ਬਰੈਂਪਟਨ/ਡਾ. ਝੰਡ
ਲੰਘੇ ਐਤਵਾਰ 30 ਜੂਨ ਨੂੰ ਹਾਰਟਲੇਕ ਕਨਜ਼ਵੇਸ਼ਨ ਏਰੀਆ ਬਰੈਂਪਟਨ ਦੇ ਹਰਿਆਵਲੇ ਪਿਕਨਿਕ ਸਪੌਟ ਵਿਖੇ ਪੀ.ਐੱਸ.ਬੀ. ਸੀਨੀਅਰਜ਼ ਕਲੱਬ ਬਰੈਂਪਟਨ (ਕੈਨੇਡਾ) ਵੱਲੋਂ ਕੈਨੇਡਾ-ਡੇਅ ਦੇ ਨਾਲ ਜੋੜ ਕੇ ਮਲਟੀਕਲਚਰਲ ਦਿਵਸ ਬੜੀ ਧੂਮ-ਧਾਮ ਨਾਲ ਮਨਇਆ ਗਿਆ ਜਿਸ ਵਿਚ ਕਲੱਬ ਦੇ 120 ਮੈਂਬਰਾਂ ਨੇ ਪਰਿਵਾਰਾਂ ਸਮੇਤ ਬੜੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਖੱਖ ਨੇ ਆਏ ਹੋਏ ਮੈਂਬਰਾਂ ਦਾ ਸੁਆਗ਼ਤ ਕਰਦਿਆਂ ਹੋਇਆਂ ਕਾਰਜਕਾਰਨੀ ਵੱਲੋਂ ਉਲੀਕੇ ਗਏ ਪ੍ਰੋਗਰਾਮ ਦੀ ਰੂਪ-ਰੇਖਾ ਬਿਆਨ ਕੀਤੀ।
ਪ੍ਰੋਗਰਾਮ ਦਾ ਆਰੰਭ ਹਰਮਿੰਦਰ ਸਿੰਘ ਅਲੱਗ ਵੱਲੋਂ ਗਾਏ ਗਏ ਇਕ ਸ਼ਬਦ ਨਾਲ ਕੀਤੀ ਗਈ। ਉਪਰੰਤ, ਕੈਨੇਡਾ ਦੇ ਰਾਸ਼ਟਰੀ-ਗੀਤ ‘ਓ ਕੈਨੇਡਾ’ ਦਾ ਗਾਇਨ ਕੀਤਾ ਗਿਆ। ਓਕਵਿਲ ਤੋਂ ਆਏ ਪਰਗਟ ਸਿੰਘ ਬੱਗਾ ਨੇ ਦਿਲਚਸਪ ਹਾਸਰਸ-ਕਵਿਤਾ ਨਾਲ ਸਮੂਹ ਮੈਂਬਰਾਂ ਦਾ ਖ਼ੂਬ ਮਨੋਰੰਜਨ ਕੀਤਾ। ਸੁਖਦੇਵ ਸਿੰਘ ਬੇਦੀ ਨੇ 112 ਸਾਲਾ ਪਹਿਲਾਂ ਸਥਾਪਿਤ ਕੀਤੇ ਗਏ ਪੰਜਾਬ ਐਂਡ ਸਿੰਧ ਬੈਂਕ ਦੇ ਇਤਿਹਾਸ ਦਾ ਵਰਨਣ ਕਰਦਿਆਂ ਹੋਇਆਂ ਇਸ ਦੇ ਬਾਨੀ ਚੇਅਰਮੈਨ ਡਾ. ਇੰਦਰਜੀਤ ਸਿੰਘ ਹੋਰਾਂ ਦੇ ਯੋਗਦਾਨ ਬਾਰੇ ਭਰਪੂਰ ਚਾਨਣਾ ਪਾਇਆ।
ਮਲੂਕ ਸਿੰਘ ਕਾਹਲੋਂ ਨੇ ਵੀ ਡਾ. ਇੰਦਰਜੀਤ ਸਿੰਘ ਵੱਲੋਂ ਆਰੰਭੇ ਗਏ ਇਸ ਮਹਾਨ ਕਾਰਜ ਦੀ ਸਰਾਹਨਾ ਕਰਦਿਆਂ ਹੋਇਆਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਬਾਰੇ ਮੁੱਲਵਾਨ ਗੱਲਾਂ ਕੀਤੀਆਂ। ਸ੍ਰੀਮਤੀ ਕੰਵਲਜੀਤ ਕੌਰ ਖੱਖ ਨੇ ਪੰਜਾਬੀ ਜੀਵਨ ਨਾਲ ਜੁੜੀਆਂ ਬੁਝਾਰਤਾਂ ਪਾ ਕੇ ਸਮਾਗ਼ਮ ਨੂੰ ਇਕ ਵੱਖਰਾ ਰੰਗ ਪ੍ਰਦਾਨ ਕੀਤਾ।
ਏਸੇ ਤਰ੍ਹਾਂ ਸ੍ਰੀਮਤੀ ਵਿਆਸ ਨੇ ਹਾਜ਼ਰੀਨ ਨੂੰ ਕੁਝ ਅਨੋਖੇ ਪ੍ਰਸ਼ਨ ਪੁੱਛ ਕੇ ਜੇਤੂਆਂ ਨੂੰ ਇਨਾਮ ਦਿੱਤੇ। ਗਾਇਕਾ ਮੀਤਾ ਖੰਨਾ ਵੱਲੋਂ ਆਪਣੀ ਸੁਰੀਲੀ ਆਵਾਜ਼ ਵਿਚ ਇਕ ਪੰਜਾਬੀ ਲੋਕ-ਗੀਤ ਪੇਸ਼ ਕੀਤਾ ਗਿਆ। ਕਲੱਬ ਦੇ ਜਨਰਲ ਸਕੱਤਰ ਹਰਚਰਨ ਸਿੰਘ ਨੇ ਕਲੱਬ ਦਾ ਲੇਖਾ-ਜੋਖਾ ਮੈਂਬਰਾਂ ਦੇ ਸਨਮੁੱਖ ਰੱਖਿਆ ਅਤੇ ਭਵਿੱਖ ਵਿਚ ਉਲੀਕੇ ਪ੍ਰੋਗਰਾਮਾਂ ਦਾ ਵੇਰਵਾ ਦੱਸਿਆ।
ਇਸ ਦੌਰਾਨ ਕਲੱਬ ਦੇ ਮੇਲ-ਮੈਂਬਰਾਂ ਵੱਲੋਂ ਭੰਗੜਾ ਅਤੇ ਬੀਬੀਆਂ ਵੱਲੋਂ ਗਿੱਧਾ ਪਾ ਕੇ ਇਸ ਪ੍ਰੋਗਰਾਮ ਨੂੰ ਹੋਰ ਵੀ ਮਨੋਰੰਜਕ ਬਣਾਇਆ ਗਿਆ ਜਿਸ ਦਾ ਸਾਰੇ ਮੈਂਬਰਾਂ ਨੇ ਖ਼ੂਬ ਅਨੰਦ ਮਾਣਿਆ। ਮਲੂਕ ਸਿੰਘ ਕਾਹਲੋਂ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਪਰਗਟ ਸਿੰਘ ਬੱਗਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਹਿਯੋਗ ਨਾਲ ਨੂੰ ਬਰੈਂਪਟਨ ਦੇ ਨੇੜਲੇ ਸ਼ਹਿਰ ਓਕਵਿਲ ਵਿਚ 20 ਜੁਲਾਈ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾਵਾਂ ਦੇ ਸਾਂਝੇ ਮੁਸ਼ਾਹਿਰੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਲੱਬ ਦੇ ਮੈਂਬਰਾਂ ਨੂੰ ਇਸ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਿਰਕਤ ਕਰਨ ਦੀ ਬੇਨਤੀ ਕੀਤੀ। ਇਸ ਯਾਦਗਾਰੀ ਮਲਟੀਕਲਚਰਲ ਸਮਾਗ਼ਮ ਵਿਚ ਮਨਜੀਤ ਸਿੰਘ ਗਿੱਲ, ਸੁਰਜੀਤ ਸਿੰਘ ਸੰਧੂ, ਐੱਚ.ਐੱਸ. ਸੰਧੂ, ਰਾਮ ਸਿੰਘ, ਗਿਆਨ ਪਾਲ, ਮੁਖਤਾਰ ਸਿੰਘ ਮੁਲਤਾਨੀ, ਆਦਿ ਤੋਂ ਇਲਾਵਾ ਲੰਘੇ ਦਿਨੀਂ ਭਾਰਤ ਤੋਂ ਆਏ ਮਨਜੀਤ ਸਿੰਘ (ਗੁਰਦਾਸਪੁਰ), ਵਰਿਆਮ ਸਿੰਘ (ਅੰਮ੍ਰਿਤਸਰ), ਗੋਬਿੰਦ ਸਿੰਘ, ਦਵਿੰਦਰ ਸਿੰਘ ਸੰਧੂ ਵੀ ਸ਼ਾਮਲ ਹੋਏ ਜਿਨ੍ਹਾਂ ਨੂੰ ਕਲੱਬ ਦੇ ਮੈਂਬਰਾਂ ਵੱਲੋਂ ਨਿੱਘੀ ‘ਜੀ ਆਇਆਂ’ ਕਹੀ ਗਈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …