ਕਲੱਬ ਦੇ 150 ਤੋਂ ਵਧੇਰੇ ਮੈਂਬਰਾਂ ਨੇ ਕੀਤੀ ਸ਼ਮੂਲੀਅਤ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 17 ਮਈ ਨੂੰ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਵੱਲੋਂ ਸਥਾਨਕ ਪਾਲ ਪਲੈਸ਼ੀ ਰੀਕਰੀਏਸ਼ਨ ਸੈਂਟਰ ਵਿੱਚ ‘ਕੌਮਾਂਤਰੀ ਮਾਂ-ਦਿਵਸ’ ਬੜੇ ਜੋਸ਼, ਉਤਸ਼ਾਹ, ਉਮਾਹ, ਹਾਸੇ-ਮਜ਼ਾਕ, ਯੋਗਾ ਅਤੇ ਖਾਣ-ਪੀਣ ਦੇ ਖ਼ੂਬਸੂਰਤ ਮਾਹੌਲ ਵਿੱਚ ਮਨਾਇਆ ਗਿਆ। ਇਸ ਮੌਕੇ ਕਲੱਬ ਦੇ 150 ਤੋਂ ਵਧੇਰੇ ਇਸ ਸ਼ਾਨਦਾਰ ਸਮਾਗਮ ਵਿੱਚ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਵੱਲੋਂ ਸਮੂਹ ਮਾਵਾਂ, ਮਹਿਮਾਨਾਂ ਅਤੇ ਮੈਂਬਰਾਂ ਨੂੰ ਸੰਬੋਧਿਤ ਭਾਵਪੂਰਤ ਸ਼ਬਦਾਂ ਨਾਲ ਕੀਤੀ ਗਈ। ਇਸ ਸੰਸਾਰ ਵਿੱਚ ਮਾਵਾਂ ਦੀ ਅਹਿਮਿਅਤ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਮਾਵਾਂ ਹਰੇਕ ਘਰ ਦੀ ‘ਨੀਂਹ’ ਹਨ। ਜਿਨ੍ਹਾਂ ਦੀ ਕੁਰਬਾਨੀ, ਸਬਰ ਅਤੇ ਨਿਰਛਲ ਪਿਆਰ ਸਦਕਾ ਪਰਿਵਾਰ ਇਕੱਠਿਆਂ ਹੋ ਕੇ ਹਰ ਪ੍ਰਕਾਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ। ਮਾਵਾਂ ਸਾਰੇ ਪਰਿਵਾਰ ਦਾ ਬੋਝ ਬੜੇ ਪਿਆਰ ਨਾਲ ਖ਼ੁਸ਼ੀ-ਖ਼ੁਸ਼ੀ ਆਪਣੇ ਮੋਢਿਆਂ ‘ਤੇ ਚੱਕਦੀਆਂ ਹਨ ਅਤੇ ਉਨ੍ਹਾਂ ਦੀ ਮਹਾਨ ਕੁਰਬਾਨੀ ਦਾ ਕਰਜ਼ ਕਦੇ ਵੀ ਉਤਾਰਿਆ ਨਹੀਂ ਜਾ ਸਕਦਾ।
ਇਸ ਸ਼ਾਨਦਾਰ ਸ਼ਾਮ ਨੂੰ ਜੋਤੀ ਡੈਡਲੀਆ ਅਤੇ ਕਮਲ ਬਬਰਾ ਵੱਲੋਂ ਹਾਸੇ-ਮਜ਼ਾਕ ਨਾਲ ਭਰਪੂਰ ਗੱਲਾਂ-ਬਾਤਾਂ, ਮਨੋਰੰਜਕ ਆਈਟਮਾਂ ਤੇ ਰੋਮਾਂਚਿਕ ਸੰਵਾਦਾਂ ਨਾਲ ਹੋਰ ਵੀ ਰੰਗੀਨ ਬਣਾਇਆ ਗਿਆ। ਜੋਤੀ ਨੇ ਇਸ ਮੌਕੇ ਬੋਲਦਿਆਂ ਕਿਹਾ, ”ਮਾਂ-ਦਿਵਸ ਕੇਵਲ ਇੱਕ ਜਸ਼ਨ ਨਹੀਂ ਹੈ, ਸਗੋਂ ਇਹ ਤਾਂ ਮਾਵਾਂ ਪ੍ਰਤੀ ਪਿਆਰ ਤੇ ਸਤਿਕਾਰ ਦੀ ਭਾਵਨਾ ਦਾ ਪ੍ਰਗਟਾਵਾ ਹੈ ਜੋ ਆਪਣਾ ਸਾਰਾ ਜੀਵਨ ਪਰਿਵਾਰ ਦੇ ਲੇਖੇ ਲਾ ਦਿੰਦੀਆਂ ਹਨ।” ਇਸਦੇ ਨਾਲ ਹੀ ਕਮਲ ਬਬਰਾ ਦਾ ਕਹਿਣਾ ਸੀ, ”ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਦੇ ਸਾਰੇ ਈਵੈਂਟ ਸੀਨੀਅਰਾਂ ਅਤੇ ਮਾਵਾਂ ਨੂੰ ਭਰਵਾਂ ਸਤਿਕਾਰ ਦਿੰਦੇ ਹਨ।”
ਮਾਵਾਂ ਦੀ ਸਮਾਜਿਕ ਤੇ ਪਰਿਵਾਰਕ ਦੇਣ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਲੱਬ ਦੀ ਪ੍ਰਧਾਨ ਦਵਿੰਦਰ ਦੈਂਦ ਨੇ ਇਸ ਮੌਕੇ ਬੋਲਦਿਆਂ ਕਿਹਾ, ”ਮਾਂ ਦਾ ਪਿਆਰ ਸੱਭ ਤੋਂ ਪਵਿੱਤਰ ਹੈ। ਉਨ੍ਹਾਂ ਦੀ ਭਾਵਨਾਤਮਿਕ ਸ਼ਕਤੀ ਹਰੇਕ ਪਰਿਵਾਰ ਦੇ ਲਈ ਪ੍ਰੇਰਨਾ ਦਾ ਮੁੱਖ-ਸਰੋਤ ਹੈ ਅਤੇ ਉਨ੍ਹਾਂ ਦੀਆਂ ਅਸੀਸਾਂ ਸਾਡੀ ਜੀਵਨ-ਭਰ ਅਗਵਾਈ ਕਰਦੀਆਂ ਰਹਿੰਦੀਆਂ ਹਨ।” ਇਸ ਦੌਰਾਨ ਹੋਏ ਸੱਭਿਆਚਾਰਕ ਪ੍ਰੋਗਰਾਮ ਵਿੱਚ ਹਰਿੰਦਰ ਸੌਂਦ, ਰਮਿੰਦਰ ਚੌਹਾਨ, ਹਰਮੀਤ ਕੁਲਾਰ, ਰਾਣੀ ਡਾਂਗ, ਸੁੱਚਾ ਬੁੱਟਰ, ਸਰਬਜੀਤ ਧੰਜਲ, ਕਮਲਾ ਸ਼ਰਮਾ ਅਤੇ ਤ੍ਰਿਲੋਚਨ ਸਿੰਘ ਵੱਲੋਂ ਗੀਤ, ਡਾਂਸ ਅਤੇ ਮਨੋਰੰਜਨ ਦੀਆਂ ਕਈ ਵੰਨਗੀਆਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਪ੍ਰਾਪਤ ਹੋਇਆ। ਇਸਦੇ ਨਾਲ ਹੀ ਅਨੁਜਾ ਕਾਂਬਲੀ ਨੇ ਮੈਂਬਰਾਂ ਨੂੰ ਬਾਲੀਵੁੱਡ ਹਿੰਦੀ ਫ਼ਿਲਮਾਂ ਗੀਤਾਂ ਉੱਪਰ ਯੋਗਾ ਦੀਆਂ ਕਈ ਦਿਲਚਸਪ ਕਸਰਤਾਂ ਕਰਵਾ ਕੇ ਮੈਂਬਰਾਂ ਦੇ ਮਨੋਰੰਜਨ ਵਿੱਚ ਹੋਰ ਵਾਧਾ ਕੀਤਾ ਗਿਆ। ਸਮਾਗਮ ਦੌਰਾਨ ਚੱਲਦੇ ਰਹੇ ਸਨੈਕਸ ਅਤੇ ਖਾਣੇ ਦੀਆਂ ਵਰਾਇਟੀਆਂ ਨੇ ਇਸਨੂੰ ਹੋਰ ਵੀ ਲਜ਼ੀਜ਼ ਤੇ ਖ਼ੁਸ਼ਬੂਦਾਰ ਬਣਾ ਦਿੱਤਾ।
ਸਮਾਗਮ ਦੀ ਮੁੱਖ-ਮਹਿਮਾਨ ਬਰੈਂਪਟਨ ਸੈਂਟਰ ਦੀ ਮੈਂਬਰ ਪਾਰਲੀਮੈਂਟ ਅਮਨਦੀਪ ਸੋਢੀ ਸਨ। ਇਸ ਮੌਕੇ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ, ”ਕਲੱਬ ਦੇ ਸੀਨੀਅਰ ਮੈਂਬਰਾਂ ਅਤੇ ਮਾਵਾਂ ਨੂੰ ਇਹ ਸ਼ੁਭ ਦਿਨ ਇਕੱਠਿਆਂ ਮਨਾਉਂਦੇ ਵੇਖ ਕੇ ਮੈਨੂੰ ਬੜੀ ਖ਼ੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ। ਇਸ ਤਰ੍ਹਾਂ ਦੇ ਈਵੈਂਟ ਸਾਡੀਆਂ ਸਮਾਜਿਕ-ਤੰਦਾਂ ਨੂੰ ਮਜ਼ਬੂਤ ਕਰਦੇ ਹਨ ਅਤੇ ਸਮਾਜ ਵਿੱਚ ਮਹਾਨ ਲੋਕਾਂ ਦੇ ਯੋਗਦਾਨ ਨੂੰ ਤਾਜ਼ਾ ਕਰਦੇ ਹਨ।”
ਸਮਾਗਮ ਦੇ ਮੁੱਖ-ਵਕਤਾ ਰੀਜਨਲ ਕੌਂਸਲਰ ਰਵੀਨਾ ਸੰਤੋਸ ਸਨ, ਜਿਨ੍ਹਾਂ ਨੇ ਮੈਂਬਰਾਂ ਤੇ ਮਹਿਮਾਨਾਂ ਨੂੰ ਸੰਬੋਧਨ ਹੁੰਦਿਆਂ ਕਿਹਾ, ”ਇਸ ਦੁਨੀਆਂ ਵਿੱਚ ਮਾਂ ਹੋਣਾ ਜੀਵਨ ਦੀ ਸੱਭ ਤੋਂ ਵੱਡੀ ਅਸੀਸ ਅਤੇ ਜ਼ਿੰਮੇਵਾਰੀ ਹੈ। ਇਸ ਕਲੱਬ ਦਾ ਇਹ ਸਮਾਗਮ ਮਾਵਾਂ ਦੀ ਕੁਰਬਾਨੀ, ਉਨ੍ਹਾਂ ਦੇ ਨਿਰਛਲ ਪਿਆਰ ਅਤੇ ਨਾਰੀ-ਸ਼ਕਤੀ ਨੂੰ ਪੂਰੀ ਤਰ੍ਹਾਂ ਮਾਨਤਾ ਦਿੰਦਾ ਹੈ। ਮੈਂ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਦੇ ਮੈਂਬਰਾਂ ਵੱਲੋਂ ਸੀਨੀਅਰਾਂ ਅਤੇ ਮਾਵਾਂ ਦੇ ਸਤਿਕਾਰ ਵਿੱਚ ਆਯੋਜਿਤ ਕੀਤੇ ਗਏ ਇਸ ਸ਼ਾਨਦਾਰ ਸਮਾਗਮ ‘ਤੇ ਉਨ੍ਹਾਂ ਨੂੰ ਹਾਰਦਿਕ ਵਧਾਈ ਦਿੰਦੀ ਹਾਂ।”
ਇਸ ਦੌਰਾਨ ਕਲੱਬ ਦੇ ਕਈ ਮੈਂਬਰਾਂ ਦੇ ਇਸ ਮਹੀਨੇ ਆਉਂਦੇ ਜਨਮ-ਦਿਨ ਵੀ ਮਨਾਏ ਗਏ। ਸਮਾਗਮ ਦੇ ਅਖ਼ੀਰ ਵੱਲ ਵੱਧਦਿਆਂ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਵੱਲੋਂ ਸਮੂਹ ਮੈਂਬਰਾਂ, ਮਹਿਮਾਨਾਂ, ਮਨੋਰੰਜਕ ਆਈਟਮਾਂ ਪੇਸ਼ ਕਰਨ ਵਾਲੇ ਕਲਾਕਾਰਾਂ, ਪ੍ਰਬੰਧਕਾਂ ਅਤੇ ਵਾਲੰਟੀਅਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਕਲੱਬ ਦੇ ਅਗਲੇ ਸਮਾਗਮ ਇੰਜ ਹੀ ਉਤਸ਼ਾਹ ਪੂਰਵਕ ਮਨਾਉਣ ਦਾ ਵਾਅਦਾ ਕੀਤਾ ਗਿਆ।






