ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਲਗਵਾਈ ਹਾਜ਼ਰੀ
ਬਰੈਂਪਟਨ/ਡਾ.ਝੰਡ : ਹਰ ਸਾਲ ਵਾਂਗ ਇਸ ਸਾਲ ਵਿਚ ਵੀ ਇੰਟਰਨੈਸ਼ਨਲ ਸੈਂਟਰ ਮਿਸੀਸਾਗਾ ਵਿਚ ਅਹਿਮਦੀਆ ਜਮਾਤ ਦੇ 42ਵੇਂ ਜਲਸੇ ਵਿਚ 6,7 ਅਤੇ 8 ਜੁਲਾਈ ਨੂੰ ਤਿੰਨੇ ਹੀ ਦਿਨ ਖ਼ੂਬ ਰੌਣਕਾਂ ਲੱਗੀਆਂ ਰਹੀਆਂ।
ਪਹਿਲੇ ਦਿਨ ਦਾ ਉਦਘਾਟਨੀ ਸਮਾਗ਼ਮ ਸ਼ਾਮ ਚਾਰ ਵਜੇ ਤੋਂ ਸੱਤ ਵਜੇ ਤੱਕ ਸੀ ਅਤੇ ਇਸ ਵਿਚ ਵਧੇਰੇ ਕਰਕੇ ਜਮਾਤ ਦੇ ਧਾਰਮਿਕ ਅਤੇ ਸਮਾਜਿਕ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਹੋਇਆ। ਇਸ ਦੌਰਾਨ ਵਿਸ਼ਵ-ਪੱਧਰ ਦੇ ਕੁਝ ਸਿਆਸੀ ਮਸਲੇ ਵੀ ਚਰਚਾ ਦਾ ਵਿਸ਼ਾ ਬਣੇ। ਪੰਜਾਬੀ ਕਮਿਊਨਿਟੀ ਦੀ ਗਿਣਤੀ ਵਿਸ਼ੇਸ਼ ਤੌਰ ‘ਤੇ ਵਰਨਣੋਗ ਹੈ। ਦੂਸਰੇ ਦਿਨ ਇਸ ਸਮਾਗ਼ਮ ਵਿਚ ਸਿਆਸੀ ਨੇਤਾਵਾਂ ਅਤੇ ਵੱਖ-ਵੱਖ ਮੀਡੀਆ ਮੈਂਬਰਾਂ ਨੇ ਖ਼ਾਸ ਤੌਰ ‘ਤੇ ਆਪਣੀ ਹਾਜ਼ਰੀ ਲਵਾਈ ਜਿਨ੍ਹਾਂ ਵਿਚ ਐੱਨ.ਡੀ.ਪੀ. ਦੇ ਫ਼ੈੱਡਰਲ ਆਗੂ ਜਨਮੀਤ ਸਿੰਘ, ਪਾਰਲੀਮੈਂਟ ਮੈਂਬਰਾਂ ਰਾਜ ਗਰੇਵਾਲ, ਰਮੇਸ਼ ਸੰਘਾ, ਰੂਬੀ ਸਹੋਤਾ, ਸੋਨੀਆ ਸਿੱਧੂ ਤੇ ਕਮਲ ਖਹਿਰਾ, ਨਵੇਂ ਚੁਣੇ ਗਏ ਪ੍ਰੋਵਿੰਸ਼ੀਅਲ ਪਾਰਲੀਮੈਂਟ ਪ੍ਰਭਮੀਤ ਸਰਕਾਰੀਆ, ਦੀਪਕ ਅਨੰਦ, ਅਮਰਜੋਤ ਸੰਧੂ, ਨੀਨਾ ਤਾਂਗੜੀ, ਗੁਰਰਤਨ ਸਿੰਘ, ਸਾਰਾ ਸਿੰਘ, ਸਿਟੀ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਸਕੂਲ ਟਰੱਸਟੀ ਹਰਕੀਰਤ ਸਿੰਘ ਤੇ ਕਈ ਹੋਰ ਅਹਿਮ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਬਰੈਂਪਟਨ ਦੀ ਮੇਅਰ ਲਿੰਡਾ ਜਾਫ਼ਰੀ, ਮਿਸੀਸਾਗਾ ਦੀ ਮੇਅਰ ਬੋਨੀ, ਸਾਬਕਾ ਇੰਮੀਗਰੇਸ਼ਨ ਤੇ ਸਿਟੀਜ਼ਨ ਮੰਤਰੀ ਜੂਡੀ ਸੂਗਰੋ, ਐੱਨ.ਡੀ.ਪੀ. ਦੇ ਮਿਸਟਰ ਟੌਮ, ਮਿਸੀਸਾਗਾ ਤੋਂ ਐੱਮ.ਪੀ.ਪੀ. ਇਕਰਾ ਅਤੇ ਹੋਰ ਕਈ ਅਹਿਮ ਸ਼ਖ਼ਸੀਅਤਾਂ ਨੇ ਵੀ ਆਪਣੀ ਹਾਜ਼ਰੀ ਲੁਆਈ ਅਤੇ ਜਲਸੇ ਦੇ ਪ੍ਰਬੰਧਕਾਂ ਅਤੇ ਮੁਸਲਿਮ ਭਰਾਵਾਂ ਨਾਲ ਮੁਬਾਰਕਾਂ ਸਾਂਝੀਆਂ ਕੀਤੀਆਂ। ਜਨਾਬ ਮਕਸੂਦ ਚੌਧਰੀ ਅਤੇ ਅਬਦੁਲ ਬਾਸਤ ਕਮਰ ਦੇ ਵਿਸ਼ੇਸ਼ ਸੱਦੇ ‘ਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਮੈਂਬਰਾਂ ਬਲਰਾਜ ਚੀਮਾ, ਮਲੂਕ ਸਿੰਘ ਕਾਹਲੋਂ, ਡਾ. ਸੁਖਦੇਵ ਸਿੰਘ ਝੰਡ, ਤਲਵਿੰਦਰ ਸਿੰਘ ਮੰਡ, ਪ੍ਰੋ. ਜਗੀਰ ਸਿੰਘ ਕਾਹਲੋਂ, ਪਰਮਜੀਤ ਸਿੰਘ ਗਿੱਲ ਅਤੇ ਪਰਮਜੀਤ ਸਿੰਘ ਢਿੱਲੋਂ ਨੇ ਵੀ ਇਸ ਸਮਾਗ਼ਮ ‘ਚ ਸ਼ਮੂਲੀਅਤ ਕੀਤੀ। ਇਨ੍ਹਾਂ ਤੋਂ ਇਲਾਵਾ ਪੰਜਾਬ ਤੋਂ ਬੀਤੇ ਦਿਨੀਂ ਆਈ ਪ੍ਰਿੰਸੀਪਲ ਬਰਿੰਦਰ ਕੌਰ ਵੀ ਇਸ ਜਲਸੇ ਵਿਚ ਸ਼ਾਮਲ ਹੋਈ। ਸਮਾਗ਼ਮ ਦਾ ਤੀਸਰਾ ਦਿਨ ‘ਵਾਈਂਡ-ਅੱਪ’ ਸੈਸ਼ਨ ਸੀ ਜਿਸ ਵਿਚ ਸਮਾਗ਼ਮ ਵਿਚ ਹੋਈ ਸਮੁੱਚੀ ਕਾਰਵਾਈ ਨੂੰ ਵਿਚਾਰਿਆ ਗਿਆ ਅਤੇ ਇਸ ਸਬੰਧੀ ਲੋੜੀਂਦੇ ਮਤੇ ਪਾਸ ਕੀਤੇ ਗਏ। ਜਮਾਤ ਦੇ ਜੀ.ਟੀ.ਏ. ਦੇ ਆਗੂ ਜਨਾਬ ਮਲਿਕ ਲਾਲ ਖ਼ਾਨ ਹੁਰਾਂ ਵੱਲੋਂ ਸਮਾਗ਼ਮ ਵਿਚ ਸ਼ਾਮਲ ਹੋਣ ਵਾਲੀਆਂ ਸ਼ਖ਼ਸੀਅਤਾਂ ਤੇ ਵਾਲੰਟੀਅਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਆਉਂਦੇ ਸਲਾਨਾ ਸਮਾਗ਼ਮਾਂ ਵਿਚ ਏਸੇ ਤਰ੍ਹਾਂ ਮਿਲ ਕੇ ਕੰਮ ਕਰਨ ਲਈ ਕਿਹਾ ਗਿਆ। ਇਸ ਸਮਾਗ਼ਮ ਵਿਚ ਰਜਿਸਟਰ ਹੋਏ ਲੋਕਾਂ ਦੀ ਗਿਣਤੀ ਇਸ ਵਾਰ 20,000 ਤੋਂ ਵਧੇਰੇ ਸੀ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …