-1.3 C
Toronto
Thursday, January 22, 2026
spot_img
Homeਕੈਨੇਡਾਯੂਕੇ ਦੇ ਗੁਰਦੁਆਰੇ ਵੀਲ੍ਹਚੇਅਰ ਸ਼ਰਧਾਲੂਆਂ ਨਾਲ ਵਖਰੇਵਾਂ ਕਰਨਗੇ ਖ਼ਤਮ

ਯੂਕੇ ਦੇ ਗੁਰਦੁਆਰੇ ਵੀਲ੍ਹਚੇਅਰ ਸ਼ਰਧਾਲੂਆਂ ਨਾਲ ਵਖਰੇਵਾਂ ਕਰਨਗੇ ਖ਼ਤਮ

ਇਤਰਾਜ਼ ਮਗਰੋਂ ਹਟਾਏ ਵੱਖਰੇ ਬਿਠਾਉਣ ਵਾਲੇ ਬੋਰਡ,  ਬਰਮਿੰਘਮ ਕਾਊਂਟੀ ਅਦਾਲਤ ਨੇ ਦਿੱਤਾ ਅਹਿਮ ਫ਼ੈਸਲਾ
ਲੰਡਨ/ਬਿਊਰੋ ਨਿਊਜ਼ : ਯੂਕੇ ਦੇ ਗੁਰਦੁਆਰੇ ਜਿਨ੍ਹਾਂ ਨੇ ਵੀਲ੍ਹਚੇਅਰ ਵਾਲੇ ਸ਼ਰਧਾਲੂਆਂ ਨੂੰ ਸਕਰੀਨਾਂ ਲਾ ਕੇ ਆਮ ਸ਼ਰਧਾਲੂਆਂ ਤੋਂ ਵੱਖਰਾ ਰੱਖਣ ਦੇ ਪ੍ਰਬੰਧ ਕੀਤੇ ਸਨ, ਨੂੰ ਹੁਣ ਇਹ ਪ੍ਰਬੰਧ ਬਦਲਣੇ ਹੋਣਗੇ। ਵੁਲਵਰਹੈਂਪਟਨ ਦਾ ਗੁਰੂ ਨਾਨਕ ਸਿੱਖ ਗੁਰਦੁਆਰਾ ਵੀਲ੍ਹਚੇਅਰ ਵਾਲੇ ਸ਼ਰਧਾਲੂਆਂ ਨਾਲ ਭੇਦਭਾਵ ਦਾ ਦੋਸ਼ੀ ਪਾਇਆ ਗਿਆ ਹੈ। ਇਨ੍ਹਾਂ ਸ਼ਰਧਾਲੂਆਂ ਨੂੰ ਆਮ ਸ਼ਰਧਾਲੂਆਂ ਤੋਂ ਵੱਖਰੇ ਬਿਠਾਇਆ ਜਾਂਦਾ ਸੀ ਕਿਉਂਕਿ ਉਹ ਸਿੱਖ ਰਵਾਇਤ ਮੁਤਾਬਿਕ ਚੌਕੜੀ ਮਾਰ ਕੇ ਨਹੀਂ ਬੈਠ ਸਕਦੇ ਸਨ। ਇਸ ਬਾਰੇ ਪਿਛਲੇ ਹਫ਼ਤੇ ਇਕ ਸਮਝੌਤੇ ਨੂੰ ਮਨਜ਼ੂਰੀ ਦਿੱਤੀ ਗਈ ਸੀ ਜਿਸ ਬਾਰੇ ਬਰਮਿੰਘਮ ਕਾਊਂਟੀ ਕੋਰਟ ਨੇ ਆਪਣਾ ਫ਼ੈਸਲਾ ਸੁਣਾਇਆ। ਅਦਾਲਤ ਵਿਚ ਦਿੱਤੀ ਅਰਜ਼ੀ ‘ਚ ਭੁਪਿੰਦਰ ਕੌਰ ਚੌਹਾਨ ਨਾਮਕ ਵੀਲ੍ਹਚੇਅਰ ‘ਤੇ ਬੈਠਣ ਵਾਲੀ ਔਰਤ ਨੇ ਦਲੀਲ ਦਿੱਤੀ ਸੀ ਕਿ ਇਹ ਪ੍ਰਬੰਧ ਇਸ ਤਰ੍ਹਾਂ ਦੇ ਹਨ ਜਿਸ ਤੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਇਸ ਕਰਕੇ ਵੱਖਰਾ ਬਿਠਾਇਆ ਗਿਆ ਹੈ ਜਿਵੇਂ ਤੁਸੀਂ ਕੋਈ ਗ਼ਲਤ ਕੰਮ ਕੀਤਾ ਹੋਵੇ। ਯੂਕੇ ਦੀ ਅਦਾਲਤ ਵਿਚ ਜਾਣ ਵਾਲਾ ਇਹ ਇਕ ਨਿਵੇਕਲਾ ਮਾਮਲਾ ਹੈ ਜਿਸ ਦਾ ਦੇਸ਼ ਦੇ ਸਾਰੇ ਗੁਰਦੁਆਰਿਆਂ ‘ਤੇ ਅਸਰ ਪਏਗਾ।
ਸਿੱਖ ਫੋਰਮ ਵੁਲਵਰਹੈਂਪਟਨ ਦੀ ਚੇਅਰਪਰਸਨ ਰਜਿੰਦਰ ਕੌਰ ਬਾਸੀ ਨੇ ਇਸ ਫ਼ੈਸਲੇ ਨੂੰ ਇਕ ਵੱਡੀ ਜਿੱਤ ਦੱਸਿਆ ਹੈ। ਬਾਸੀ ਨੇ ਕਿਹਾ ਕਿ ਵੀਲ੍ਹਚੇਅਰ ‘ਤੇ ਬੈਠਣ ਵਾਲੇ ਲੋਕ ਦੂਜੇ ਦਰਜੇ ਦੇ ਸ਼ਹਿਰੀ ਨਹੀਂ ਹਨ ਤੇ ਉਨ੍ਹਾਂ ਨੂੰ ਵੀ ਦੂਸਰੇ ਸ਼ਰਧਾਲੂਆਂ ਵਾਲੇ ਅਧਿਕਾਰ ਮਿਲਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਅੱਗੋਂ ਵੀ ਗੁਰਦੁਆਰਿਆਂ ‘ਤੇ ਨਜ਼ਰ ਰੱਖਾਂਗੇ ਤਾਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ। ਵੀਲ੍ਹਚੇਅਰ ‘ਤੇ ਬੈਠਣ ਵਾਲੇ ਪੰਜ ਸ਼ਰਧਾਲੂਆਂ ਨੇ ਸਾਂਝੇ ਤੌਰ ‘ਤੇ ਅਦਾਲਤ ਵਿਚ ਅਰਜ਼ੀ ਦੇ ਕੇ ਗੁਰਦੁਆਰਾ ਸਾਹਿਬ ‘ਚ ਹੋ ਰਹੇ ਇਸ ਵਿਤਕਰੇ ਨੂੰ ਉਜਾਗਰ ਕੀਤਾ ਸੀ। ਉਨ੍ਹਾਂ ਅਦਾਲਤ ਨੂੰ ਦੱਸਿਆ ਸੀ ਕਿ ਉਹ ਚੌਕੜੀ ਮਾਰ ਕੇ ਨਹੀਂ ਬੈਠ ਸਕਦੇ ਇਸ ਕਰਕੇ ਉਨ੍ਹਾਂ ਨੂੰ ਸਕਰੀਨ ਤੋਂ ਪਰੇ ਸੰਗਤ ਤੋਂ ਵੱਖਰਾ ਬਿਠਾ ਦਿੱਤਾ ਜਾਂਦਾ ਹੈ ਤੇ ਲੰਗਰ ਘਰਾਂ ਵਿਚ ਵੀ ਇਸ ਤਰ੍ਹਾਂ ਹੀ ਕੀਤਾ ਜਾਂਦਾ ਹੈ। ਇਸ ਨਵੇਂ ਫ਼ੈਸਲੇ ਮੁਤਾਬਿਕ ਗੁਰਦੁਆਰਾ ਪ੍ਰਬੰਧਕਾਂ ਨੂੰ ਗੁਰਦੁਆਰਾ ਹਾਲਾਂ ਅਤੇ ਲੰਗਰ ਘਰਾਂ ਤੋਂ ਸਾਰੀਆਂ ਸਕਰੀਨਾਂ ਹਟਾਉਣੀਆਂ ਪੈਣਗੀਆਂ ਤੇ ਕੁਰਸੀਆਂ ਤੇ ਵੀਲ੍ਹ ਚੇਅਰਾਂ ਬਾਰੇ ਲਗਾਏ ਆਦੇਸ਼ ਵੀ ਹਟਾਉਣੇ ਪੈਣਗੇ। ਜਿਨ੍ਹਾਂ ਗੁਰੂ ਘਰਾਂ ਵਿਚ ਪਹਿਲੀ ਮੰਜ਼ਿਲ ‘ਤੇ ਪ੍ਰਕਾਸ਼ ਕੀਤਾ ਹੋਇਆ ਹੈ ਉਥੇ ਵੀਲ੍ਹਚੇਅਰ ਵਾਲਿਆਂ ਲਈ ਵੱਖਰੀ ਲਿਫਟ ਲਗਾਉਣੀ ਹੋਵੇਗੀ। ਸਬੰਧਤ ਗੁਰਦੁਆਰਾ ਕਮੇਟੀ ਪਟੀਸ਼ਨਕਰਤਾ ਨੂੰ ਸਾਰਾ ਕਾਨੂੰਨੀ ਖ਼ਰਚਾ ਵੀ ਪ੍ਰਦਾਨ ਕਰੇਗੀ।

RELATED ARTICLES
POPULAR POSTS