Breaking News
Home / ਕੈਨੇਡਾ / ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ਪੰਜਵੀਂ ਮੈਰਾਥਨ ਦੌੜ ਤੇ ਵਾਕ ਬੇਹੱਦ ਸਫ਼ਲ ਰਹੀ

ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ਪੰਜਵੀਂ ਮੈਰਾਥਨ ਦੌੜ ਤੇ ਵਾਕ ਬੇਹੱਦ ਸਫ਼ਲ ਰਹੀ

ਮੈਰਾਥਨ ਦੌੜਾਕ ਬਾਬਾ ਫ਼ੌਜਾ ਸਿੰਘ ਨੇ ਕੀਤੀ ਦੌੜਾਕਾਂ ਦੀ ਭਰਪੂਰ ਹੌਸਲਾ-ਅਫ਼ਜ਼ਾਈ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
‘ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਡੇਸ਼ਨ’ ਵੱਲੋਂ 21 ਮਈ ਨੂੰ ਪੰਜਵੀਂ ਮੈਰਾਥਨ ਦੌੜ/ਵਾਕ ਕਰਵਾਈ ਗਈ ਰਹੀ ਹੈ। ਪਹਿਲੀਆਂ ਦੌੜਾਂ ਵਾਂਗ ਇਸ ਵਾਰ ਵੀ ਇਸ ਮਹਾਨ ਈਵੈਂਟ ਦੇ ਪ੍ਰੇਰਨਾ-ਸਰੋਤ 106-ਸਾਲਾ ਮੈਥਾਥਨ ਦੌੜਾਕ ਬਾਬਾ ਫ਼ੌਜਾ ਸਿੰਘ ਹੀ ਰਹੇ। ਉਨ੍ਹਾਂ ਨੇ ਨਾ ਕੇਵਲ ਇਸ ਦੌੜ ਦੇ ਵੱਖ-ਵੱਖ ਪੜਾਆਂ ‘ਤੇ ਇਸ ਦੌੜ ਵਿੱਚ ਸ਼ਾਮਲ ਹੋਣ ਵਾਲੇ ਦੌੜਾਕਾਂ ਦੇ ਨਾਲ ਦੌੜ/ ਤੁਰ ਕੇ ਹੀ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ, ਸਗੋਂ ਇਸ ‘ਇੰਸਪੀਰੇਸ਼ਨਲ ਸਟੈੱਪਸ’ ਮੈਰਾਥਨ ਦੇ ਆਖ਼ਰੀ ਪੜਾਅ ਡਿਕਸੀ ਗੁਰੂਘਰ ਦੇ ਸਾਹਮਣੇ ਬਣਾਏ ਗਏ ‘ਫ਼ਿਨਿਸ਼ ਪੁਆਇੰਟ’ ਦੇ ਨੇੜੇ ਬਣੇ ਸਪੈਸ਼ਲ ਪੋਡੀਅਮ ਦੇ ਅੱਗੇ ਖਲੋ ਕੇ ਉਨ੍ਹਾਂ ਨੂੰ ਇਨਾਮ ਦਿੱਤੇ ਅਤੇ ਉਨ੍ਹਾਂ ਦੇ ਨਾਲ ਤਸਵੀਰਾਂ ਖਿੱਚਵਾਈਆਂ।
ਪ੍ਰਬੰਧਕਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ 42 ਕਿਲੋਮੀਟਰ ਦੀ ਵਾਕ ਸਵੇਰੇ ਚਾਰ ਵਜੇ ਗੁਰੂਘਰ ਗੁਰ ਸਿੱਖ ਸਭਾ ਸਕਾਰਬਰੋ ਤੋਂ ਸ਼ੁਰੂ ਕਰਵਾਈ ਗਈ ਅਤੇ ਇਹ ਮਿਡ-ਫੀਲਡ ਰੋਡ, ਫਿੰਚ ਐਵੀਨਿਊ, ਹੰਬਰਵੁੱਡ, ਮੌਰਨਿੰਗ ਸਟਾਰ, ਏਅਰਪੋਰਟ ਰੋਡ ਅਤੇ ਡੇਰੀ ਰੋਡ ਤੋਂ ਹੁੰਦੀ ਹੋਈ ਓਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਵਿਖੇ ਸਮਾਪਤ ਹੋਈ, ਜਦਕਿ 42 ਕਿਲੋ ਮੀਟਰ ਦੌੜ ਸਕਾਰਬਰੋ ਗੁਰੂ ਘਰ ਤੋਂ ਸਵੇਰੇ 5.30 ਵਜੇ ਸ਼ੁਰੂ ਹੋਈ। ਏਸੇ ਤਰ੍ਹਾਂ 22 ਕਿਲੋ ਮੀਟਰ ਹਾਫ਼ ਮੈਰਾਥਨ ਦੌੜ, 12 ਕਿਲੋਮੀਟਰ ਅਤੇ 5 ਕਿਲੋਮੀਟਰ ਦੌੜਾਂ ਰਾਮਗੜੀਆ ਗੁਰੂਘਰ ਸਿੱਖ ਸੋਸਾਇਟੀ ਰਿਵਾਲਡਾ ਰੋਡ, ਰੈਕਸਡੇਲ ਗੁਰਦੁਆਰਾ ਸਾਹਿਬ ਅਤੇ ਮਾਲਟਨ ਗੁਰਦੁਆਰਾ ਸਾਹਿਬ ਤੋਂ ਵੱਖ-ਵੱਖ ਸਮੇਂ ਸ਼ੁਰੂ ਹੋਈਆਂ। ਸਾਰੀਆਂ ਦੌੜਾਂ ਦੀ ਆਖ਼ਰੀ ਮੰਜ਼ਲ ਡਿਕਸੀ ਗੁਰੂਘਰ ਦੇ ਸਾਹਮਣੇ ਸਜਾਏ ਹੋਏ ਪੰਡਾਲ ਦੇ ਨੇੜੇ ਬਣਾਇਆ ਹੋਇਆ ਸਪੈਸ਼ਲ ‘ਫ਼ਿਨਿਸ਼-ਪੁਆਇੰਟ’ ਸੀ ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਲੋਕ ਤਾੜੀਆਂ ਵਜਾ-ਵਜਾ ਇੱਥੇ ਪਹੁੰਚ ਰਹੇ ਦੌੜਾਕਾਂ ਦੀ ਹੌਸਲਾ-ਅਫ਼ਜ਼ਾਈ ਕਰ ਰਹੇ ਸਨ। ਹੋਰ ਸੈਂਕੜੇ ਹੀ ਦੌੜਾਕਾਂ ਦੇ ਨਾਲ ਇਸ ਮੈਰਾਥਨ ਦੌੜ ਵਿੱਚ ‘ਟੋਰਾਂਟੋ ਪੀਅਰਸਨ ਏਅਰਪੋਰਟ ਸਪੋਰਟਸ ਕਲੱਬ’ ਦੇ ਮੈਂਬਰਾਂ ਧਿਆਨ ਸਿੰਘ ਸੋਹਲ, ਕੇਸਰ ਸਿੰਘ ਵੜੈਚ, ਹਰਭਜਨ ਸਿੰਘ ਗਿੱਲ, ਹਰਬੰਸ ਸਿੰਘ ਬਰਾੜ, ਜੈ ਪਾਲ ਸਿੰਘ ਸਿੱਧੂ, ਜਸਵੀਰ ਸਿੰਘ ਪਾਸੀ, ਰਮਿੰਦਰ ਸਿੰਘ ਪੁਨੀਆ ਅਤੇ ਸੁਖਦੇਵ ਸਿੰਘ ਸਮੇਤ 40 ਤੋਂ ਵਧੀਕ ਮੈਂਬਰਾਂ ਨੇ ਪੂਰੀ ਸਰਗ਼ਰਮੀ ਨਾਲ ਹਿੱਸਾ ਲਿਆ, ਜਦਕਿ ਦੌੜਾਕਾਂ ਦੀ ਹੱਲਾਸ਼ੇਰੀ ਲਈ ਇਸ ਸਪੋਰਟਸ ਕਲੱਬ ਦੇ ਰੂਹੇ-ਰਵਾਂ ਸੰਧੂਰਾ ਸਿੰਘ ਬਰਾੜ ਅਤੇ ਉਨ੍ਹਾਂ ਦੇ 100 ਕੁ ਸਾਥੀ ਇਸ ਮੈਰਾਥਨ ਦੇ ਰਸਤੇ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਵਾਲੰਟੀਅਰ ਸੇਵਾਵਾਂ ਨਿਭਾਉਂਦੇ ਰਹੇ।  42 ਕਿਲੋ ਮੀਟਰ ਮੈਰਾਥਨ ਦੌੜ ਵਿੱਚ ਇੰਗਲੈਂਡ ਤੋਂ ਬਾਬਾ ਫ਼ੌਜਾ ਸਿੰਘ ਦੇ ਨਾਲ ਆਏ ਮਨਜੀਤ ਸਿੰਘ ਨੇ ਇਹ ਦੌੜ 3 ਘੰਟੇ 43 ਮਿੰਟਾਂ ਤੇ 48 ਸਕਿੰਟਾਂ ਵਿੱਚ ਸਫ਼ਲਤਾ ਸਹਿਤ ਪੂਰੀ ਕਰਕੇ ‘ਅਜਮੇਰ ਇੰਸਪੀਰੇਸ਼ਨ ਗੋਲਡ-ਕੱਪ’ ਜਿੱਤਿਆ, ਜਦ ਕਿ ਦੂਸਰੇ ਨੰਬਰ ‘ਤੇ ਬਰੈਂਪਟਨ ਵਾਸੀ ਸੂਰਤ ਸਿੰਘ ਚਾਹਲ ਰਿਹਾ ਜਿਸ ਨੇ ਇਹ ਦੌੜ 3 ਘੰਟੇ 53 ਮਿੰਟ ਅਤੇ19 ਸਕਿੰਟਾਂ ਵਿੱਚ ਪੂਰੀ ਕੀਤੀ। ਉਹ ਵੀ ਆਪਣਾ ਕੱਪ ਬੜੇ ਮਾਣ ਨਾਲ ਲੋਕਾਂ ਨੂੰ ਵਿਖਾ ਰਿਹਾ ਸੀ। ਤੀਸਰੇ ਨੰਬਰ ‘ਤੇ ਜੈਸਨ ਸਿੰਘ ਨੇ 4 ਘੰਟੇ, 48 ਮਿੰਟਾਂ ਵਿੱਚ ਇਹ ਦੌੜ ਪੂਰੀ ਕੀਤੀ, ਜਦਕਿ ਧਿਆਨ ਸਿੰਘ ਸੋਹਲ ਦਾ ਇਹ ਸਮਾਂ 4 ਘੰਟੇ 50 ਮਿੰਟ ਰਿਹਾ। ਇਸਤਰੀ ਵਰਗ ਵਿੱਚ ਡੈਲਨ ਡਿਸੂਜ਼ਾ 5 ਘੰਟੇ 39 ਮਿੰਟ 38 ਸਕਿੰਟ ਨਾਲ ਪਹਿਲੇ ਨੰਬਰ ‘ਤੇ ਆਈ, ਜਦ ਕਿ ਤਲਵਿੰਦਰਜੀਤ ਗਿੱਲ 6 ਘੰਟੇ 25 ਮਿੰਟ 2 ਸਕਿੰਟ ਨਾਲ ਦੂਸਰੇ ਨੰਬਰ ‘ਤੇ ਅਤੇ ਕਰਨਪ੍ਰੀਤ ਬਵੇਜਾ 6 ਘੰਟੇ 54 ਮਿੰਟ ਤੀਸਰੇ ਨੰਬਰ ‘ਤੇ ਆਈਆਂ।
ਇੰਜ ਹੀ, 21 ਕਿਲੋ ਮੀਟਰ (ਪੁਰਸ਼ਾਂ) ਵਿੱਚ ਅਮਰਪ੍ਰੀਤ ਸਿੰਘ, ਹਰਜੀਤ ਸਿੰਘ ਤੇ ਸਤਿੰਦਰ ਸਿੰਘ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਨੰਬਰ ‘ਤੇ ਰਹੇ, ਜਦਕਿ ਔਰਤਾਂ ਵਿੱਚ ਪ੍ਰਦੀਪ ਕੌਰ ਪਾਸੀ ਪਹਿਲੇ ਨੰਬਰ ‘ਤੇ ਰਹੀ। 12 ਕਿਲੋਮੀਟਰ (ਪੁਰਸ਼ਾਂ) ਫ੍ਰਿਤਪਾਲ ਸਿੰਘ ਗਿੱਲ, ਜੈਪਾਲ ਸਿੰਘ ਸਿੱਧੂ ਅਤੇ ਬਲਰਾਜ ਢਿੱਲੋਂ ਪਹਿਲੇ, ਦੂਜੇ ਤੇ ਤੀਜੇ ਨੰਬਰ ‘ਤੇ ਰਹੇ ਅਤੇ ਇਸਤਰੀਆਂ ਵਿੱਚ ਨੈਂਸੀ ਮੈਕੋਲਿਸ, ਜੋਤ ਘੁੰਮਣ ਅਤੇ ਨੈਂਸੀ ਘੁੰਮਣ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਨੰਬਰ ‘ਤੇ ਆਈਆਂ।
ਹੋਰ ਕਈਆਂ ਨੇ ਪੰਜ ਕਿਲੋਮੀਟਰ ਦੌੜ ਅਤੇ ਵਾਕ ਵਿੱਚ ਵੀ ਹਿੱਸਾ ਲਿਆ। ਕਈ ਛੋਟੇ-ਛੋਟੇ ਬੱਚਿਆਂ ਨੇ ਵੀ 2 ਕਿਲੋਮੀਟਰ ਦੀ ਵਾਕ/ਦੌੜ ਵਿੱਚ ਭਾਗ ਲੈ ਕੇ ਇਸ ਨੂੰ ਦਿਲਚਸਪ ਬਣਾਇਆ ਜਿਨ੍ਹਾਂ ਵਿੱਚ ਸੱਭ ਤੋਂ ਛੋਟੀ ਉਮਰ ਦੀ ਇੱਕ ਬੱਚੀ ਸਿਰਫ਼ 22 ਮਹੀਨਿਆਂ ਦੀ ਵੀ ਸ਼ਾਮਲ ਸੀ।
ਵੱਖ-ਵੱਖ ਸਪੋਰਟਸ ਕਲੱਬਾਂ ਵੱਲੋਂ ਇਸ ਦੌੜ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਕੱਪ ਅਤੇ ਪਲੇਕਸ ਦੇ ਕੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ।

ਸੈਕਿਉਰਲਾਈਫ ਇੰਸੋਰੈਂਸ ਏਜੰਸੀ ਵਲੋਂ ਲੰਘੇ ਦਿਨੀਂ ਰੈਕਸਡੇਲ ਗੁਰੂਘਰ ਵਿਖੇ ਨਗਰ ਕੀਰਤਨ ਵਾਲੇ ਦਿਨ ਪਕੌੜਿਆਂ ਅਤੇ ਜਲੇਬੀਆਂ ਦਾ ਸਟਾਲ ਲਗਾ ਕੇ ਆਈਆਂ ਸੰਗਤਾਂ ਦੀ ਸੇਵਾ ਕੀਤੀ ਗਈ। ਕੰਪਨੀ ਦੇ ਪ੍ਰਬੰਧਕਾਂ ਜਿਨ੍ਹਾਂ ਵਿਚ ਰਵਿੰਦਰਜੀਤ ਬਸਰਾ, ਮੋਨਾ ਮੈਂਗੀ ਅਤੇ ਹਰਪਰੀਤ ਸੈਣੀ ਹਨ, ਉਨ੍ਹਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸਾਖੀ ਦੇ ਸ਼ੁਭ ਦਿਹਾੜੇ ‘ਤੇ ਸਟਾਫ ਅਤੇ ਕੰਪਨੀ ਨਾਲ ਕੰਮ ਕਰਦੇ ਵਿੱਤੀ ਸਲਾਹਕਾਰਾਂ ਵਲੋਂ ਬਹੁਤ ਹੀ ਪਿਆਰ ਅਤੇ ਸ਼ਰਧਾ ਨਾਲ 7 ਮਈ ਐਤਵਾਰ ਨੂੰ ਸਵੇਰ ਤੋਂ ਸ਼ਾਮ ਤੱਕ ਨਿਰਵਿਘਨ ਅਤੇ ਬੜੇ ਹੀ ਅਨੁਸ਼ਾਸਿਤ ਤਰੀਕੇ ਨਾਲ ਸੰਗਤ ਦੀ ਸੇਵਾ ਕੀਤੀ ਗਈ। ਯਾਦ ਰਹੇ ਸੈਕਿਉਰਲਾਈਫ ਇੰਸੋਰੈਂਸ ਸਾਡੇ ਭਾਈਚਾਰੇ ਵਿਚ ਬੀਮਾ ਸੇਵਾਵਾਂ ਦੇਣ ਲਈ ਇਕ ਭਰੋਸੇਮੰਦ ਅਤੇ ਜਾਣਿਆ ਪਹਿਚਾਣਿਆ ਨਾਮ ਹੈ।

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …