੇਨਈ ਸ਼ਹਿਰ ਸਮੁੰਦਰ ਦੇ ਕਿਨਾਰੇ ਹੈ। ਸਮੁੰਦਰ ਦੀ ਨੇੜਤਾ ਹੋਣ ਕਾਰਨ ਸਵੇਰੇ-ਸ਼ਾਮ ਤਾਂ ਮੌਸਮ ਸੁਹਾਵਣਾ ਹੁੰਦਾ ਸੀ ਪਰ ਦਿਨੇ ਖਾਸ ਕਰਕੇ ਦੁਪਹਿਰ ਨੂੰ ਕਾਫ਼ੀ ਗਰਮੀ ਹੁੰਦੀ ਸੀ। ਰਾਤ ਨੂੰ ਕੰਬਲ ਜਾਂ ਰਜਾਈ ਦੀ ਲੌੜ ਨਹੀਂ ਸੀ ਹੁੰਦੀ। ਚੇਨਈ ਵਿਚ ਮੁੱਖ ਤੌਰ ‘ਤੇ ਦੋ ਹੀ ਮੌਸਮ ਹਨਂ ਗਰਮੀ ਤੇ ਬਰਸਾਤ।
ਅਸੀਂ ਸ਼ਾਮ ਵੇਲੇ ਤੇ ਐਤਵਾਰ ਨੂੰ ਘੁੰਮਣ-ਫਿਰਨ ਲਈ ਟਰੇਨਿੰਗ ਸੈਂਟਰ ਤੋਂ ਬਾਹਰ ਜਾ ਸਕਦੇ ਸਾਂ ਪਰ ਵਰਦੀ ਵਿਚ। ਤਾਂਬਰਮ ਕਸਬਾ ਤੇ ਰੇਲਵੇ ਸਟੇਸ਼ਨ ਟਰੇਨਿੰਗ ਸੈਂਟਰ ਤੋਂ ਡੇਢ ਕਿਲੋਮੀਟਰ ਦੀ ਵਿੱਥ ‘ਤੇ ਸੀ। ਕਸਬੇ ਤੋਂ ਟਰੇਨਿੰਗ ਸੈਂਟਰ ਵਾਲ਼ੀ ਸੜਕ ‘ਤੇ ਕਾਫ਼ੀ ਦੁਕਾਨਾਂ ਸਨ। ਮੈਂ ਤੇ ਮਨਜੀਤ ਬਾਜ਼ਾਰ ਅਤੇ ਚੇਨਈ ਨੂੰ ਇਕੱਠੇ ਜਾਂਦੇ ਸਾਂ। ਸਾਡੀ ਫਲਾਈਟ ਵੀ ਇਕ ਸੀ। ਮੈੱਸ ਨੂੰ ਵੀ ਅਸੀਂ ਇਕੱਠੇ ਜਾਂਦੇ। ਦੋਸਤ ਬਣ ਗਏ ਸਾਂ ਅਸੀਂ। ਦੋਸਤੀ ਲਈ ਨਾ ਮੈਂ ਕੋਈ ਵਿਸ਼ੇਸ਼ ਪਹਿਲ-ਕਦਮੀ ਕੀਤੀ ਸੀ ਤੇ ਨਾ ਹੀ ਉਸਨੇ। ਸਾਡੇ ਦਿਲਾਂ ਨੇ ਚੁੱਪ-ਚੁਪੀਤੇ ਪਰਸਪਰ ਸਮਾਨਤਾ ਲੱਭ ਲਈ ਸੀ। ਕਿਸੇ ਵੀ ਵਿਅਕਤੀ ਦਾ ਸੁਭਾਅ ਸਮੁੱਚੇ ਤੌਰ ‘ਤੇ ਕਿਸੇ ਦੂਜੇ ਵਰਗਾ ਨਹੀਂ ਹੁੰਦਾ। ਕੁਝ ਮੁੱਖ ਸਮਾਨਤਾਵਾਂ ਹੀ ਦੋਸਤੀ ਦਾ ਆਧਾਰ ਬਣਦੀਆਂ ਹਨ। ਜਿਹੜੀਆਂ ਸਮਾਨਤਾਵਾਂ ਸਾਡੇ ਦਿਲਾਂ ਨੇ ਇਕ-ਦੂਜੇ ਵਿਚ ਪਛਾਣੀਆਂ, ਉਹ ਸਨ ਵਿਸ਼ਵਾਸਯੋਗਤਾ ਅਤੇ ਸੁਹਿਰਦਤਾ… ਚਾਲਾਂ ਖੇਡਣ ਵਾਲ਼ੇ ਨਹੀਂ ਸਾਂ ਅਸੀਂ।
ਸਾਡੇ ਸੁਭਾਵਾਂ ਵਿਚ ਵੱਖਰਤਾ ਵੀ ਸੀ। ਮੈਂ ਸੰਗਾਊ ਸਾਂ। ਮੇਰੀ ਬੋਲ-ਬਾਣੀ ਆਪਣੀ ਬੈਰਕ ਦੇ ਰਕਰੂਟਾਂ ਤੱਕ ਹੀ ਸੀਮਤ ਸੀ। ਮਨਜੀਤ ਰਲ਼ਮਿਲ਼ਾ ਤੇ ਹਸਮੁਖ ਸੀ। ਉਸਨੇ ਸਾਡੀ ਐਂਟਰੀ ਦੇ ਦੂਜੀਆਂ ਬੈਰਕਾਂ ਦੇ ਪੰਜਾਬੀ ਰਕਰੂਟਾਂ ਨਾਲ਼ ਵੀ ਜਾਣ-ਪਛਾਣ ਬਣਾ ਲਈ ਸੀ। ਜਦੋਂ ਉਹ ਉਨ੍ਹਾਂ ਨਾਲ਼ ਗੱਪ-ਸ਼ੱਪ ਮਾਰਨ ਜਾਂਦਾ, ਮੈਨੂੰ ਵੀ ਨਾਲ਼ ਚਲਣ ਲਈ ਆਖਦਾ। ਅਣਜਾਣ ਬੰਦਿਆਂ ‘ਚ ਜਾਣ ਦੀ ਝਿਜਕ ਕਾਰਨ ਮੈਂ ਨਾਂਹ ਕਰ ਦੇਂਦਾ। ਪਰ ਨਾਂਹ ਕਰਨ ਬਾਅਦ ਮਨ ‘ਚ ਮਹਿਸੂਸੀਅਤ ਉੱਭਰ ਪੈਂਦੀ ਕਿ ਮੈਂ ਦੋਸਤ ਦਾ ਮਾਣ ਨਹੀਂ ਰੱਖ ਰਿਹਾ। ਸੋ ਮੈਂ ਉਸ ਨਾਲ਼ ਜਾਣ ਲੱਗ ਪਿਆ। ਇਕੱਠੇ ਬੈਠੇ ਪੰਜ-ਸੱਤ ਜਣਿਆਂ ‘ਚ ਇਕ-ਦੋ ਮੇਰੇ ਵਰਗੇ ਵੀ ਹੁੰਦੇ, ਬੋਲਣ ਨਹੀਂ ਸੁਣਨ ਵਾਲ਼ੇ।
ਟਰੇਡ ਦੀ ਪੜ੍ਹਾਈ ‘ਚ ਮੇਰਾ ਨਾਂ ‘ਚੰਗਿਆਂ’ ਵਿਚ ਸੀ। ਪੜ੍ਹਾਈ ਸੰਬੰਧੀ ਗੱਲ-ਬਾਤ ਦੌਰਾਨ ਮੈਂ ਵੀ ਆਪਣੇ ਵਿਚਾਰ ਪੇਸ਼ ਕਰ ਦੇਂਦਾ… ਕੁਝ ਮਹੀਨਿਆਂ ਬਾਅਦ ਮਨਜੀਤ ਦੀ ਜਾਣ-ਪਛਾਣ ਵਾਲ਼ੇ ਮੈਨੂੰ ਵੀ ਜਾਣਨ ਲੱਗ ਪਏ। ਮੈੱਸ ਵਿਚ ਕਈ ਵਾਰ ਉਨ੍ਹਾਂ ਸੰਗ ਬੈਠ ਕੇ ਖਾਣ-ਪੀਣ ਅਤੇ ਨਵੀਆਂ-ਤਾਜ਼ੀਆਂ ਸਾਂਝੀਆਂ ਕਰਨ ਦੇ ਮੌਕੇ ਬਣ ਜਾਂਦੇ। ਤਾਂਬਰਮ ਬਾਜ਼ਾਰ ਤੇ ਚੇਨਈ ‘ਚ ਘੁੰਮਦਿਆਂ, ਜਿਨ੍ਹਾਂ ਰਕਰੂਟਾਂ ਨੂੰ ਅਜ਼ਨਬੀਆਂ ਵਾਂਗ ਦੇਖਦਾ ਮੈਂ ਅਗਾਹ ਲੰਘ ਜਾਂਦਾ ਸਾਂ ਹੁਣ ਉਨ੍ਹਾਂ ਕੋਲ਼ ਖੜ੍ਹ ਕੇ ਹਾਲ-ਚਾਲ ਪੁੱਛਣ-ਦੱਸਣ ਲੱਗ ਪਿਆ। ਅਜਿਹੇ ਮੌਕਿਆਂ ਤੇ ਮੈਨੂੰ ਇੰਜ ਲਗਦਾ ਜਿਵੇਂ ਮੇਰਾ ਵਿਅਕਤੀਤਵ ਪਹਿਲਾਂ ਨਾਲ਼ੋਂ ਗੂੜ੍ਹਾ ਹੋ ਗਿਆ ਹੋਵੇ… ਆਪਣੇ ਸੰਗਾਊਪੁਣੇ ‘ਚੋਂ ਮੈਂ ਕਾਫ਼ੀ ਹੱਦ ਤੱਕ ਬਾਹਰ ਆ ਗਿਆ ਸਾਂ। ਮਨਜੀਤ ਦੀ ਲੋਕਾਂ ਨਾਲ਼ ਮੇਲ-ਮਿਲਾਪ ਦੀ ਆਦਤ ਮੇਰੇ ਲਈ ਫਾਇਦੇਮੰਦ ਸਾਬਤ ਹੋਈ ਸੀ।
ਚੇਨਈ ਜਾਣ ਲਈ ਤਾਂਬਰਮ ਰੇਲਵੇ ਸਟੇਸ਼ਨ ਤੋਂ ਇਲੈਕਟ੍ਰਿਕ ਰੇਲ ਫੜਦੇ ਸਾਂ। ਸਵੇਰੇ ਸ਼ਾਮ ਰੇਲ ‘ਚ ਭੀੜ ਹੁੰਦੀ ਸੀ ਪਰ ਕੋਈ ਧੱਕਮ-ਧੱਕਾ ਨਹੀਂ ਸੀ ਹੁੰਦਾ। ਖਲੋਤੇ ਔਰਤ-ਮਰਦ ਮੁਸਾਫਰਾਂ ਵਿਚ ਜੇ ਇਕ ਜਣਾ ਦੂਜੇ ਨੂੰ ਟੱਚ ਹੋ ਜਾਂਦਾ ਤਾਂ ਉਹ ਛਾਤੀ ਅਤੇ ਮੱਥੇ ਨੂੰ ਛੋਹ ਕੇ ਮੁਆਫ਼ੀ ਮੰਗਦਾ।
ਤਾਮਿਲਾਂ ਦੇ ਰੰਗ ਹਲਕੇ ਕਾਲ਼ੇ ਤੇ ਨੈਣ-ਨਕਸ਼ ਤਿੱਖੇ ਹੁੰਦੇ ਹਨ। ਆਮ ਮਰਦਾਂ ਦੇ ਗਲ਼ ਕਮੀਜ਼ ਅਤੇ ਤੇੜ ਧੋਤੀ ਜਾਂ ਲੂੰਗੀ ਹੁੰਦੀ ਹੈ। ਔਰਤਾਂ ਬਲਾਊਜ਼ ਨਾਲ਼ ਸਾੜ੍ਹੀ ਜਾਂ ਲੰਮੀ ਸਕੱਰਟ ਪਹਿਨਦੀਆਂ ਹਨ। ਆਪਣੇ ਲੰਮੇ ਕਾਲੇਸ਼ਾਹ ਵਾਲਾਂ ਵਿਚ ਉਹ ਫੁੱਲ, ਖਾਸ ਕਰਕੇ ਕਲੀਆਂ ਦੇ ਗੁੱਛੇ ਟੁੰਗਦੀਆਂ ਹਨ।
ਤਾਮਿਲਾਂ ਦਾ ਮੁੱਖ ਭੋਜਨ ਚਾਵਲ, ਮੱਛੀ, ਡੋਸਾ, ਇਡਲੀ ਤੇ ਸਾਂਬਰ ਹਨ। ਮਿਰਚ-ਮਸਾਲਿਆਂ ਦੀ ਵਰਤੋਂ ਉਹ ਪੰਜਾਬੀਆਂ ਵਾਂਗ ਹੀ ਕਰਦੇ ਹਨ।
ਈਸਾਈ ਨਾਂ ਜਿਵੇਂ ਜੌਹਨ, ਜੌਰਜ, ਜੋਸਿਫ, ਚਾਰਲਸ, ਕਰਿਸਟੋਫਰ ਆਦਿ ਪਹਿਲੀ ਵਾਰ ਟਰੇਨਿੰਗ ਸੈਂਟਰ ‘ਚ ਹੀ ਸੁਣੇ। ਸੀਨੀਅਰ ਰਕਰੂਟਾਂ ਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਇਹ ਬਸਤੀਵਾਦੀ ਅੰਗ੍ਰੇਜ਼ਾਂ ਦੇ ਪ੍ਰਭਾਵ ਦਾ ਸਿੱਟਾ ਸੀ। ਉਹ ਦੱਖਣ ਦੇ ਰਸਤਿਓਂ ਭਾਰਤ ਵਿਚ ਦਾਖਲ ਹੋਏ ਸਨ। ਈਸਟ ਇੰਡੀਆ ਕੰਪਨੀ ਚੇਨਈ ਵਿਚ ਹੀ ਸਥਾਪਤ ਹੋਈ ਸੀ। ਉਸ ਸਮੇਂ ਦੱਖਣੀ ਪ੍ਰਾਂਤਾਂ ਦੇ ਬ੍ਰਾਹਮਣ ਏਨੇ ਕੱਟੜ ਸਨ ਕਿ ਉਹ ਅਛੂਤਾਂ ਨੂੰ ਮੰਦਰਾਂ ਦੇ ਅੰਦਰ ਤਾਂ ਕੀ, ਲਾਗੇ ਵੀ ਨਹੀਂ ਸੀ ਢੁੱਕਣ ਦੇਂਦੇ। ਈਸਾਈ ਮਿਸ਼ਨਰੀਆਂ ਨੇ ਜਾਤ-ਪਾਤ ਦੀ ਨਿਖੇਧੀ ਕਰਦਿਆਂ ਅਛੂਤਾਂ ਨੂੰ ਆਖਿਆ ਕਿ ਆਓ! ਅਸੀਂ ਤੁਹਾਨੂੰ ਛਾਤੀ ਨਾਲ਼ ਲਾਉਂਦੇ ਹਾਂ। ਸਾਡੇ ਚਰਚਾਂ ਦੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲ੍ਹੇ ਹਨ। ਈਸਾ ਮਸੀਹ ਅੰਗ-ਸੰਗ ਹੋ ਕੇ ਤੁਹਾਡੀ ਰੱਖਿਆ ਕਰੇਗਾ। ਮਿਸ਼ਨਰੀਆਂ ਨੇ ਉਨ੍ਹਾਂ ਵਾਸਤੇ ਸਕੂਲ ਤੇ ਹਸਪਤਾਲ ਖੋਲ੍ਹ ਦਿੱਤੇ। ਉਨ੍ਹਾਂ ਦੀਆਂ ਲੜਕੀਆਂ ਨੂੰ ਹਸਪਤਾਲਾਂ ‘ਚ ਨਰਸਾਂ ਤੇ ਸਕੂਲਾਂ ਵਿਚ ‘ਨਨਜ਼ ਟੀਚਰਾਂ’ ਦੀਆਂ ਨੌਕਰੀਆਂ ਦਿੱਤੀਆਂ। ਇਨ੍ਹਾਂ ਸਹੂਲਤਾਂ ਅਤੇ ਮਿਸ਼ਨਰੀਆਂ ਦੇ ਪ੍ਰਭਾਵ ਹੇਠ ਬਹੁਗਿਣਤੀ ਅਛੂਤ ਈਸਾਈ ਬਣ ਗਏ। ਪਰ ਉਨ੍ਹਾਂ ਨੇ ਆਪਣੀ ਮਾਂ ਬੋਲੀ ਤਾਮਿਲ ਨਾਲ਼ੋਂ ਨਾਤਾ ਨਹੀਂ ਸੀ ਤੋੜਿਆ।
ਚੇਨਈ ਬੰਦਰਗਾਹ ਹੈ। ਸ਼ਹਿਰ ਦੇ ਇਕ ਮੁਹੱਲੇ ਵਿਚ ਕੁਝ ਬੰਦੇ, ਦੂਜੇ ਦੇਸ਼ਾਂ ਤੋਂ ਸਮੱਗਲ ਹੋਈਆਂ ਚੀਜ਼ਾਂ ਜਿਵੇਂ ਘੜੀਆਂ, ਧੁੱਪ-ਐਨਕਾਂ, ਟ੍ਰਾਂਜ਼ਿਸਟਰ, ਪੈਂਟਾਂ-ਕਮੀਜ਼ਾਂ ਦੇ ਪੀਸ ਅਤੇ ਹੋਰ ਕਈ ਕੁਝ ਲੁਕਵੇਂ ਢੰਗ ਨਾਲ਼ ਵੇਚਦੇ ਸਨ। ਉਦੋਂ ਟੈਰਾਲੀਨ ਨਵੀਂ-ਨਵੀਂ ਆਈ ਸੀ। ਮੈਂ, ਮਨਜੀਤ ਤੇ ਹੋਰ ਸਾਥੀਆਂ ਨੇ ਪੀਸ ਖ਼ਰੀਦ ਕੇ ਬੜੇ ਚਾਵਾਂ ਨਾਲ਼ ਪੈਂਟਾਂ-ਕਮੀਜ਼ਾਂ ਸਿਲਵਾਈਆਂ। ਜ਼ਿੰਦਗੀ ਵਿਚ ਪਹਿਲੀ ਵਾਰ ਘੜੀ ਮੈਂ ਓਥੋਂ ਹੀ ਖ਼ਰੀਦੀ ਸੀ।
ਸਮੁੰਦਰ ਨਾਲ਼ ਦੋਸਤੀ
ਚੇਨਈ ਦਾ ਸਮੁੰਦਰ ਮੇਰੇ ਲਈ ਵਿਸ਼ੇਸ਼ ਆਕਰਸ਼ਣ ਸੀ। ਉਸ ਸਮੁੰਦਰ ਦੀ 12 ਕਿਲੋਮੀਟਰ ਲੰਮੀ ‘ਮਰੀਨਾ ਬੀਚ’ ਦੁਨੀਆਂ ਦੀਆਂ ਲੰਮੀਆਂ ਬੀਚਾਂ ਵਿਚ ਗਿਣੀ ਜਾਂਦੀ ਹੈ। ਮੈਂ ਤੇ ਮਨਜੀਤ ਮਹੀਨੇ ‘ਚ ਇਕ-ਦੋ ਵਾਰ ਉਸ ਬੀਚ ‘ਤੇ ਜ਼ਰੂਰ ਜਾਂਦੇ। ਸਾਡੇ ਨਾਲ਼ ਕਦੀ ਆਪਣੀ ਬੈਰਕ ਵਾਲ਼ੇ ਬੰਤ ਟਿਵਾਣਾ, ਹਰਚਰਨ ਬੇਦੀ, ਨਰਿੰਦਰ ਗਰੇਵਾਲ ਅਤੇ ਕਦੀ ਦੂਜੀਆਂ ਬੈਰਕਾਂ ਤੋਂ ਸਤੀਸ਼ ਗੋਇਲ, ਹਰਜੀਤ ਸਿੱਧੂ ‘ਤੇ ਬਲਬੀਰ ਕੈਂਥ ਹੁੰਦੇ। ਓਥੇ ਸ਼ਾਮ ਨੂੰ ਬਹੁਤ ਰੌਣਕ ਹੁੰਦੀ ਸੀ। ਲਾਊਡ ਸਪੀਕਰਾਂ ‘ਤੇ ਧੀਮੀ ਆਵਾਜ਼ ਵਿਚ ਤਾਮਿਲ ਗਾਣੇ ਵੱਜ ਰਹੇ ਹੁੰਦੇ। ਛਾਬੜੀਆਂ ਵਾਲ਼ੇ ਤੁਰ-ਫਿਰ ਕੇ ਸਨੈਕਸ ਵੇਚਦੇ। ਠੰਢੀ ਸੁਹਾਵਣੀ ਹਵਾ ‘ਚ ਚੈਨ ਮਹਿਸੂਸਦੇ ਲੋਕ ਘੁੰਮ-ਫਿਰ ਕੇ ਜਾਂ ਇਕ ਥਾਂ ਬੈਠ ਕੇ ਮੀਲਾਂ ਤੱਕ ਪਸਰੇ ਅਥਾਹ ਪਾਣੀ ਦਾ ਨਜ਼ਾਰਾ ਮਾਣਦੇ। ਬੱਚੇ ਰੇਤ ਵਿਚ ਦੁੜੰਗੇ ਮਾਰਦੇ।
ਕਿਸ਼ਤੀਆਂ ‘ਚ ਸਵਾਰ ਮਛੇਰੇ ਜਾਲ਼ਾਂ ਨਾਲ਼ ਮੱਛੀਆਂ ਫੜ ਰਹੇ ਹੁੰਦੇ। ਅਚਾਨਕ ਹੀ ਬਾਹਰ ਨੂੰ ਆਈ ਕੋਈ ਜ਼ੋਰਦਾਰ ਛੱਲ ਕਿਨਾਰੇ ਬੈਠੇ ਤੇ ਘੁੰਮ-ਫਿਰ ਰਹੇ ਲੋਕਾਂ ਨੂੰ ਭਿਉਂ ਜਾਂਦੀ। ਰਾਤ ਦੇ ਨੌਂ-ਦਸ ਵੱਜੇ ਤੱਕ ਲੋਕਾਂ ਦੀ ਭੀੜ ਜੁੜੀ ਰਹਿੰਦੀ। ਸਾਨੂੰ ਇਸ ਤਰ੍ਹਾਂ ਲਗਣਾ ਜਿਵੇਂ ਕਿਸੇ ਮੇਲੇ ਵਿਚ ਘੁੰਮ ਰਹੇ ਹੋਈਏ। ਮੈਂ ਕੁਝ ਸਮਾਂ ਦੋਸਤਾਂ ਨਾਲ਼ ਟਹਿਲ ਕੇ ਇਕਲਵਾਂਜੇ ਥਾਂ ਜਾ ਬੈਠਦਾ।
ਮੈਨੂੰ ਮੇਲਾ ਦੇਖਣ ਨਾਲ਼ੋਂ ਸਮੁੰਦਰ ਨੂੰ ਦੇਖਣਾ ਜ਼ਿਆਦਾ ਚੰਗਾ ਲਗਦਾ। ਸਮੁੰਦਰ ਮੇਰੀ ਰੂਹ ਨੂੰ ਭਾਉਂਦਾ ਸੀ। ਉਸਦੇ ਦੂਰ-ਦੁਮੇਲ ਤੱਕ ਪਸਰੇ ਪਾਣੀ ਨੂੰ ਨਿਹਾਰਦਿਆਂ ਮਨ ਦਾ ਤਣਾਅ ਦੂਰ ਹੋ ਜਾਂਦਾ। ਤਣਾਅ ਘਰ ਦੇ ਓਦਰੇਵੇਂ ਕਰਕੇ ਨਹੀਂ, ਟਰੇਨਿੰਗ ਸੈਂਟਰ ‘ਚ ਵਾਪਰਦੀਆਂ ਅਣਉਚਿਤ ਗੱਲਾਂ ਕਰਕੇ ਪੈਦਾ ਹੁੰਦਾ ਸੀ। ਇਕ ਵੇਰਾਂ ਫਲਾਈਟ ਸਰਜੈਂਟ ਪਾਨੀਕਰ (ਕੇਰਲੀਅਨ) ਜੈੱਟ ਇੰਜਣ ਦਾ ‘ਲੁਬਰੀਕੇਸ਼ਨ ਸਿਸਟਮ’ ਪੜ੍ਹਾ ਰਿਹਾ ਸੀ। ਉਹ ਪੁਰਜਿਆਂ ਨੂੰ ਰੈਲ਼ਾ ਕਰਦੇ ਤੇਲ ਨੂੰ ਸਾਫ ਕਰਨ ਵਾਲ਼ੇ ਫਿਲਟਰਾਂ ਬਾਰੇ ਦੱਸਣਾ ਭੁੱਲ ਗਿਆ। ਮੈਂ ਉਹ ਚੈਪਟਰ ਅਗਾਊਂ ਪੜ੍ਹਿਆ ਹੋਇਆ ਸੀ। ਮੈਂ ਸੀਟ ਤੋਂ ਉੱਠ ਕੇ ਮਾਣ ਜਿਹੇ ਨਾਲ਼ ਫਿਲਟਰਾਂ ਦਾ ਜ਼ਿਕਰ ਕਰ ਦਿੱਤਾ। ਪਾਨੀਕਰ ਮੈਨੂੰ ਟੁੱਟ ਕੇ ਪਿਆ, ”ਡੋਂਟ ਗੈੱਟ ਇਨਸਾਈਡ ਦਾ ਗੰਨ ਐਂਡ ਸ਼ੂਟ।”
ਪਾਨੀਕਰ ਦੇ ਵਿਹਾਰ ਦੀ ਕੁੜੱਤਣ ਅਜੇ ਮਿਟੀ ਨਹੀਂ ਸੀ ਕਿ ਇਕ ਹੋਰ ਘਟਨਾ ਵਾਪਰ ਗਈ। ਰੋਜ਼ ਵਾਂਗ ਅਸੀਂ ਆਪਣੇ ਟਰੇਡ ਦੀ ਕਲਾਸ ਵਾਸਤੇ ਜਾ ਰਹੇ ਸਾਂ। ਨਿਯਮ ਅਨੁਸਾਰ ਸਾਰੇ ਟਰੇਡਾਂ ਦੀਆਂ ਕਲਾਸਾਂ, ਫਲਾਈਟਾਂ ਦੇ ਰੂਪ ਵਿਚ ਮਾਰਚ ਕਰਕੇ ਜਾਂਦੀਆਂ ਸਨ। ਡਸਿਪਲਿਨ ਦਾ ਨਿਯਮ ਇਹ ਵੀ ਸੀ ਕਿ ਦੂਜੇ ਪਾਸਿਓਂ ਜੇਕਰ ਕੋਈ ਕਮਿਸ਼ੰਡ ਅਫਸਰ ਸਾਈਕਲ, ਸਕੂਟਰ ਜਾਂ ਕਾਰ ‘ਤੇ ਲੰਘੇ ਤਾਂ ਫਲਾਈਟ ਦੇ ਸੀਨੀਅਰ ਮੈਨ ਨੇ ‘ਫਲਾਈਟ ਦਾਇਨੇ ਦੇਖ’ ਦੀ ਕਮਾਂਡ ਦੇਂਦਿਆਂ, ਮਾਰਚ ਕਰਦੇ-ਕਰਦੇ ਆਪ ਸਲਿਊਟ ਦੇਣਾ ਹੁੰਦਾ ਸੀ ਅਤੇ ਫਲਾਈਟ ਦੇ ਰਕਰੂਟਾਂ ਨੇ ਗਰਦਨਾਂ ਸੱਜੇ ਪਾਸੇ ਘੁਮਾ ਕੇ ਅਫਸਰ ਕੰਨੀ ਦੇਖਣਾ ਹੁੰਦਾ ਸੀ। ਉਸ ਦਿਨ ਬੇਧਿਆਨੀ ‘ਚ ਸੀਨੀਅਰ ਮੈਨ ਨੂੰ ਸਾਹਮਣਿਓਂ ਆਉਂਦੇ ਅਫਸਰ ਦਾ ਸਮੇਂ ਸਿਰ ਪਤਾ ਨਾ ਲੱਗਾ। ਉਸ ਨੇ ‘ਦਾਇਨੇ ਦੇਖ’ ਆਖ ਤਾਂ ਦਿੱਤਾ ਅਤੇ ਅਸੀਂ ਸਾਰਿਆਂ ਨੇ ਗਰਦਨਾਂ ਵੀ ਘੁਮਾ ਲਈਆਂ ਪਰ ਫਲਾਈਟ ਦਾ ਮੂਹਰਲਾ ਚੌਥਾ ਕੁ ਹਿੱਸਾ ਅਫਸਰ ਤੋਂ ਅਗਾਂਹ ਲੰਘ ਚੁੱਕਾ ਸੀ। ਯਾਅਨੀ ਉਸਨੂੰ ਪੂਰੀ ਫਲਾਈਟ ਦਾ ਸਲਿਊਟ ਨਾ ਮਿਲ਼ਿਆ। ਉਸਨੇ ਸਕੂਟਰ ਮੋੜ ਕੇ ਫਲਾਈਟ ਰੋਕ ਲਈ ਤੇ ਸੀਨੀਅਰ ਮੈਨ ਨੂੰ ‘ਬਲੱਡੀ ਫੂਲ’ ਆਖਦਿਆਂ ਉਸ ‘ਤੇ ਰੋਹਬ ਛਾਂਟਿਆ। ਸੀਨੀਅਰ ਮੈਨ ਨੇ ਸੌਰੀ ਮੰਗੀ ਪਰ ‘ਸਾਹਬ’ ਦਾ ਗੁੱਸਾ ਠੰਢਾ ਨਾ ਹੋਇਆ। ਫਲਾਈਟ ਨੂੰ ਕਲਾਸਰੂਮ ਤੱਕ ਦੌੜ ਕੇ ਜਾਣ ਦੀ ਸਜ਼ਾ ਸੁਣਾ ਦਿੱਤੀ। ਦਿਨ ਤਪਿਆ ਹੋਇਆ ਸੀ। ਭਾਰੇ ਬੂਟਾਂ ਨਾਲ਼ ਇਕ ਕਿਲੋਮੀਟਰ ਦੌੜਦਿਆਂ ਅਸੀਂ ਧੀਮੀਆਂ ਆਵਾਜ਼ਾਂ ਵਿਚ ਸਲਿਊਟ ਦੇ ਭੁੱਖੇ ਉਸ ਅਫਸਰ ਨੂੰ ਰੱਜ ਕੇ ਗਾਲ਼ਾਂ ਕੱਢੀਆਂ।
ਕੁਝ ਇੰਸਟਰਕਟਰ ਤੇ ਅਫਸਰ ਚੰਗੇ ਵੀ ਸਨ। ਪਰ ਜਿਆਦਾ ਗਿਣਤੀ ਆਕੜਖਾਨਾਂ ਦੀ ਸੀ। ਮਾੜੀ ਜਿਹੀ ਕੁਤਾਹੀ ਹੋਣ ‘ਤੇ ਉਹ ਦਬਕੇ ਮਾਰਨ ਲੱਗ ਪੈਂਦੇ, ”ਬਲੱਡੀ ਫੂਲ! ਡੂ ਯੁ ਵਾਂਟ ਟੂ ਗੋ ਔਨ ਚਾਰਜ?” ਚਾਰਜ ਸ਼ਬਦ ਸੁਣ ਕੇ ਕਈ ਤਰ੍ਹਾਂ ਦੀਆਂ ਸਜ਼ਾਵਾਂ ਸੋਚ ਵਿਚ ਘੁੰਮ ਜਾਂਦੀਆਂ। ‘ਸੌਰੀ’ ਮੰਗ ਕੇ ਪਿੱਛਾ ਛੁਡਾਉਣ ਦੀ ਕੋਸ਼ਿਸ਼ ਹੁੰਦੀ ਸੀ।
ਹਰ ਸੋਮਵਾਰ ਸਵੇਰੇ ਸਾਰੀਆਂ ਇਨਟੇਕਾਂ ਦੀ ਰਾਈਫਲ ਨਾਲ਼ ਪਰੇਡ ਹੁੰਦੀ ਸੀ। ‘ਸਾਵਧਾਨ’ ਪੁਜ਼ੀਸ਼ਨ ‘ਚ ਖਲੋਤਿਆਂ, ਪਰੇਡ-ਕਮਾਂਡਰ ਵੱਲੋਂ ਗੜ੍ਹਕਵੀਂ ਆਵਾਜ਼ ਵਿਚ ਤਾੜਨਾ ਕੀਤੀ ਜਾਂਦੀ, ”ਨੋ ਮੂਵਮੈਂਟ, ਐਵਰੀਵਨ ਸਟੈਂਡ ਲਾਈਕ ਏ ਸਟੈਚੂ।” ਅਜ਼ੀਬ ਆਰਡਰ ਸੀ। ਜਿਉਂਦੇ-ਜਾਗਦੇ ਇਕ ਹਜ਼ਾਰ ਬੰਦਿਆਂ ਨੂੰ, ਆਪਣੀ ਹੋਂਦ ਭੁਲਾ ਕੇ ਬੁੱਤ ਬਣ ਜਾਣ ਦਾ ਹੁਕਮ ਦਿੱਤਾ ਜਾਂਦਾ ਸੀ।
ਇਸ ਤਰ੍ਹਾਂ ਦੀਆਂ ਅਣਉਚਿਤ ਗੱਲਾਂ ਅਕਸਰ ਹੀ ਵਾਪਰਦੀਆਂ ਰਹਿੰਦੀਆਂ। ਸ਼ੁਰੂ-ਸ਼ੁਰੂ ‘ਚ ਇਹ ਜ਼ਿਆਦਾ ਪ੍ਰੇਸ਼ਾਨ ਕਰਦੀਆਂ ਸਨ। ਸਮਾਂ ਬੀਤਣ ‘ਤੇ ਮੈਂ ਉਨ੍ਹਾਂ ਨੂੰ ਗੰਭੀਰਤਾ ਨਾਲ਼ ਲੈਣਾ ਛੱਡ ਦਿੱਤਾ। ਇਕ ਦਿਨ ਅਸੀਂ ਪੰਜ-ਛੇ ਜਣੇ ਬੈਠੇ ਸਾਂ। ਉਲਟੇ-ਸਿੱਧੇ ਆਰਡਰਾਂ ਦੀਆਂ ਗੱਲਾਂ ਚਲ ਪਈਆਂ। ”ਜਰਨੈਲ! ਹੁਣ ਤੂੰ ਆਰਡਰਾਂ ਦੀ ਨੁਕਤਾਚੀਨੀ ਘੱਟ ਕਰਦੈਂ।” ਬੰਤ ਟਿਵਾਣਾ ਦਾ ਸਵਾਲ ਸੀ।
”ਬੰਤ! ਮੈਂ ਇਹ ਸਿੱਟਾ ਕੱਢਿਆ ਪਈ ਆਰਡਰਾਂ ਦੀ ਪਾਲਣਾ ਤਾਂ ਮੈਨੂੰ ਕਰਨੀ ਹੀ ਪੈਣੀ ਆਂ ਪਰ ਮੈਂ ਵਰਦੀ ਦਾ ਖਾਕੀ ਰੰਗ ਆਪਣੇ ਦਿਮਾਗ ਨੂੰ ਨਹੀਂ ਚੜ੍ਹਨ ਦੇਣਾ।”
”ਲੈ ਬਈ ਐਹ ਈ ਕੰਮ ਦੀ ਗੱਲ, ਅਪਣੇ ਦਿਮਾਗ ਨਾ ਖਾਕੀ ਹੋਣ ਦਿਓ।” ਮਨਜੀਤ ਨੇ ਬੋਲ ਕੇ ਤੇ ਬਾਕੀਆਂ ਨੇ ਸਿਰ ਹਿਲਾ ਕੇ ਮੇਰੇ ਵਿਚਾਰ ਦੀ ਪੁਸ਼ਟੀ ਕਰ ਦਿੱਤੀ।
ਡਸਿਪਲਿਨ ਦੇ ਸ਼ਕੰਜੇ ਵਿਚੋਂ ਲੰਘ ਕੇ ਰੁਜ਼ਗਾਰ ਦੇ ਸਿਰ ਹੋਣ ਲਈ ਸਮੁੰਦਰ ਵੀ ਸਹਾਈ ਹੋਇਆ। ਉਸਦੇ ਵਿਰਾਟ ਪਾਣੀ ਨੂੰ ਤੱਕਦਿਆਂ ਮਨ ਦੀ ਥਕਾਵਟ ਲੱਥ ਜਾਂਦੀ ਸੀ।
ਸਮਾਂ ਆਪਣੀ ਤੋਰੇ ਤੁਰਦਾ ਰਿਹਾ… ਤੇ ਟਰੇਨਿੰਗ ਸਿਰੇ ਲੱਗ ਗਈ।
(ਚਲਦਾ)