Breaking News
Home / ਭਾਰਤ / ਕਾਂਗਰਸ ਤੇ ‘ਆਪ’ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਹੋਈ ਗੱਲਬਾਤ

ਕਾਂਗਰਸ ਤੇ ‘ਆਪ’ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਹੋਈ ਗੱਲਬਾਤ

ਦੋਵੇਂ ਧਿਰਾਂ ਵਿਚਕਾਰ ਸੁਖਾਵੇਂ ਮਾਹੌਲ ਵਿੱਚ ਹੋਈ ਚਰਚਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਅਗਾਮੀ ਲੋਕ ਸਭਾ ਚੋਣਾਂ ‘ਚ ਪੰਜਾਬ ਅਤੇ ਦਿੱਲੀ ‘ਚ ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਅਤੇ ‘ਆਪ’ ਵਿਚਕਾਰ ਨਵੀਂ ਦਿੱਲੀ ‘ਚ ਮੀਟਿੰਗ ਹੋਈ। ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ ‘ਇੰਡੀਆ’ ਗੱਠਜੋੜ ਦੀਆਂ ਦੋਵੇਂ ਅਹਿਮ ਧਿਰਾਂ ਵਿਚਕਾਰ ਸੀਟਾਂ ਦਾ ਫਾਰਮੂਲਾ ਤੈਅ ਕਰਨ ਲਈ ਮੁੜ ਤੋਂ ਮੀਟਿੰਗ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਕਾਂਗਰਸ ਵੱਲੋਂ ਮੁਕੁਲ ਵਾਸਨਿਕ, ਅਸ਼ੋਕ ਗਹਿਲੋਤ, ਅਰਵਿੰਦਰ ਸਿੰਘ ਲਵਲੀ ਤੇ ਮੋਹਨ ਪ੍ਰਕਾਸ਼ ਜਦਕਿ ‘ਆਪ’ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ, ਦਿੱਲੀ ‘ਚ ਮੰਤਰੀ ਆਤਿਸ਼ੀ ਅਤੇ ਸੌਰਭ ਭਾਰਦਵਾਜ ਹਾਜ਼ਰ ਸਨ। ਦੋਵੇਂ ਪਾਰਟੀਆਂ ਦੇ ਆਗੂਆਂ ਨੇ ਸੀਟਾਂ ਦੀ ਵੰਡ ਬਾਰੇ ਸੰਭਾਵਨਾਵਾਂ ਤਲਾਸ਼ੀਆਂ ਪਰ ਉਨ੍ਹਾਂ ਕੋਈ ਵੀ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ।
ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਮੁਕੁਲ ਵਾਸਨਿਕ ਨੇ ਕਿਹਾ, ”ਸੁਖਾਵੇਂ ਮਾਹੌਲ ‘ਚ ਬਹੁਤ ਸਾਰਥਕ ਮੀਟਿੰਗ ਹੋਈ ਹੈ। ਅਰਵਿੰਦ ਕੇਜਰੀਵਾਲ ਤਰਫ਼ੋਂ ਸੀਟਾਂ ਦੀ ਵੰਡ ਲਈ ਵਿਚਾਰ ਵਟਾਂਦਰਾ ਕਰਨ ਵਾਸਤੇ ‘ਆਪ’ ਦੇ ਸੀਨੀਅਰ ਆਗੂਆਂ ਨੂੰ ਭੇਜਿਆ ਗਿਆ ਸੀ। ਕਾਂਗਰਸ ਪ੍ਰਧਾਨ ਵੱਲੋਂ ਬਣਾਈ ਗਈ ਕੌਮੀ ਗੱਠਜੋੜ ਕਮੇਟੀ (ਐੱਨਏਸੀ) ਨੇ ‘ਆਪ’ ਆਗੂਆਂ ਨਾਲ ਸੀਟਾਂ ਦੀ ਵੰਡ ਬਾਰੇ ਚਰਚਾ ਕੀਤੀ ਅਤੇ ਅੰਤਿਮ ਫ਼ੈਸਲਾ ਬਾਅਦ ‘ਚ ਲਿਆ ਜਾਵੇਗਾ।”
ਕਾਂਗਰਸ ਦੀ ਐੱਨਏਸੀ ਦੇ ਕਨਵੀਨਰ ਵਾਸਨਿਕ ਨੇ ਕਿਹਾ ਕਿ ਮੀਟਿੰਗ ਦੌਰਾਨ ਸੀਟਾਂ ਦੀ ਵੰਡ ਤੋਂ ਇਲਾਵਾ ਵੱਖ ਵੱਖ ਵਿਸ਼ਿਆਂ ‘ਤੇ ਡੂੰਘਾਈ ਨਾਲ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਕੁਝ ਦਿਨਾਂ ਮਗਰੋਂ ਦੋਵੇਂ ਧਿਰਾਂ ਦੀ ਮੁੜ ਮੀਟਿੰਗ ਹੋਵੇਗੀ ਅਤੇ ਸੀਟਾਂ ਦੀ ਵੰਡ ਬਾਰੇ ਅੰਤਿਮ ਫ਼ੈਸਲਾ ਲਿਆ ਜਾਵੇਗਾ।
‘ਅਸੀਂ ਸੀਟਾਂ ਦੀ ਵੰਡ ਦੀ ਯੋਜਨਾ ਨੂੰ ਬਾਅਦ ‘ਚ ਅੰਤਿਮ ਰੂਪ ਦੇਵਾਂਗੇ। ਅਸੀਂ ਪੂਰੀ ਤਿਆਰੀ ਨਾਲ ਇਕੱਠੇ ਚੋਣਾਂ ਲੜ ਕੇ ਭਾਜਪਾ ਨੂੰ ਹਰਾਵਾਂਗੇ।’ ਕਾਂਗਰਸ ਅਤੇ ‘ਆਪ’ ਨੂੰ ‘ਇੰਡੀਆ’ ਗੱਠਜੋੜ ਦਾ ਅਹਿਮ ਹਿੱਸਾ ਕਰਾਰ ਦਿੰਦਿਆਂ ਵਾਸਨਿਕ ਨੇ ਕਿਹਾ ਕਿ ਮੀਟਿੰਗ ਦੌਰਾਨ ਹੋਈ ਚਰਚਾ ਦਾ ਅਜੇ ਖ਼ੁਲਾਸਾ ਕਰਨਾ ਸਹੀ ਨਹੀਂ ਹੋਵੇਗਾ। ਇਕ ਹੋਰ ਕਾਂਗਰਸੀ ਆਗੂ ਅਸ਼ੋਕ ਗਹਿਲੋਤ ਨੇ ਕਿਹਾ ਕਿ ਕਿਸੇ ਦੇ ਨਿੱਜੀ ਵਿਚਾਰਾਂ ‘ਤੇ ਚਰਚਾ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੱਡਾ ਗਠਜੋੜ ਬਣ ਜਾਂਦਾ ਹੈ ਤਾਂ ਸਾਰਿਆਂ ਨੂੰ ਸਮਝੌਤਾ ਕਰਨਾ ਪੈਂਦਾ ਹੈ ਅਤੇ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ। ‘ਕਾਂਗਰਸ ਨੇ ਪਹਿਲ ਕੀਤੀ ਹੈ ਅਤੇ ਦੇਸ਼ ਭਰ ਵਿੱਚ ਇੱਕ ਚੰਗਾ ਸੰਦੇਸ਼ ਗਿਆ ਹੈ ਅਤੇ ਇਹ ਪ੍ਰਕਿਰਿਆ ਅੱਗੇ ਵਧ ਰਹੀ ਹੈ।’
ਗਹਿਲੋਤ ਨੇ ਕਿਹਾ ਕਿ ਜੇਕਰ ਗੱਠਜੋੜ ਸਫ਼ਲ ਹੁੰਦਾ ਹੈ ਤਾਂ ਇਸ ‘ਚ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੀ ਸਰਕਾਰ ਨਹੀਂ ਬਣਾ ਸਕਣਗੇ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਦਿੱਲੀ ‘ਚ ‘ਆਪ’ ਦੀ ਸਰਕਾਰ ਹੈ ਅਤੇ ਦੋਵੇਂ ਸੂਬਿਆਂ ‘ਚ ਕਾਂਗਰਸ ਦੀਆਂ ਪ੍ਰਦੇਸ਼ ਇਕਾਈਆਂ ‘ਆਪ’ ਨਾਲ ਕਿਸੇ ਵੀ ਤਰ੍ਹਾਂ ਦੇ ਗੱਠਜੋੜ ਦਾ ਵਿਰੋਧ ਕਰ ਰਹੀਆਂ ਹਨ। ਕਾਂਗਰਸ ਨੇ ਵੱਖ ਵੱਖ ਸੂਬਿਆਂ ‘ਚ ‘ਇੰਡੀਆ’ ਗੱਠਜੋੜ ‘ਚ ਸ਼ਾਮਲ ਪਾਰਟੀਆਂ ਨਾਲ ਵੀ ਸੀਟਾਂ ਦੀ ਵੰਡ ਲਈ ਗੱਲਬਾਤ ਸ਼ੁਰੂ ਕੀਤੀ ਹੋਈ ਹੈ।

Check Also

ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਭਾਜਪਾ ’ਚ ਹੋਏ ਸ਼ਾਮਲ

ਚਾਰ ਹੋਰ ਆਗੂਆਂ ਨੇ ਵੀ ਫੜਿਆ ਭਾਜਪਾ ਦਾ ਪੱਲਾ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਕਾਂਗਰਸ …