
ਅਮਰੀਕਾ ਅਤੇ ਚੀਨ ਤੋਂ ਬਾਅਦ ਤੀਜੀ ਵੱਡੀ ਤਾਕਤ ਵਜੋਂ ਉਭਰਿਆ ਭਾਰਤ
ਨਵੀਂ ਦਿੱਲੀ/ਬਿਊਰੋ ਨਿਊਜ਼
‘ਲੋਵੀ ਇੰਸਟੀਚਿਊਟ’ ਵਲੋਂ ਜਾਰੀ ਕੀਤੀ ਗਈ ‘2026 ਏਸ਼ੀਆ ਪਾਵਰ ਇੰਡੈਕਸ’ ਰਿਪੋਰਟ ਅਨੁਸਾਰ, ਭਾਰਤ ਨੇ ਏਸ਼ੀਆ ਖਿੱਤੇ ਵਿਚ ਆਪਣੇ ਪ੍ਰਭਾਵ ਅਤੇ ਦਬਦਬੇ ਨੂੰ ਹੋਰ ਮਜ਼ਬੂਤ ਕੀਤਾ ਹੈ। ਰਿਪੋਰਟ ਮੁਤਾਬਕ, ਤੁਲਨਾਤਮਕ ਆਰਥਿਕ ਸਮਰੱਥਾ ਵਿਚ ਮਾਮੂਲੀ ਗਿਰਾਵਟ ਅਤੇ ਅੰਦਰੂਨੀ ਚੁਣੌਤੀਆਂ ਦੇ ਬਾਵਜੂਦ ਭਾਰਤ ਨੇ 2026 ਵਿਚ ਇਕ ਪ੍ਰਮੁੱਖ ਸ਼ਕਤੀ ਵਜੋਂ ਆਪਣੀ ਸਥਿਤੀ ਪੱਕੀ ਕਰਦਿਆਂ 40.5 <:40.5਼ ਅੰਕ ਹਾਸਲ ਕੀਤੇ ਹਨ। ਇਸ ਨਾਲ ਭਾਰਤ ਅਮਰੀਕਾ ਅਤੇ ਚੀਨ ਤੋਂ ਬਾਅਦ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਤਾਕਤ ਬਣ ਗਿਆ ਹੈ। ਖਾਸ ਗੱਲ ਇਹ ਹੈ ਕਿ 2018 ਵਿਚ ਇਸ ਰੈਂਕਿੰਗ ਦੀ ਸ਼ੁਰੂਆਤ ਤੋਂ ਬਾਅਦ ਭਾਰਤ ਅਤੇ ਚੀਨ ਵਿਚਾਲੇ ਸ਼ਕਤੀ ਦਾ ਪਾੜਾ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ ਹੈ। ਹਾਲਾਂਕਿ ਚੀਨ ਦੀ ਤਾਕਤ ਅਜੇ ਵੀ ਭਾਰਤ ਨਾਲੋਂ 80 ਫੀਸਦੀ ਵੱਧ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਬਾਰੇ ਰਿਪੋਰਟ ਵਿਚ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ ਕਿ ਮਾਹਿਰਾਂ ਵਲੋਂ ਉਨ੍ਹਾਂ ਦੀ ਖੇਤਰੀ ਲੀਡਰਸ਼ਿਪ ਦੇ ਮੁਲਾਂਕਣ ਵਿਚ ਸੁਧਾਰ ਹੋਇਆ ਹੈ, ਜਿਸ ਨਾਲ ਭਾਰਤ ਤਿੰਨ ਸਥਾਨ ਉਪਰ ਚੜ੍ਹਿਆ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਹੁਣ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੋਂ ਬਾਅਦ ਏਸ਼ੀਆ ਖਿੱਤੇ ਦਾ ਦੂਜਾ ਸਭ ਤੋਂ ਪ੍ਰਭਾਵਸ਼ਾਲੀ ਆਗੂ ਮੰਨਿਆ ਗਿਆ ਹੈ।

