ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
ਐਤਵਾਰ 7 ਅਗਸਤ ਨੂੰ ਲੋਕਾਸਟ ਬੁਲੇਵਾਰਡ ‘ਤੇ ਸਥਿਤ ਮਾਊਂਟ ਰਾਇਲ ਪਬਲਿਕ ਸਕੂਲ ਦੇ ਨਾਲ ਲੱਗਦੇ ਮਾਊਂਟ ਰਾਇਲ ਪਾਰਕ ਵਿੱਚ ਬਾਅਦ ਦੁਪਹਿਰ 12.00 ਵਜੇ ਤੋਂ 4.00 ਵਜੇ ਤੀਕ ਸ਼ਾਨਦਾਰ ਬਾਰ-ਬੀ-ਕਿਊ ਦਾ ਆਯੋਜਨ ਕੀਤਾ ਗਿਆ। ਤਿੰਨ ਵੱਡੇ ‘ਬਾਰ-ਬੀ-ਕਿਊ ਚੁੱਲ੍ਹਿਆਂ’ ਉੱਪਰ ਕਈ ਵਲੰਟੀਅਰਾਂ ਵੱਲੋਂ ਲਗਾਤਾਰ ਚਿੱਕਨ ਅਤੇ ਹੈਮ ਬਰਗ਼ਰ ਤਿਆਰ ਕੀਤੇ ਜਾ ਰਹੇ ਸਨ ਅਤੇ ਇਹ ਨਾਲੋ ਨਾਲ ਗਰਮ-ਗਰਮ ਲਾਈਨ ਵਿੱਚ ਲੱਗੇ ਹੋਏ ਮਹਿਮਾਨਾਂ ਨੂੰ ਸਰਵ ਕੀਤੇ ਜਾ ਰਹੇ ਸਨ। ‘ਸਿੱਖ ਸਪੋਕਸਮੈਨ’ ਦੇ ਪੱਤਰਕਾਰਾਂ ਸੁਖਦੇਵ ਸਿੰਘ ਝੰਡ ਅਤੇ ਜਗੀਰ ਸਿੰਘ ਕਾਹਲੋਂ ਦੇ ਬਾਅਦ ਦੁਪਹਿਰ ਦੋ ਕੁ ਵਜੇ ਉੱਥੇ ਪਹੁੰਚਣ ‘ਤੇ ਬਹੁਤ ਸਾਰੇ ਲੋਕ ਬੈਂਚਾਂ ਉੱਪਰ ਬੈਠੇ ਕੋਲਡ-ਡਰਿੰਕਸ ਨਾਲ ਇਨ੍ਹਾਂ ਦਾ ਪੂਰਾ ਅਨੰਦ ਲੈ ਰਹੇ ਸਨ। ਸ਼ਾਕਾਹਾਰੀਆਂ ਲਈ ਸਮੋਸਿਆਂ ਅਤੇ ਮਠਿਆਈਆਂ ਦਾ ਵੀ ਪ੍ਰਬੰਧ ਸੀ। ਡੀ.ਜੇ. ‘ਤੇ ਚੱਲ ਰਹੇ ਗਾਣੇ ਉੱਪਰ ਇੱਕ ਨੌਜੁਆਨ ਦਾ ਬਰੇਕ-ਡਾਂਸ ਵੀ ਦਰਸ਼ਕਾਂ ਵੱਲੋਂ ਕਾਫ਼ੀ ਸਲਾਹਿਆ ਜਾ ਰਿਹਾ ਸੀ। ਇੱਕ ਪਾਸੇ ਲਗਾਏ ਗਏ ਟੈਂਟ ਹੇਠਾਂ ‘ਲੋਕਾਸਟ ਫਾਰਮੇਸੀ’ ਅਤੇ ‘ਲੋਕਾਸਟ ਐਨੀਮਲ ਹਾਸਪੀਟਲ’ ਦੇ ਕਰਮਚਾਰੀ ਲੋਕਾਂ ਨੂੰ ਆਪਣੇ ਬਿਜ਼ਨੈੱਸ ਬਾਰੇ ਜਾਣਕਾਰੀ ਦੇ ਰਹੇ ਸਨ ਅਤੇ ਵੱਡੇ ਲਾਲ ਤੇ ਨੀਲੇ ਰੰਗ ਦੇ ਹੈਂਡ-ਬੈਗਾਂ ਵਿੱਚ ਇਨ੍ਹਾਂ ਸਬੰਧੀ ਛਪਿਆ ਹੋਇਆ ਲਿਟਰੇਚਰ ਤੇ ਛੋਟੇ-ਛੋਟੇ ਤੋਹਫ਼ੇ ਦੇ ਰਹੇ ਸਨ। ਦੂਸਰੇ ਪਾਸੇ ਇੱਕ ਛੋਟੇ ਜਿਹੇ ਟੈਂਟ ਹੇਠ ਤਿੰਨ ਕਰਮਚਾਰੀ ਲਾਟਰੀ ਦੀਆਂ ਟਿਕਟਾਂ ਵੇਚ ਰਹੇ ਸਨ ਜਿਨ੍ਹਾਂ ਦਾ ਡਰਾਅ 2.30 ਵਜੇ ਕੱਢਿਆ ਗਿਆ ਅਤੇ ਇਸ ਵਿੱਚ ਜੇਤੂਆਂ ਨੂੰ ਸਾਰਿਆਂ ਦੇ ਸਾਹਮਣੇ ਬੱਚਿਆਂ ਦਾ ਸਾਈਕਲ, ਛੋਟਾ ਬਾਰ-ਬੀ-ਕਿਊ ਚੁੱਲ੍ਹਾ, ਮਾਈਕਰੋਵੇਵ ਓਵਨ ਤੇ ਕਾਫ਼ੀ-ਟੇਬਲ ਵਰਗੇ ਕਈ ਦਿਲਕਸ਼ ਇਨਾਮ ਦਿੱਤੇ ਗਏ।
ਇਸ ਖ਼ੂਬਸੂਰਤ ਬਾਰ-ਬੀ-ਕਿਊ ਦੇ ਆਯੋਜਕਾਂ ਅਤੇ ਪ੍ਰਬੰਧਕਾਂ ਨੂੰ ਵਧਾਈ ਦੇਣ ਲਈ ਸਿਟੀ-ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਸਕੂਲ-ਟਰੱਸਟੀ ਹਰਕੀਰਤ ਸਿੰਘ ਉਚੇਚੇ ਤੌਰ ‘ਤੇ ਪਹੁੰਚੇ। ਇਸ ਮੌਕੇ ਬੋਲਦਿਆਂ ਗੁਰਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਅਜਿਹੇ ਮੌਕੇ ਸਾਰਿਆਂ ਦੇ ਲਈ ਕਮਿਊਨਿਟੀ ਵਿੱਚ ਵਿਚਰਨ ਲਈ ਬੜੇ ਸਹਾਈ ਹੁੰਦੇ ਹਨ ਅਤੇ ਪ੍ਰਬੰਧਕਾਂ ਨੇ ਇਹ ਬਹੁਤ ਵਧੀਆ ਮੌਕਾ-ਮੇਲ ਬਣਾਇਆ ਹੈ। ਉਨ੍ਹਾਂ ਨੇ ਬਰੈਂਪਟਨ ਸਿਟੀ-ਕੌਸਲ ਵੱਲੋਂ ਨੇੜ-ਭਵਿੱਖ ਵਿੱਚ ਕੀਤੇ ਜਾ ਰਹੇ ਉਸਾਰੂ ਕੰਮਾਂ ਬਾਰੇ ਜਾਣਕਾਰੀ ਵੀ ਦਿੱਤੀ ਜਿਨ੍ਹਾਂ ਵਿੱਚ ਬਰੈਂਪਟਨ ਵਿੱਚ ਨਵੀਆਂ ਨੌਕਰੀਆਂ ਪੈਦਾ ਕਰਨ ਲਈ ਰਿਹਾਇਸ਼ੀ ਜ਼ਮੀਨ ਨੂੰ ਬਿਜ਼ਨੈੱਸ ਪਾਰਕਾਂ ਵਿੱਚ ਬਦਲਣਾ ਅਤੇ ਇੱਥੇ ਯੂਨੀਵਰਸਿਟੀ ਕਾਇਮ ਕਰਨਾ ਆਦਿ ਸ਼ਾਮਲ ਹੈ। ਏਸੇ ਤਰ੍ਹਾਂ ਸਕੂਲ-ਟਰੱਸਟੀ ਹਰਕੀਰਤ ਸਿੰਘ ਨੇ ਆਉਂਦੇ ਸਾਲ 2017 ਵਿੱਚ ਸੀਨੀਅਰਜ਼ ਕਲੱਬਾਂ ਨੂੰ ਆਪਣੇ ਫੰਕਸ਼ਨ ਕਰਨ ਲਈ ਛੁੱਟੀ ਵਾਲੇ ਦਿਨ ਜਾਂ ਸਕੂਲ ਸਮੇਂ ਤੋਂ ਬਾਅਦ ਸਕੂਲਾਂ ਵਿੱਚ ਜਗ੍ਹਾ ਮੁਹੱਈਆ ਕਰਨ ਬਾਰੇ ਜਾਣਕਾਰੀ ਦਿੱਤੀ ਪ੍ਰੰਤੂ ਇਸ ਦੇ ਲਈ ਉਨ੍ਹਾਂ ਨੂੰ ਅਪ੍ਰੈਲ 2017 ਤੱਕ ਲੋੜੀਦੀਆਂ ਅਰਜ਼ੀਆਂ ਦੇਣੀਆਂ ਹੋਣਗੀਆਂ। ਕਮਿਊਨਿਟੀ ਦੀਆਂ ਹੋਰ ਕਈ ਮਹੱਤਵ-ਪੂਰਨ ਸ਼ਖਸੀਅਤਾਂ ਨੇ ਇਸ ਮੌਕੇ ਸ਼ਮੂਲੀਅਤ ਕਰਕੇ ਇਸ ਬਾਰ-ਬੀ-ਕਿਊ ਨੂੰ ਸਫ਼ਲ ਬਣਾਇਆ। ਅਖ਼ੀਰ ਵਿੱਚ ਬਾਰ-ਬੀ-ਕਿਊ ਦੇ ਆਯੋਜਕਾਂ ਨਵਰਾਜ ਬਰਾੜ ਅਤੇ ਡਾ. ਕੰਵਰ ਚਾਹਲ ਵੱਲੋਂ ਆਏ ਸਮੂਹ-ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …