Breaking News
Home / ਰੈਗੂਲਰ ਕਾਲਮ / ਵੈਸਾਖੀ

ਵੈਸਾਖੀ

ਲੈ. ਕ. ਨਰਵੰਤ ਸਿੰਘ ਸੋਹੀ
ਵੈਸਾਖਾ ਨਿਛੱਤਰ ਦੀ ਪੂਰਨਮਾਸ਼ੀ ਨੂੰ ਜੋ ਮਹੀਨਾ ਅਰੰਭ ਹੁੰਦਾ ਹੈ ਉਸ ਨੂੰ ਵੈਸਾਖ ਦਾ ਮਹੀਨਾ ਆਖਿਆ ਜਾਂਦਾ ਹੈ ਅਤੇ  ਵੈਸਾਖ ਦੇ ਪਹਿਲੇ ਦਿਨ ਵੈਸਾਖੀ ਮਨਾਈ ਜਾਂਦੀ ਹੈ। ਵੈਸਾਖ ਦਾ ਮਹੀਨਾ ਸਿੱਖ ਕੌਮ ਅਤੇ ਸਿੱਖ ਇਤਹਾਸ ਦਾ ਪ੍ਰਤੀਕ ਹੈ। ਬਹੁਤ ਸਾਰੇ ਇਤਹਾਸਕਾਰਾਂ ਨੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਵੈਸਾਖ ਮਹੀਨੇ ਵਿੱਚ ਹੋਇਆ ਲਿਖਿਆ ਹੈ। ਗੁਰੂ ਨਾਨਕ ਦੇਵ ਜੀ ਨੇ ਊਚ ਨੀਚ ਅਤੇ ਧਰਮਾਂ ਦਾ ਵਿਤਕਰਾ ਖਤਮ ਕਰਨ ਲਈ 27 ਸਾਲ ਪੈਦਲ ਸਫਰ ਕੀਤਾ। ਉਹਨਾਂ ਨੇ ਅਪਣੀ ਪਹਿਲੀ ਉਦਾਸੀ ਵੈਸਾਖੀ ਵਾਲੇ ਦਿਨ ਅਰੰਭ ਕੀਤੀ ਸੀ। ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਭੀ ਵੈਸਾਖ ਮਹੀਨੇ ਵਿੱਚ ਹੈ। ਵੈਸਾਖੀ ਵਾਲੇ ਦਿਨ ਹੀ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦਾ ਕੜ ਟੁੱਟਾ ਸੀ। ਵੈਸਾਖ ਵਦੀ 9 ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅਵਤਾਰ ਧਾਰਿਆ ਸੀ। ਵੈਸਾਖ ਦੇ ਮਹੀਨੇ ਵਿੱਚ ਹੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾਏ ਸਨ ਅਤੇ ਉਹਨਾਂ ਨੇ ਬਾਬਾ ਬਕਾਲਾ ਕਹਿਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਗੱਦੀ ਬਖਸ਼ੀ ਸੀ ਅਤੇ ਵੈਸਾਖ ਵਦੀ ੫ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਅਵਤਾਰ ਧਾਰਿਆ ਸੀ। ਜਲਿਆਂਵਾਲਾ ਬਾਗ਼ ਦਾ ਸਾਕਾ ਭੀ ਵੈਸਾਖੀ ਵਾਲੇ ਦਿਨ ਹੀ ਵਾਪਰਿਆ ਸੀ।
1699 ਈ:ਦੀ ਵੈਸਾਖੀ ਸਿੱਖ ਇਤਿਹਾਸ ਵਿੱਚ ਇੱਕ ਮੀਲ ਪੱਥਰ ਹੈ ਕਿਉਂਕਿ ਇਸ ਦਿਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕੀਤੀ ਸੀ। ਕਿਸੇ ਭੀ ਕੌਮ ਦੇ ਬੰਦੇ ਨੂੰ ਇਹ ਪੁੱਛੋ ਕਿ ਉਸਦੀ ਕੌਮ ਦਾ ਸਾਜਨਾ ਦਿਵਸ ਕਿਹੜਾ ਹੈ, ਉਹ ਨਹੀਂ ਦੱਸ ਸਕਦਾ। ਪਰ ਸਿੱਖ ਕੌਮ ਇੱਕ ਅਜੇਹੀ ਕੌਮ ਹੈ ਜੋ ਬੜੇ ਫਖ਼ਰ ਨਾਲ ਕਹਿ ਸਕਦੀ ਹੈ ਕਿ ਸਾਡੀ ਕੌਮ ਦਾ ਸਾਜਨਾ ਦਿਵਸ 1699 ਈ: ਦੀ ਵੈਸਾਖੀ ਹੈ।
ਵੈਸਾਖੀ ਦਾ ਦਿਨ ਆਮ ਕਰਕੇ 13 ਜਾਂ 14 ਅਪਰੈਲ ਨੂੰ ਹੁੰਦਾ ਹੈ ਪਰ ਕਈ ਲੋਕ 1699 ਈ: ਦੀ ਵੈਸਾਖੀ 30 ਮਾਰਚ ਨੂੰ ਦਸਦੇ ਹਨ। ਆਓ ਪਹਿਲਾਂ ਇਸ ਦਾ ਹੀ ਫੈਸਲਾ ਕਰ ਲਈਏ। ਜੂਲੀਅਨ ਕੈਲੰਡਰ,ਜਿਸ ਅਨੁਸਾਰ ਪੱਛਮੀ ਦੇਸਾਂ ਦੇ ਕੈਲੰਡਰ ਚਲਦੇ ਹਨ, ਜੂਲੀਅਸ ਸੀਜ਼ਰ ਨੇ 46 ਬੀ.ਸੀ.ਵਿੱਚ ਸਵੀਕਾਰ ਕੀਤਾ ਸੀ। ਉਸ ਕੈਲੰਡਰ ਅਨੁਸਾਰ ਸਾਲ 365 ਦਿਨ 5 ਘੰਟੇ ਤੇ ਕੁਝ ਮਿੰਟਾਂ ਦਾ ਹੁੰਦਾ ਹੈ ਜਿਸ ਕਰਕੇ ਹਿਸਾਬ ਪੂਰਾ ਕਰਨ ਲਈ ਹਰ ਚਾਰ ਸਾਲ ਮਗਰੋਂ ਲੀਪ ਦਾ ਸਾਲ ਹੁੰਦਾ ਹੈ ਜਿਸਦੇ 366 ਦਿਨ ਹੁੰਦੇ ਹਨ। ਇਹ ਸਭ ਕੁਝ ਕਰਨ ਮਗਰੋਂ ਭੀ ਹਿਸਾਬ ਪੂਰਾ ਨ ਹੋਇਆ। 1582 ਈ: ਵਿੱਚ ਹਿਸਾਬ ਕੀਤਾ ਤਾਂ ਇਹ ਗਲਤੀ 10 ਦਿਨ ਦੀ ਨਿਕਲੀ। ਪੋਪ ਨੇ ਐਲਾਨ ਕਰ ਦਿੱਤਾ ਕਿ 4 ਅਕਤੂਬਰ 1582 ਈ: ਤੋਂ ਅਗਲਾ ਦਿਨ 15 ਅਕਤੂਬਰ 1582 ਈ: ਹੋਵੇਗਾ। ਇਹ ਗਲਤੀ ਠੀਕ ਕਰਨ ਲਈ ਕੈਲੰਡਰ ਨੂੰ ਇੱਕ ਰਾਤ ਵਿੱਚ 10 ਦਿਨ ਦੀ ਛਾਲ ਮਰਵਾ ਦਿੱਤੀ। ਇਹ ਹਿਸਾਬ ਕਿਤਾਬ  1699 ਈ: ਦੀ ਵੈਸਾਖੀ ਤੋਂ 117 ਸਾਲ ਪਹਿਲਾਂ ਹੋ ਚੁਕਿਆ ਸੀ। ਇਸ ਕਰਕੇ 1699 ਈ: ਦੀ ਵੈਸਾਖੀ 13 ਅਪਰੈਲ ਦੀ ਹੀ ਸੀ।
ਵੈਸਾਖੀ ਭਾਰਤ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ ਜੋ ਕਿ ਹਰ ਇੱਕ ਪ੍ਰਾਂਤ ਵਿੱਚ ਕਿਸੇ ਨ ਕਿਸੇ ਰੂਪ ਵਿੱਚ ਮਨਾਇਆ ਜਾਂਦਾ ਹੈ। ਆਸਾਮ ਵਿੱਚ ਇਸਨੂੰ ਵਿਹੂ ਆਖਿਆ ਜਾਂਦਾ ਹੈ। ਹਰ ਸ਼ਹਿਰ ਵਿੱਚ ਕੰਵਾਰੀਆਂ ਕੁੜੀਆਂ ਦੀ ਸੁੰਦਰਤਾ ਦਾ ਮੁਕਾਬਲਾ ਹੁੰਦਾ ਹੈ ਅਤੇ ਸਭ ਤੋਂ ਸੋਹਣੀ ਕੁੜੀ ਨੂੰ ਵਿਹੂ ਕੁਈਨ ਦਾ ਖਿਤਾਬ ਦਿੱਤਾ ਜਾਂਦਾ ਹੈ ਜਿਹੜਾ ਇੱਕ ਸਾਲ ਲਈ ਬਰਕਰਾਰ ਰਹਿੰਦਾ ਹੈ। ਦਖਣੀ ਭਾਰਤ ਵਿੱਚ ਇਸ ਤਿਉਹਾਰ ਨੂੰ ਵਿਸ਼ੂ ਕਹਿੰਦੇ ਹਨ ਅਤੇ ਉਤੱਰੀ ਭਾਰਤ ਵਿੱਚ ਵੈਸਾਖੀ ਆਖਿਆ ਜਾਂਦਾ ਹੈ।
ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਵਿੱਚ ਵੈਸਾਖ ਮਹੀਨੇ ਦੀ ਪ੍ਰਸੰਸਾ ਕਰਦੇ ਹੋਏ ਉਚਾਰਿਆ ਸੀ:-
‘ਵੈਸਾਖ ਭਲਾ ਸਾਖਾ ਵੇਸ ਕਰੇ”॥ ਇਸਦੇ ਅਰਥ ਹਨ ਕਿ ਵੈਸਾਖ ਦਾ ਮਹੀਨਾ ਚੰਗਾ ਲਗਦਾ ਹੈ। ਰੁੱਖਾਂ ਦੀਆਂ ਲਗਰਾਂ ਸੱਜ ਵਿਆਹੀਆਂ ਵਾਂਗ ਕੂਲੇ ਕੂਲੇ ਪੱਤਿਆਂ ਨਾਲ ਸ਼ਿੰਗਾਰ ਕਰਦੀਆਂ ਹਨ। ਇਸ ਤੋਂ ਮਗਰੋਂ ਗੁਰੂ ਅਰਜਨ ਦੇਵ ਜੀ ਨੇ ਮਾਂਝ ਰਾਗ ਵਿੱਚ ਵੈਸਾਖ ਮਹੀਨੇ ਦੀ ਮਹੱਤਤਾ ਇਸ ਤਰਾਂ ਲਿਖੀ ਹੈ :
‘ਵੈਸਾਖਿ ਧੀਰਨਿ ਕਿਓ ਵਾਢੀਆ ਜਿਨਾ ਪ੍ਰੇਮ ਬਿਛੋਹੁ॥
ਵੈਸਾਖੀ ਮਨਾਉਣ ਦਾ ਇਤਹਾਸ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਅਰੰਭ ਹੋਇਆ। ਗੁਰੂ ਘਰ ਵਿੱਚ ਸਭ ਤੋਂ ਪਹਿਲਾਂ ਵੈਸਾਖੀ ਦਾ ਮੇਲਾ ਡੱਲਾ ਨਿਵਾਸੀ ਭਾਈ ਪਾਰੋ ਪ੍ਰਮ ਹੰਸ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਆਗਿਆ ਨਾਲ ਗੋਇੰਦਵਾਲ ਸਾਹਿਬ ਵਿਖੇ ਅਰੰਭ ਕੀਤਾ। ਉਸ ਦਿਨ ਧਰਮ ਦਾ ਚਿੱਟਾ ਝੰਡਾ ਝੁਲਾਇਆ ਗਿਆ। ਇਸਦਾ ਜ਼ਿਕਰ ਭੱਟਾਂ ਨੇ ਸਵੱਯੇ ਮਹਲੇ ਤੀਜੇ ਕੇ ਵਿੱਚ ਲਿਖਿਆ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1393 ਤੇ ਅੰਕਤ ਹੈ। ਉਹ ਇਸ ਤਰਾਂ ਹੈ :
‘ਜਿਸੁ ਧੀਰਜੁ ਧੁਰਿ ਧਵਲ ਧੁਜਾ ਸੇਤਿ ਬੈਕੁੰਠ ਬੀਨਾ॥ ਇਸ ਤੋਂ ਮਗਰੋਂ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਵਿਖੇ ਵੈਸਾਖੀ ਦਾ ਮੇਲਾ ਬੜੀ ਧੂਮ ਧਾਮ ਨਾਲ ਮਨਾਉਣਾ ਅਰੰਭ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਤੋਂ ਇਲਾਵਾ ਸ੍ਰੀ ਤਰਨ ਤਾਰਨ ਅਤੇ ਕਰਤਾਰਪੁਰ ਵਿਖੇ ਮੇਲੇ ਅਰੰਭ ਕਰਵਾਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਹਰਗੋਬਿੰਦਪੁਰ ਸਾਹਿਬ ਅਤੇ ਕੀਰਤਪੁਰ ਵਿਖੇ ਮੇਲੇ ਅਰੰਭ ਕਰਵਾਏ। ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੇ ਕੀਰਤਪੁਰ ਦੇ ਮੇਲੇ ਨੂੰ ਮੈਦਾਨੀ ਇਲਾਕੇ ਵਿੱਚ ਉਤਾਰਿਆ। 1699 ਈ: ਦੀ ਵੈਸਾਖੀ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਪੁਰਾਣੇ ਮਨੁੱਖ ਵਿੱਚ ਨਵੀਂ ਮਨੁੱਖਤਾ ਲਿਆਕੇ ਖਾਲਸਾ ਸਾਜਿਆ।
ਖਾਲਸਾ ਇੱਕ ਸ਼੍ਰੇਣੀ ਜਾਂ ਫੌਜ ਦਾ ਨਾਮ ਹੈ। ਖਾਲਸਾ ਫਾਰਸੀ ਭਾਸ਼ਾ ਦਾ ਲਫਜ਼ ਹੈ। ਉਰਦੂ ਦੇ ਕੋਸ਼ ਲੁਗਾਤੇ ਕਸ਼ੋਰੀ ਵਿੱਚ ਖਾਲਸਾ ਲਫਜ਼ ਦੇ ਅਰਥ ਇਹ ਲਿਖੇ ਹਨ : ਵੋਹ ਜ਼ਮੀਨ ਬਾਦਸ਼ਾਹੀ ਜੋ ਕਿਸੀ ਕੀ ਜਾਗੀਰ ਨ ਹੋ। ਪਾਕਿਸਤਾਨ ਦੇ ਰਾਵਲਪਿੰਡੀ ਜ਼ਿਲ੍ਹੇ ਵਿੱਚ ਕੁਝ ਪਿੰਡ ਹਨ ਜਿਨ੍ਹਾ ਦਾ ਨਾਮ ਰਜਵਾੜਿਆਂ ਦੇ ਨਾਮ ਤੇ ਰੱਖਿਆ ਗਿਆ ਹੈ, ਜਿਵੇਂ ਕਿ ਦੋਹਰਾ ਖਾਲਸਾ,ਬੋਹਾ ਖਾਲਸਾ ਆਦਿ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭੀ ਅਪਣੀ ਫੌਜ ਦਾ ਨਾਮ ਖਾਲਸਾ ਰੱਖਿਆ ਅਤੇ ਵਰ ਦਿੱਤਾ :
‘ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ”।
ਸਿੱਖ ਧਰਮ ਵਿੱਚ ਖਾਲਸਾ ਲਫਜ਼ ਕਬੀਰ ਸਾਹਿਬ ਦੇ ਸਮੇਂ ਤੋਂ ਵਰਤਿਆ ਜਾਂਦਾ ਹੈ। ਕਬੀਰ ਸਾਹਿਬ ਨੇ ਫਰਮਾਇਆ ਹੈ:-
”ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥ (ਅੰਗ 655)। ਛੇਵੇਂ ਪਾਤਸ਼ਾਹ ਨੇ ਪੂਰਬ ਦੀ ਸੰਗਤ ਨੂੰ ਭੀ ਖਾਲਸਾ ਲਿਖਿਆ ਹੈ। ਉਨ੍ਹਾਂ ਦਾ ਲਿਖਿਆ ਹੁਕਮਨਾਮਾ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਮੌਜੂਦ ਹੈ, ਜਿਸ ਵਿੱਚ ਲਿਖਿਆ ਹੈ:-
”ਭਾਈ ਜਪੁ, ਭਾਈ ਗੁਰਦਾਸ, ਭਾਈ ਮੁਰਾਰੀ ਬਾਈ ਜੈਤਾ,ਭਾਈ ਦਿਆਲਾ ਗੁਰ ਗੁਰ ਜਪਣਾ ਨਾਮ ਸਵਰੇ। ਸੰਗਤ ਕੀ ਕਾਮਨਾ ਪੂਰੀ ਹੋਗੀ। ਪੂਰਬ ਕੀ ਸੰਗਤ ਗੁਰੂ ਕਾ ਖਾਲਸਾ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਦਾ ਪਾਕਪਟਨ ਦੀ ਸੰਗਤ ਨੂੰ ਲਿਖਿਆ ਹੁਕਮਨਾਮਾ ਭੀ ਇਹੀ ਸੰਕੇਤ ਦਿੰਦਾ ਹੈ ਕਿ ਗੁਰੂ ਜੀ ਅਪਣੇ ਪਿਆਰੇ ਗੁਰ ਸਿੱਖਾਂ ਨੂੰ ਖਾਲਸਾ ਕਹਿਕੇ ਹੀ ਮੁਖਾਤਿਬ ਹੁੰਦੇ ਸਨ ਹੁਕਮਨਾਮੇ ਦੇ ਸ਼ਬਦ ਇਸ ਪ੍ਰਕਾਰ ਹਨ : ਸ੍ਰੀ ਗੁਰੂ ਜੀਓ ਦੀ ਆਗਿਆ ਭਾਈ ਬਠਾ ਸਰਬਤ ਸੰਗਤ ਪਟਨ ਗੁਰੂ ਸਾਹਿਬ ਦੀ ਬਾਹੁੜੀ ਕਰੇਗਾ। ਸੰਗਤ ਦਾ ਗੁਰ ੂਰਜਗਾਰ ਕਰੇਗਾ। ਸਭ ਮਨੋਰਥ ਪੂਰੇ ਹੋਣਗੇ।ਸਭ ਸੰਗਤ ਦੀਵਾਲੀ ਨੂੰ ਦਰਸ਼ਨ ਆਵਣਾ। ਸੋ ਸਿੱਖ ਦਰਸ਼ਨ ਆਵਰਾ ਸੋ ਨਿਹਾਲ ਹੋਗੂ। ਪਟਨ ਕੀ ਸੰਗਤ ਸ੍ਰੀ ਗੁਰੂ ਜੀਓ ਕਾ ਖਾਲਸਾ ਹੈ…। ਇਹ ਸਾਰੇ ਹੁਕਮਨਾਮੇ 1699 ਈ: ਦੀ ਵੈਸਾਖੀ ਤੋਂ ਪਹਿਲਾਂ ਲਿਖੇ ਗਏ ਹਨ।
ਸਿੱਖ ਧਰਮ ਵਿੱਚ ਮੁੱਢ ਤੋਂ ਹੀ ਪੰਜ ਗੁਰਮੁਖਾਂ ਦੀ ਪ੍ਰਧਾਨਤਾ ਚਲੀ ਆ ਰਹੀ ਹੈ,ਜਿਹਾ ਕਿ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਅੰਕਤ ਹੈ:-
”ਪੰਚ ਪਰਵਾਣ ਪੰਚ ਪਰਦਾਨੁ॥ ਪੰਚੇ ਪਾਵਹਿ ਦਰਗਹਿ ਮਾਨੁ॥…ਜਪੁ
”ਗੁਰਮਤਿ ਪੰਚ ਸਖੇ ਗੁਰਭਾਈ’… ਮਾਰੂ ਸੋਹਲਾ ਮ:੧
ਪੰਚ ਮਿਲੇ ਪਰਪੰਚ ਤਜ ਸਾਧ ਸੰਗਤਿ ਸੋਹਨਿ ਗੁਰਭਾਈ॥….ਭਾਈ ਗੁਰਦਾਸ
”ਗੁਰ ਘਰ ਕੀ ਮਰਯਾਦਾ ਪੰਚਹੁ॥…ਗੁਰ ਪ੍ਰਤਾਪ ਸੂਰਯ
ਗੁਰੂ ਨਾਨਕ ਦੇਵ ਜੀ ਨੇ ਪੂਰਨ ਪੁਰਖ ਦੀ ਕਲਪਨਾ ਕੀਤੀ। ਉਨ੍ਹਾਂ ਨੇ ਸਿੱਖ ਕੌਮ ਨੂੰ ਸੰਦੇਸ਼ ਦਿੱਤਾ :
”ਜਉ ਤਉ ਪ੍ਰੇਮ ਖੇਲਨ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ’॥…ਅੰਗ (1412)
ਅਨੇਕਾਂ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਦਾ ਨਾਮ ਇਤਹਾਸ ਵਿੱਚ ਨਹੀਂ ਆਉਂਦਾ। ਪਰ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਨੇ 1675 ਈ : ਵਿੱਚ ਦਿੱਲੀ ਦੇ ਚਾਂਦਨੀ ਚੌਕ ਵਿੱਚ ਅਪਣਾ ਸਿਰ ਤਲੀ ਤੇ ਧਰਕੇ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਤੇ ਫੁੱਲ ਚੜ੍ਹਾਏ। ਇਨ੍ਹਾਂ ਬਚਨਾਂ ਨੂੰ ਹੋਰ ਰੰਗਤ ਦੇਣ ਲਈ 1699 ਈ : ਦੀ ਵੈਸਾਖੀ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਸਾਜਿਆ ਤਾਂ ਪੰਜਾਂ ਸਿੱਖਾਂ ਨੇ ਅਪਣੇ ਸੀਸ ਭੇਟ ਕਰਕੇ ਸਿੱਖ ਕੌਮ ਦਾ ਪਰਮੁਖ ਮਾਣ ਪ੍ਰਾਪਤ ਕੀਤਾ। ਪਰ ਕੀ ਕੋਈ ਮੌਕੇ ਦਾ ਅਗਵਾਹ ਸੀ ਜਿਸਨੇ ਲਿਖਤੀ ਰੂਪ ਵਿੱਚ ਮੰਨਿਆ ਹੋਵੇ ਕਿ ਪੰਜ ਸਿੱਖਾਂ ਨੇ ਉਸਦੇ ਸਾਹਮਣੇ ਸੀਸ ਭੇਟ ਕੀਤੇ?
ਜੀ ਹਾਂ, ਇੱਕ ਅਗਵਾਹ ਸੀ ਜਿਸਦਾ ਨਾਮ ਸੀ ਅਬੂਉਲਾ ਤਰਾਨੀ ਜਿਹੜਾ ਔਰੰਗਜ਼ੇਬ ਨੂੰ ਗੁਰੂ ਸਾਹਿਬ ਬਾਰੇ ਰੋਜ਼ਾਨਾ  ਸੂਚਨਾ ਭੇਜਦਾ ਸੀ। ਇਹ ਇੱਕ ਬ੍ਰਾਹਮਣ ਸੀ ਜੋ ਫਾਰਸੀ ਦਾ ਵਿਦਵਾਨ ਸੀ ਜਿਸਨੂੰ ਔਰੰਗਜ਼ੇਬ ਨੇ ਜ਼ਬਰਦਸਤੀ ਮੁਸਲਮਾਨ ਬਣਾਇਆ ਸੀ। ਗੁਰੂ ਸਾਹਿਬ ਦੀ ਵੱਧ ਰਹੀ ਤਾਕਤ ਨੂੰ ਦੇਖਕੇ ਔਰੰਗਜ਼ੇਬ ਨੇ ਅਬੂਉਲਾ ਤਰਾਨੀ ਨੂੰ ਆਖਿਆ ਕਿ ਤੂੰ ਬ੍ਰਾਹਮਣਾਂ ਵਾਲੇ ਪਾਖੰਡ ਜਾਣਦਾ ਹੈਂ, ਤੂੰ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਅਨੰਦਪੁਰ ਚਲਿਆ ਜਾ ਅਤੇ ਸੂਚਨਾ ਭੇਜਦਾ ਰਹੀਂ।
ਅਬੂਉਲਾ ਤਰਾਨੀ ਔਰੰਗਜ਼ੇਬ ਦਾ ਹੁਕਮ ਮੰਨਕੇ ਅਨੰਦਪੁਰ ਸਾਹਿਬ ਪਹੁੰਚ ਗਿਆ ਅਤੇ ਗੁਰੂ ਸਾਹਿਬ ਦੇ ਮਾਲੀ ਗੁਲਾਬੇ ਕੋਲ ਰਹਿਣ ਲੱਗਾ। ਹਰ ਰੋਜ਼ ਦਸ਼ਮੇਸ਼ ਜੀ ਦੇ ਦਰਬਾਰ ਵਿੱਚ ਜਾਂਦਾ ਅਤੇ ਉਹਨਾਂ ਦੇ ਚਰਨਾਂ ਤੇ ਡੰਡਵਤ ਪ੍ਰਣਾਮ ਕਰਦਾ ਅਤੇ ਗੁਰੂ ਜੀ ਮੁਸਕਰਾਕੇ ਉਸਨੂੰ ਆਸ਼ੀਰਵਾਦ ਦਿੰਦੇ ਕਿਉਂਕਿ ਗੁਰੂ ਜੀ ਨੂੰ ਉਸ ਦੀ ਕਰਤੂਤ ਬਾਰੇ ਖ਼ਬਰ ਮਿਲ ਚੁਕੀ ਸੀ। ਭਾਈ ਵੀਰ ਸਿੰਘ ਭੀ ਦਸ਼ਮੇਸ਼ ਚਮਤਕਾਰ ਵਿੱਚ ਅਬੂਉਲ ਤਰਾਨੀ ਦਾ ਜ਼ਿਕਰ ਕਰਦੇ ਹਨ। ਡੇਢ ਦੋ ਸਾਲ ਉਹ ਰੀਪੋਰਟ ਭੇਜਦਾ ਰਿਹਾ। ਅਖ਼ੀਰ 1699 ਈ: ਦੀ ਵੈਸਾਖੀ ਦਾ ਦਿਨ ਆਇਆ। ਅਬੂਉਲ਼ ਤਰਾਨੀ ਗੁਰੂ ਸਾਹਿਬ ਦੇ ਦਰਬਾਰ ਵਿੱਚ ਹਾਜ਼ਰ ਸੀ ਅਤੇ ਅਪਣੀ ਰੀਪੋਰਟ ਵਿੱਚ ਅੱਖੀਂ ਡਿੱਠਾ ਹਾਲ ਇਸ ਤਰਾਂ ਦਰਜ ਕੀਤਾ :
”ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਅੰਮ੍ਰਿਤ ਤਿਆਰ ਕੀਤਾ ਦੀਵਾਨ ਵਿੱਚ ਹਾਜਰੀ 35-40 ਹਜ਼ਾਰ ਸੀ। ਮੁਗਲਾਂ ਦੇ ਚਾਰ ਤਖ਼ਤ ਸਨ, ਦਿੱਲੀ,ਅਗਰਾ,ਲਾਹੌਰ ਅਤੇ ਕਲਾਨੌਰ, ਪਰ ਗੁਰੂ ਦੇ ਤਖ਼ਤ ਦੀ ਸੋਭਾ ਨਿਰਾਲੀ ਸੀ। ਇਹ ਤਖ਼ਤ ਮੁਗਲ ਬਾਦਸ਼ਾਹਾਂ ਦੇ ਤਖ਼ਤ ਨੂੰ ਮਾਤ ਕਰਦਾ ਸੀ। ਉਸ ਦਿਨ ਲਿਬਾਸ ਚੜ੍ਹਤ ਜਲਾਲ ਅਤੇ ਤੇਜ ਅਝੱਲਵਾਂ ਸੀ। ਗੁਰੂ ਜੀ ਦਰਬਾਰ ਵਿੱਚ ਆਏ ਅਤੇ ਕਿਰਪਾਨ ਨੂੰ ਮਿਆਨ ਵਿਚੋਂ ਕੱਢ ਨੰਗੀ ਕਰਕੇ ਫੜ ਬਾ ਅਵਾਜ਼ ਬੁਲੰਦ ਕਿਹਾ, ਮੈਨੂੰ ਇੱਕ ਸਿਰ ਦੀ ਲੋੜ ਹੈ। ਬਿਗੈਰ ਦੇਰ ਸੋਚ ਵਿਚਾਰ ਅਤੇ ਕਿਸੇ ਹੀਲ-ਹੁਜਤ ਦੇ ਦਇਆ ਰਾਮ ਆ ਹਾਜਰ ਹੋਇਆ। ਗੁਰੂ ਨੇ ਭਰੇ ਦਰਬਾਰ ਵਿੱਚ ਜਿੱਥੇ ਉਹ ਖਲੋਤੇ ਸਨ ਸਭਨਾਂ ਦੇ ਸਾਹਮਣੇ ਇੱਕ ਵਾਰ ਕੀਤਾ ਅਤੇ ਸਿਰ ਧੜ ਨਾਲੋਂ ਜੁਦਾ ਹੋ ਗਿਆ। ਦੀਵਾਨ ਵਿੱਚ ਸਨਸਨੀ ਫੈਲ ਗਈ ਅਤੇ ਬਹੁਤੇ ਆਦਮੀ ਅਵਾਕ ਰਹਿ ਗਏ। ਗੁਰੂ ਜੀ ਨੇ ਫਿਰ ਗਰਜਵੀਂ ਤੇ ਕੜਕਵੀਂ ਆਵਾਜ਼ ਵਿੱਚ ਕਿਹਾ,’ਮੈਨੂੰ ਹੋਰ ਸਿਰ ਦੀ ਲੋੜ ਹੈ”। ਝੱਟ ਧਰਮ ਚੰਦ ਉਠਿਆ ਜਾ ਗੁਰੂ ਜੀ ਨੂੰ ਨਿਮਕਸਾਰ ਕੀਤੀ ਅਤੇ ਗੁਰੂ ਜੀ ਦੇ ਇੱਕ ਵਾਰ ਨੇ ਇਸ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ। ਦੀਵਾਨ ਵਿੱਚ ਹਲਚਲੀ ਮੱਚ ਗਈ,ਭਾਜੜ ਪੈ ਗਈ। ਗੁਰੂ ਜੀ ਨੇ ਫੇਰ ਬਾ ਆਵਾਜ਼ ਬੁਲੰਦ ਇੱਕ ਹੋਰ ਸਿਰ ਮੰਗਿਆ ਅਤੇ ਯਕੇ ਬਾਦ ਦੀਗਰੇ ਹਿੰਮਤ ਰਾਏ, ਮੋਹਕਮ ਚੰਦ, ਸਾਹਿਬ ਰਾਮ ਇਹਨਾਂ ਪੰਜਾਂ ਨੂੰ ਕਤਲ ਕਰ ਦਿੱਤਾ। ਸਿਰ ਧੜਾਂ ਨਾਲੋਂ ਵੱਖਰੇ ਕਰ ਦਿੱਤੇ। ਕਈ ਆਦਮੀ ਗੁਰੂ ਜੀ ਦੀ ਮਾਤਾ ਕੋਲ ਪਹੁੰਚ ਗਏ ਅਤੇ ਸਾਰੀ ਵਿਥਿਆ ਸੁਣਾਈ। ਗੁਰੂ ਜੀ ਨੇ ਉਹਨਾਂ ਪੰਜਾਂ ਦੇ ਸਰੀਰਾਂ ਤੇ ਕੱਪੜਿਆਂ ਨੂੰ ਚੰਗੀ ਤਰਾਂ ਧੋ ਦਿੱਤਾ। ਫਰਸ਼ ਭੀ ਸਾਫ ਕੀਤਾ ਅਤੇ ਖੂਨ ਦਾ ਕੋਈ ਦਾਗ਼ ਕਿਤੇ ਵੀ ਨ ਰਹਿਣ ਦਿੱਤਾ। ਫਿਰ ਉਸ ਕਾਫ਼ਰਾਂ ਦੇ ਪੀਰ ਨੇ ਇੱਕ ਦਾ ਸਿਰ ਦੂਸਰੇ ਦੇ ਧੜ ਨਾਲ ਅਤੇ ਸਿਰ ਤੇ ਧੜ ਰਲਾ ਮਿਲਾ ਕੇ ਦੂਸਰਿਆਂ ਧੜਾਂ ਨਾਲ ਦੂਸਰੇ ਸਿਰ ਲਾ ਕੇ ਪਹਿਰ ਕੁ ਵਿੱਚ ਚੰਗੀ ਤਰ੍ਹਾਂ ਹਿਕਮਤੇ ਅਮਲੀ ਨਾਲ ਸੀ ਦਿੱਤੇ ਅਤੇ ਉਹਨਾਂ ਪੰਜਾਂ ਲਾਸ਼ਾਂ ਉਤੇ ਚਿੱਟੇ ਕਪੜੇ ਪਾ ਦਿੱਤੇ, ਫੇਰ ਇੱਕ ਪੱਥਰ ਦਾ ਕੂੰਡਾ ਮੰਗਾ ਅਤੇ ਉਸ ਤੇ ਲੋਹੇ ਦੀ ਇੱਕ ਕੜਾਹੀ ਜਿਸਨੂੰ ਕੁੰਡੇ ਨਹੀਂ ਸੀ ਲੱਗੇ ਹੋਏ, ਰੱਖ ਪਾਣੀ ਪਾ ਆਬੇ ਹਿਯਾਤ ਬਨਾਉਣ ਲੱਗ ਪਿਆ। ਕਾਫਰਾਂ ਦਾ ਪੀਰ ਉਸ ਕੜਾਹੀ ਵਿੱਚ ਤਲਵਾਰ ਫੇਰਦਾ ਰਿਹਾ ਅਤੇ ਕੋਈ ਕਲਮਾਂ ਪੜ੍ਹਦਾ ਰਿਹਾ। ਇਹ ਅਮਲ ਕੋਈ ਅੱਧਾ ਪੌਣਾ ਪਹਿਰ ਹੁੰਦਾ ਰਿਹਾ। ਏਸੇ ਸਮੇਂ ਕਾਫਰਾਂ ਦੇ ਪੀਰ ਦੀ ਕਿਸੇ ਔਰਤ ਨੇ ਉਸ ਕੜਾਹੀ ਵਿੱਚ ਕੁਝ ਲਿਆਕੇ ਪਾ ਦਿੱਤਾ। ਹੁਣ ਆਬੇ ਹਿਯਾਤ ਤਿਆਰ ਹੋ ਚੁਕਾ ਸੀ।
ਗੁਰੂ ਜੀ ਨੇ ਉਹਨਾਂ ਲਾਸ਼ਾਂ ਤੋਂ ਪਰਦਾ ਚੁੱਕ ਪਹਿਲਾਂ ਦਇਆ ਸਿੰਘ ਦੇ ਸਿਰਹਾਣੇ ਬੈਠ ਮੂੰਹ ਖੋਲ ਆਬੇ ਹਿਯਾਤ ਉਸ ਦੇ ਮੂੰਹ ਵਿੱਚ ਪਾ ਦਿੱਤਾ। ਸਿਰ ਦੇ ਵਾਲਾਂ ਵਿੱਚ ਪਾਇਆ ਅਤੇ ਸਾਰੇ ਸਰੀਰ ਤੇ ਛਿੜਕਿਆ ਤੇ ਆਖਿਰ ”ਬੋਲੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ’॥ ਏਹ ਕਹਿੰਦੇ ਸਾਰ ਹੀ ਦਇਆ ਸਿੰਘ ਉਠ ਕੇ ਖਲੋ ਗਿਆ ਅਤੇ ਉਚੀ ਸਾਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲਿਆ। ਭਰੇ ਦੀਵਾਨ ਵਿੱਚ ਸਕਤੇ ਦਾ ਆਲਮ ਛਾ ਗਿਆ, ਹਜ਼ਾਰਾਂ ਇਨਸਾਨ ਦੇ ਹੁੰਦਿਆਂ ਹੋਇਆਂ ਵੀ ਕੋਈ ਸਾਹ ਨਹੀਂ ਲੈ ਰਿਹਾ ਸੀੇ ਅਤੇ ਦੀਵਾਨ ਵਿੱਚ ਬੈਠੇ ਆਦਮੀ ਗੁਰੂ ਦੀ ਕਰਾਮਾਤ ਉਤੇ ਮੁਗਧ ਹੋਏ ਕਿਸੇ ਜਾਦੂ ਦੇ ਅਸਰ ਹੇਠ ਕੀਲੇ ਹੋਏ ਬੈਠੇ ਸਨ। ਇਸੇ ਤਰ੍ਹਾਂ ਉਸ ਦੇ ਬਾਅਦ ਯਕੇਬਾਦ ਦੀਗਰੇ ਬਾਕੀ ਦੇ ਉਹਨਾਂ ਚੌਹਾਂ ਨੂੰ ਵੀ ਆਬੇ ਹਿਯਾਤ ਪਲਾ ਉਸੇ ਤਰਾਂ ਵਾਲਾਂ ਅਤੇ ਸਰੀਰ ਉਤੇ ਆਬੇ ਹਿਯਾਤ ਛਿੜਕ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ-ਬੁਲਾ ਉਹਨਾਂ ਨੂੰ ਵੀ ਮੁੜ ਜਿੰਦਾ ਕਰ ਦਿੱਤਾ ਤੇ ਗੁਰੂ ਉਹਨਾਂ ਨੂੰ ਤੰਬੂ ਵਿੱਚ ਲੈ ਗਿਆ। ਕੁੱਝ ਚਿਰ ਬਾਦ ਗੁਰੂ ਆਪ ਵੀ ਅਤੇ ਉੋਹ ਪੰਜੇ ਆਦਮੀ ਪਿੱਛੇ ਪਿੱਛੇ ਤੰਬੂ ਤੋਂ ਬਾਹਰ ਨਿਕਲ ਆਏ। ਹੁਣ ਉਹਨਾਂ ਨਵੇਂ ਲਿਬਾਸ ਪਾਏ ਹੋਏ ਸਨ। ਉਹ ਪੰਜੇ ਮੁੜ ਜਿੰਦਾ ਕੀਤੇ ਆਦਮੀ ਤੰਬੂ ਤੋਂ ਬਾਹਰ ਆ ਖਲੋ ਗਏ ਅਤੇ ਗੁਰੂ ਜੀ ਨੇ ਬੀਰ ਆਸਨ ਕਰ ਉਹਨਾਂ ਤੋਂ ਆਪ ਆਬੇ ਹਿਯਾਤ ਮੰਗਿਆ। ਉਹਨਾਂ ਨੇ ਪੁਛਿਆ ਤੁਸੀਂ ਇਸ ਅਮੋਲ ਵਸਤੂ ਲਈ ਕੀ ਦਿੱਤਾ?” ਗੁਰੂ ਜੀ ਕਿਹਾ :
”ਮੈਂ ਪ੍ਰਣ ਕਰਦਾ ਹਾਂ ਮੈਂ ਆਪਣੇ ਮਾਤਾ-ਪਿਤਾ ਔਲਾਦ, ਆਪ ਤੇ ਸਭ ਕੁਝ ਕੁਰਬਾਨ ਕਰ ਦਿਆਂਗਾ ਅਤੇ ਇਸ ਤੇ ਉਹਨਾਂ ਪੰਜਾਂ ਨੇ  ਗੁਰੂ ਜੀ ਨੂੰ ਆਬੇ ਹਿਯਾਤ ਦਿੱਤਾ ਅਤੇ ਗੁਰੂ ਜੀ ਦਾ ਨਾਮ ਉਸ ਵਕਤ ਤੋਂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਹੋ ਗਿਆ ਅਤੇ ਉਹਨਾਂ ਦੇ ਨਾਮ ਨਾਲ ਵੀ ਸਿੰਘ ਜੋੜ ਦਿੱਤਾ। ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੁਹਕਮ ਸਿੰਘ ਅਤੇ ਸਾਹਿਬ ਸਿੰਘ ਰਖ ਦਿੱਤਾ।
ਅਬੂਉਲਾ ਤਰਾਨੀ ਲਿਖਦਾ ਹੈ, ਮੈਂ ਬਹੁਤ ਪਛਤਾਇਆ ਤੇ ਰੋਇਆ। ਉਸ ਤੋਂ ਬਾਦ ਉਥੋਂ ਹੀ ਹਜ਼ਾਰਾਂ ਆਦਮੀਆਂ ਨੇ ਉਹ ਆਬੇ ਹਿਯਾਤ ਪੀਤਾ। ਮੈਥੋਂ ਨਾ ਰਿਹਾ ਗਿਆ ਅਤੇ ਮੈਂ ਵੀ ਅਪਣੇ ਆਪ ਨੂੰ ਬੜਾ ਧਿਰਕਾਰਦਾ ਅਤੇ ਪਛਤਾਂਦਾ ਹੋਇਆ ੳਸੇ ਵਕਤ ਹੀ ਕਿਸੇ ਮਿਕਨਾਤੀਸੀ ਕਸ਼ਸ਼ ਅਧੀਨ ਝਟ ਗੁਰੂ ਕੇ ਚਰਨਾਂ ਤੇ ਡਿੱਗਾ। ਉਸ ਤੋਂ ਆਬੇ ਹਿਯਾਤ ਦੀ ਦਾਤ ਮੰਗੀ। ਗੁਰੂ ਨੇ ਜਿਹੜਾ ਜ਼ਰੂਰ ਮੇਰਾ ਪਖੰਡ ਅਤੇ ਦੰਭ ਜਾਣਦਾ ਸੀ ਬੜੇ ਪਿਆਰ ਨਾਲ ਮੈਨੂੰ ਥਾਪੜਾ ਦੇ ਆਬੇ ਹਿਯਾਤ ਪਿਆ ਕੇ ਅਤੇ ਮੇਰਾ ਨਾਮ ਅਜਮੇਰ ਸਿੰਘ ਰੱਖ ਦਿੱਤਾ। ਮੇਰੇ ਜਨਮਾਤਰਾਂ ਦੇ ਇਸ ਤਰ੍ਹਾਂ ਪਾਪ ਕਟੇ ਗਏ। ਮੈਂ ਗੁਰੂ ਜੀ ਦੀ ਫੌਜ ਵਿੱਚ ਭਰਤੀ ਹੋ ਗਿਆ ਅਤੇ ਕਈ ਜੰਗਾਂ ਵਿੱਚ ਜੁਲਮ ਨਾਲ ਦੂ ਬਦੂ ਲੜਿਆ।
ਮੈਂ ਉਸੇ ਦਿਨ ਹੀ ਅਪਣੀ ਜ਼ਿੰਦਗੀ ਦੀ ਅਖੀਰਲੀ ਰੀਪੋਰਟ ਔਰੰਗਜ਼ੇਬ ਨੂੰ ਭੇਜ ਦਿੱਤੀ ਅਤੇ ਇਸ ਦੀਵਾਨ ਵਿੱਚ ਵਾਪਰੀ ਅਤੇ ਅੱਖੀਂ ਡਿੱਠੀ ਘਟਨਾ ਦਾ ਸਾਰਾ ਹਾਲ ਵਿਸਥਾਰ ਨਾਲ ਖੋਹਲਕੇ ਲਿਖ ਦਿੱਤਾ ਅਤੇ ਬੜੇ ਜ਼ੋਰਦਾਰ ਲਫ਼ਜ਼ਾਂ ਵਿੱਚ ਅੋਰੰਗਜ਼ੇਬ ਨੂੰ ਤਾੜਨਾ ਕੀਤੀ ਕਿ ਖ਼ਬਰਦਾਰ ਰੱਬ ਨਾਲ ਜੀਉਂਦੇ ਜਾਗਦੇ ਖੁਦਾ ਨਾਲ ਮੱਥਾ ਨਾ ਲਾ, ਜ਼ੁਲਮ ਨਾ ਕਮਾ ਅਤੇ ਜੇ ਮੇਰੀ ਸਫ਼ਾਰਸ਼ ਤੇ ਅਮਲ ਨਾ ਕੀਤਾ ਤਾਂ ਖਾਨਦਾਨ, ਸਲਤਨਤ ਤਬਾਹ ਹੋ ਜਾਵੇਗੀ, ਦੁਨੀਆ ਦੇ ਤਖ਼ਤ ਉਤੇ ਨਾਮੋ ਨਿਸ਼ਾਨ ਮਿਟ ਜਾਵੇਗਾ।
ਨੋਟ : ਤੁਸੀਂ ਕਈ ਕਿਤਾਬਾਂ ਵਿੱਚ ਪੜ੍ਹਿਆ ਹੋਵੇਗਾ ਕਿ ਗੁਰੂ ਜੀ ਨੇ ਬਕਰੇ ਝਟਕਾਏ ਸਨ। ਅਬੂਉਲ ਤਰਾਨੀ ਦੀ ਰਿਪੋਰਟ ਰਾਮਗੜ੍ਹੀਆ ਇਤਿਹਾਸ ਵਿੱਚ ਦਰਜ਼ ਹੈ। ਉਸਦੀ ਅਸਲੀ ਲਿਖਤ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਲਾਇਬਰੇਰੀ ਵਿੱਚ ਮੌਜੂਦ ਹੈ। ਜੇ ਅਜੇ ਭੀ ਯਕੀਨ ਨਹੀਂ ਆਉਂਦਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਫੁਰਮਾਨ ਪੜ੍ਹ ਲਵੋ :
”ਇਕਨਾ ਸਤਿਗੁਰ ਕੀ ਪਰਤੀਤ ਨ ਅਇਆ ਸ਼ਬਦ ਨ ਲਾਗੇ ਭਾਉ॥
-905-741-2666

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …