4.2 C
Toronto
Monday, November 17, 2025
spot_img
Homeਰੈਗੂਲਰ ਕਾਲਮਵਿਸਾਖੀ ਨਾਲ ਕਣਕ ਅਤੇ ਕਿਸਾਨ ਦਾ ਰਿਸ਼ਤਾ

ਵਿਸਾਖੀ ਨਾਲ ਕਣਕ ਅਤੇ ਕਿਸਾਨ ਦਾ ਰਿਸ਼ਤਾ

ਸੁਖਪਾਲ ਸਿੰਘ ਗਿੱਲ
ਪੰਜਾਬ ਦੇ ਮੇਲਿਆ ਦੇ ਪ੍ਰਸੰਗ ਵਿੱਚ ਵਿਸਾਖੀ ਦਾ ਖਾਸ ਰੁਤਬਾ ਹੈ। ਇਸਦਾ ਕਣਕ ਅਤੇ ਕਿਸਾਨ ਨਾਲ ਗੂੜ੍ਹਾ ਸਬੰਧ ਹੈ। ਪੰਜਾਬੀ ਸੱਭਿਆਚਾਰ ਵਿੱਚ ਵਿਸਾਖੀ ਕਣਕ ਅਤੇ ਕਿਸਾਨ ਤੋਂ ਬਿਨ੍ਹਾ ਫਿੱਕੀ ਜਿਹੀ ਲੱਗਦੀ ਹੈ। ਹਰੀ ਤੋਂ ਸੁਨਹਿਰੀ ਹੋਈ ਕਣਕ ਦੀ ਫਸਲ ਵਿਸਾਖੀ ਦੀ ਦਸਤਕ ਤੇ ਦਹਿਲੀਜ਼ ਦੀ ਪ੍ਰਤੀਕ ਹੈ। ਇਹ ਦਿਹਾੜਾ ਧਾਰਮਿਕ ਤੌਰ ਤੇ ਅਤੀਤ ਅਤੇ ਭਵਿੱਖ ਦਾ ਮੇਲ ਕਰਵਾਉਂਦਾ ਰਹੇਗਾ ਕਿਉਂਕਿ ਇਸ ਦਿਨ ਖਾਲਸਾ ਪੰਥ ਦੀ ਸਾਜਨਾ ਵਿਸਾਖੀ ਨੂੰ ਧਾਰਮਿਕ ਮਹੱਤਤਾ ਪ੍ਰਦਾਨ ਕਰਦੀ ਹੈ।
ਲਾਲਾ ਧਨੀ ਰਾਮ ਚਾਤਰਿਕ ਦੀ ਉਨੀਵੀਂ ਸਦੀ ਵਿੱਚ ਹਰੀ ਕ੍ਰਾਤੀ ਨਹੀਂ ਆਈ ਸੀ। ਇਸ ਸਮੇਂ ਦੌਰਾਨ ਕਣਕ ਦੀ ਫਸਲ ਬਿਨਾਂ ਖਾਦ ਪਾਣੀ ਤੋਂ ਹੁੰਦੀ ਸੀ। ਜਿਸ ਨੂੰ ਮਾਰੂ ਕਣਕ ਵੀ ਕਹਿੰਦੇ ਸਨ। ਖੇਤੀ ਦਾ ਸਾਧਨ ਬਲਦ ਹੁੰਦੇ ਸਨ। 6 ਮਹੀਨੇ ਕਣਕ ਦੀ ਫਸਲ ਨੂੰ ਲੰਮੇਂ ਪੈ-ਪੈ ਤੱਕਣਾ ਕਿਸਾਨ ਦੀ ਆਦਤ ਹੁੰਦੀ ਸੀ। ਜ਼ਿੰਮੀਦਾਰ ਦਾ ਦਾਰੋਮਦਾਰ ਕਣਕ ਤੇ ਟਿਕਿਆ ਸੀ। ਪਿੰਡਾਂ ਦੇ ਵਿਰਸੇ ਦੀ ਸੌਗਾਤ ਵਿਸਾਖੀ ਪੱਕੀ ਕਣਕ ਦੀ ਫਸਲ ਕਰਕੇ ਖੁਸ਼ਹਾਲੀ ਦੀ ਪ੍ਰਤੀਕ ਸੀ। ਇਸੇ ਵਿੱਚੋਂ ਮੇਲੇ ਦਾ ਸ਼ੌਕ ਉਪਜਦਾ ਸੀ। ਤਾਹੀਂਓ ਲਾਲਾ ਧਨੀ ਰਾਮ ਚਾਤਰਿਕ ਨੇ ਹਾਲਾਤਾਂ ਅਨੁਸਾਰ ਇਸ ਸਮੇਂ ਦਾ ਚਿਤਰਨ ਇਉਂ ਪੇਸ਼ ਕੀਤਾ ਸੀ:
”ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ,
ਪੱਗ ਝੱਗਾ ਚਾਦਰ ਨਵਾਂ ਸਿਵਾਇਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰ ਦਾ ਦਮਾਮੇ ਜੱਟ ਮੇਲੇ ਆ ਗਿਆ,
ਰੁੱਤਾਂ ਅਤੇ ਮੌਸਮ ਦੀ ਲਿਹਾਜ਼ ਨਾਲ ਵਿਸਾਖੀ ਦਾ ਮੇਲਾ ਪਿਛਲੇ ਸਮੇਂ ਵਾਂਗ ਚੱਲਦਾ ਹੈ। ਪਰ ਦੇਖਣ ਦਾ ਅਨੰਦ ਮਨੁੱਖੀ ਦੌੜ ਭੱਜ ਕਰਕੇ ਫਿੱੋਕਾ ਜਿਹਾ ਲੱਗਦਾ ਹੈ। ਦਾਦੇ ਦੇ ਮੋਢੇ ਤੇ ਪੋਤਾ, ਝੱਗਾ-ਚਾਦਰਾ ਅਤੇ ਸੰਮਾਂ ਵਾਲੀ ਡਾਂਗ ਅੱਜ ਮੇਲੇ ਦਾ ਦ੍ਰਿਸ਼ ਨਹੀਂ ਬਣਦੀ। ਕਬੱਡੀ ਅਤੇ ਸ਼ਰਤਾਂ ਲਾ ਕੇ ਜਲੇਬੀਆਂ ਖਾਣ ਦਾ ਰਿਵਾਜ਼ ਵੀ ਮੱਧਮ ਪੈ ਗਿਆ ਹੈ।
ਪੱਕੀ ਅਤੇ ਸੁਨਹਿਰੀ ਹੋਈ ਕਣਕ ਕਿਸਾਨ ਦੀਆਂ ਗਰਜ਼ਾਂ ਸਾਰਨ ਦਾ ਸੁਨੇਹਾ ਦਿੰਦੀ ਰਹੇਗੀ। ਹੁਣ ਪੱਕੀ ਫਸਲ ਨੂੰ ਕਿਸਾਨ ਹੱਥੀ ਦਾਤੀ ਪਾਉਣ ਦੀ ਬਜਾਏ ਮਸ਼ੀਨਾਂ ਨਾਲ ਕਟਵਾਉੰਂਦਾ ਹੈ। ਦਾਤੀਆਂ ਨੂੰ ਘੁੰਗਰੂ ਲਾਉਣ ਦਾ ਰਿਵਾਜ਼ ਵੀ ਅਤੀਤ ਦੀ ਬੁੱਕਲ ਵਿੱਚ ਅਲੋਪ ਹੋ ਗਿਆ ਹੈ। ਵਿਸਾਖੀ ਮੇਲੇ ਨੂੰ ਦੇਖਣ ਜਾਣ ਦੇ ਚਾਅ ਵਿੱਚ ਬੱਚੇ ਬੁੱਢੇ ਕਣਕ ਦਾ ਨਿਬੇੜਾ ਕਰਦੇ ਸਨ। ਪੰਜਾਬੀਆਂ ਦੀ ਮਾਣਮੱਤੀ ਵਿਰਾਸਤ ਵਿੱਚ ਕਣਕ ਕਿਸਾਨ ਅਤੇ ਵਿਸਾਖੀ ਦਾ ਰਿਸ਼ਤਾ ਇੱਕ ਵਿਰਾਸਤ ਵੱਜੋਂ ਕਾਇਮ ਰਹੇਗਾ। ਵਿਸਾਖੀ  ਪੰਜਾਬੀਆਂ ਦੀ ਰੂਹ, ਲੋਕ ਸਾਹਿਤ ਅਤੇ ਹਕੀਕਤ ਵਿੱਚ ਗੂੰਜਦੀ ਰਹੇਗੀ।

RELATED ARTICLES
POPULAR POSTS