Breaking News
Home / ਕੈਨੇਡਾ / ਡਾਇਬਟੀਜ਼ ਸਬੰਧੀ ਜਾਗਰੂਕਤਾ ਬਹੁਤ ਜ਼ਰੂਰੀ ਹੈ : ਐਮ.ਪੀ. ਸੋਨੀਆ ਸਿੱਧੂ

ਡਾਇਬਟੀਜ਼ ਸਬੰਧੀ ਜਾਗਰੂਕਤਾ ਬਹੁਤ ਜ਼ਰੂਰੀ ਹੈ : ਐਮ.ਪੀ. ਸੋਨੀਆ ਸਿੱਧੂ

ਕੈਨੇਡਾ ‘ਚ ਪਹਿਲੀ ਵਾਰ ਨਵੰਬਰ ਮਹੀਨੇ ਨੂੰ ਡਾਇਬਟੀਜ਼ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ
ਬਰੈਂਪਟਨ : ਕੈਨੇਡਾ ਵਿਚ ਪਹਿਲੀ ਵਾਰ ਨਵੰਬਰ ਦਾ ਮਹੀਨਾ ‘ਡਾਇਬੇਟੀਜ਼ ਜਾਗਰੂਕਤਾ ਮਹੀਨੇ’ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਇਸਦਾ ਸਿਹਰਾ ਬਰੈਂਪਟਨ ਸਾਊਥ ਤੋਂ ਮੁੜ ਚੁਣੇ ਗਏ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੂੰ ਜਾਂਦਾ ਹੈ। ਦਰਅਸਲ, ਹਾਊਸ ਆਫ਼ ਕਾਮਨਜ਼ ਵਿਚ ਸ਼ੱਕਰ ਰੋਗ ਸਬੰਧੀ ਜਾਗਰੂਕਤਾ ਫ਼ੈਲਾਉਣ ਲਈ ਮੋਸ਼ਨ ਐਮ-173 ਸੋਨੀਆ ਸਿੱਧੂ ਵੱਲੋਂ ਪੇਸ਼ ਕੀਤਾ ਗਿਆ ਸੀ। ਸਦਨ ਦੁਆਰਾ ਪ੍ਰਵਾਨਗੀ ਤੋਂ ਪਹਿਲਾਂ ਇਸ ਉੱਪਰ ਦੋ ਬਹਿਸਾਂ ਹੋਈਆਂ ਜਿਨ੍ਹਾਂ ਵਿਚ ਸੰਸਦ ਮੈਂਬਰ ਸਿੱਧੂ ਨੇ ਕੈਨੇਡਾ ਵਿਚ ਸ਼ੂਗਰ ਦੇ ਮਰੀਜ਼ਾਂ ਦੀ ਉੱਚੀ ਦਰ ਬਾਰੇ ਗੱਲ ਕਰਦਿਆਂ ਇਹ ਉਜਾਗਰ ਕੀਤਾ ਸੀ ਕਿ ਇੱਥੇ 11 ਮਿਲੀਅਨ ਕੈਨੇਡੀਅਨ ਇਸ ਬਿਮਾਰੀ ਤੋਂ ਪ੍ਰਭਾਵਿਤ ਹਨ। ਇਹ ਮਤਾ 19 ਜੂਨ ਨੂੰ ਹਾਊਸ ਵੱਲੋਂ ਸਰਬ-ਸੰਮਤੀ ਨਾਲ ਪਾਸ ਹੋਇਆ ਅਤੇ ਕੈਨੇਡਾ ਵਿਚ ਨਵੰਬਰ ਮਹੀਨੇ ਨੂੰ ‘ਰਾਸ਼ਟਰੀ ਡਾਇਬੇਟੀਜ਼ ਜਾਗਰੂਕਤਾ ਮਹੀਨਾ’ ਐਲਾਨਿਆ ਗਿਆ ਸੀ। ਇਸ ਤੋਂ ਇਲਾਵਾ ਪਾਰਲੀਮੈਂਟ ਮੈਂਬਰ ਸਿੱਧੂ ਨੇ ‘ਗਲੋਬਲ ਡਾਇਬੇਟੀਜ਼ ਪਾਲਿਸੀ ਫ਼ੋਰਮ’ ਵਿਚ ਕੈਨੇਡਾ ਦੀ ਨੁਮਾਇੰਦਗੀ ਕਰਦਿਆਂ ਦੁਨੀਆ-ਭਰ ਵਿਚ ਸ਼ੂਗਰ ਦੇ ਮਰੀਜ਼ਾਂ ਦੀ ਸਿਹਤ ‘ਤੇ ਜ਼ੋਰ ਦੇਣ ਬਾਰੇ ਵਿਚਾਰ-ਵਟਾਂਦਰੇ ਕਰਦੇ ਰਹੇ ਹਨ ਜਿਨ੍ਹਾਂ ਵਿਚ ਵਿਸ਼ਵ ਦੇ ਨੇਤਾਵਾਂ ਨਾਲ ਭਵਿੱਖ ਵਿਚ ਸ਼ੂਗਰ ਦੇ ਫ਼ੈਲਣ ਤੋਂ ਬਚਾਅ ਦੀ ਵਕਾਲਤ ਅਤੇ ਮਹੱਤਤਾ ਬਾਰੇ ਵਿਚਾਰ ਵਟਾਂਦਰੇ ਸ਼ਾਮਲ ਹਨ। ਕੈਨੇਡਾ ਨੂੰ ‘ਇਨਸੂਲਿਨ’ ਦਾ ਜਨਮ-ਸਥਾਨ ਮੰਨਦਿਆਂ ਸੰਸਦ ਮੈਂਬਰ ਸੋਨੀਆ ਸਿੱਧੂ ਦੇਸ਼ ਨੂੰ ਸ਼ੱਕਰ ਰੋਗ ਦੀ ਬਿਮਾਰੀ ਨਾਲ ਲੜਣ ਦੇ ਮਾਮਲੇ ਵਿਚ ਵਿਸ਼ਵ ਪੱਧਰੀ ਲੋੜੀਂਦੀਆਂ ਨੀਤੀਆਂ ਬਨਾਉਣ ਅਤੇ ਇਨ੍ਹਾਂ ਨੂੰ ਲਾਗੂ ਕਰਨ ਦੀ ਮੰਗ ਵੀ ਕਰਦੇ ਰਹੇ ਹਨ। ਇਸ ਤੋਂ ਇਲਾਵਾ ਬਰੈਂਪਟਨ ਵਿਚ ਡਾਇਬੇਟੀਜ਼ ਪਾਇਲਟ ਪ੍ਰਾਜੈਕਟ ਦੀ ਗ੍ਰਾਂਟ ਲਈ $4.5 ਮਿਲੀਅਨ ਦੀ ਗ੍ਰਾਂਟ ਵੀ ਐੱਮ.ਪੀ ਸਿੱਧੂ ਵੱਲੋਂ ਲਿਆਂਦੀ ਗਈ ਸੀ। ਸਿਹਤਮੰਦ ਖਾਣੇ ਦੀ ਮਹੱਤਤਾ ਨੂੰ ਸਮਝਦਿਆਂ ਬਰੈਂਪਟਨ ਵਿਚ ਸਾਬਕਾ ਸਿਹਤ ਮੰਤਰੀ ਵੱਲੋਂ ਖ਼ੁਦ ‘ਕੈੇਨੇਡਾ ਫੂਡ ਗਾਈਡ’ ਨੂੰ ਵੀ 26 ਭਾਸ਼ਾਵਾਂ ਵਿਚ ਰਿਲੀਜ਼ ਕੀਤਾ ਗਿਆ ਸੀ, ਜਿਨ੍ਹਾਂ ਵਿਚ ਪੰਜਾਬੀ, ਹਿੰਦੀ, ਗੁਜਰਾਤੀ ਅਤੇ ਹੋਰ ਭਾਸ਼ਾਵਾਂ ਸ਼ਾਮਲ ਹਨ। ਐਮ ਪੀ ਸਿੱਧੂ ਮੁਤਾਬਕ ਉਹ ਲਿਬਰਲ ਪਾਰਟੀ ਨਾਲ ਮਿਲਕੇ ਡਾਇਬੇਟੀਜ਼ ਸਬੰਧੀ ਜਾਗਰੂਕਤਾ ਵਧਾਉਣ ਅਤੇ ਇਸ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਸਖ਼ਤ ਮਿਹਨਤ ਕਰਨ ਲਈ ਵਚਨਬੱਧ ਹਨ।
ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਮੁੜ ਚੁਣੇ ਗਏ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ, ”ਮੇਰਾ ਮੋਸ਼ਨ ਐੱਮ-173 ਸਰਬ-ਸੰਮਤੀ ਨਾਲ ਹਾਊਸ ਆਫ਼ ਕਾਮਨਜ਼ ਵਿਚ ਪਾਸ ਹੋਣ ਤੋਂ ਬਾਅਦ ਅਸੀਂ ਕੈਨੇਡਾ ‘ਚ ਨਵੰਬਰ ਦੇ ਮਹੀਨੇ ਨੂੰ ‘ਨੈਸ਼ਨਲ ਡਾਇਬੇਟੀਜ਼ ਅਵੇਅਰਨੈੱਸ ਮੰਥ’ ਵਜੋਂ ਪਹਿਲੀ ਵਾਰ ਮਨਾ ਰਹੇ ਹਾਂ। ਮੈਨੂੰ ਇਸ ਗੱਲ ‘ਤੇ ਮਾਣ ਹੈ ਕਿ ਅਸੀਂ ਸਾਰਿਆਂ ਨੇ ਰਾਜਨੀਤਿਕ ਮੱਤਭੇਦਾਂ ਦੇ ਬਾਵਜੂਦ ਕੈਨੇਡੀਅਨਾਂ ਲਈ ਇਕੱਠਿਆਂ ਇਕ ਸਾਰਥਿਕ ਫੈਸਲਾ ਲਿਆ ਹੈ।” ਉਨ੍ਹਾਂ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ, ਅਜੇ ਹੋਰ ਬਹੁਤ ਕੁਝ ਕਰਨਾ ਬਾਕੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …