ਉਨਟਾਰੀਓ/ਹਰਜੀਤ ਬੇਦੀ
ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਪਿਛਲੇ ਦਿਨੀਂ ਬਹੁਤ ਹੀ ਥੋੜ੍ਹੇ ਸਮੇਂ ਲਈ ਟੋਰਾਂਟੋ ਪਹੁੰਚੇ ਇਨਕਲਾਬੀ ਅਤੇ ਤਰਕਸ਼ੀਲ ਲੋਕ-ਪੱਖੀ ਗਾਇਕ ਅਤੇ ਲੇਖਕ ਜਗਸ਼ੀਰ ਜੀਦਾ ਨਾਲ ਵਿਸ਼ੇਸ਼ ਯਤਨ ਕਰ ਕੇ ਰੂਬਰੂ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਸੁਸਾਇਟੀ ਦੇ ਮੁੱਖ ਕੁਆਰਡੀਨੇਟਰ ਨਾਲ ਸਮੁੱਚੀ ਕਾਰਜਕਾਰਣੀ ਤੋਂ ਬਿਨਾਂ ਹੋਰ ਵੀ ਕਈ ਪਰਮੁੱਖ ਸਖਸ਼ੀਅਤਾਂ ਹਾਜ਼ਰ ਸਨ। ਤਰਕਸ਼ੀਲ ਆਗੂ ਬਲਵਿੰਦਰ ਬਰਨਾਲਾ ਨੇ ਜਗਸ਼ੀਰ ਜੀਦਾ ਬਾਰੇ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ਬਲਦੇਵ ਰਹਿਪਾ ਨੇ ਮਿਿਟੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਲੱਚਰ ਸਾਹਿਤ ਅਤੇ ਗੀਤਾਂ ਦੀ ਥਾਂ ਤੇ ਅਜਿਹੇ ਲੋਕ ਪੱਖੀ ਗੀਤਾਂ ਦੀ ਜਰੂਰਤ ਹੈ ਜਿਹੜੇ ਲੋਕਾਂ ਦੀਆਂ ਮੁਸ਼ਕਲਾਂ ਦੀ ਗੱਲ ਕਰਦੇ ਹੋਣ ਤੇ ਉਹਨਾਂ ਦੇ ਹੱਲ ਵੱਲ ਸੰਕੇਤ ਵੀ ਕਰਦੇ ਹੋਣ। ਲੋਕਾਂ ਨੂੰ ਚੇਤਨ ਕਰਦੇ ਅਜਿਹੇ ਗੀਤ ਹੀ ਚੰਗਾ ਸਮਾਜ ਸਿਰਜਣ ਵਾਲਾ ਮਾਹੌਲ ਪੈਦਾ ਕਰਨ ਦੀ ਸਮਰੱਥਾ ਰਖਦੇ ਹਨ। ਰੂਬਰੂ ਪ੍ਰੋਗਰਾਮ ਦੌਰਾਨ ਜਗਸ਼ੀਰ ਜੀਦਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਪਾਖੰਡੀ ਤੇ ਲੋਟੂ ਸਾਧਾਂ ਅਤੇ ਦੰਭੀ ਅਤੇ ਲਾਰੇਬਾਜ਼ ਨੇਤਾਵਾਂ, ਵੋਟ ਵਪਾਰ ਅਤੇ ਲੋਕਾਂ ਤੇ ਵਿਅੰਗ ਕਸਦੀਆਂ ਬੋਲੀਆਂ ਸੁਣਾ ਕੇ ਮਹਿਮਾਨਾਂ ਦਾ ਮਨੋਰੰਜਨ ਕਰਨ ਦੇ ਨਾਲ ਹੀ ਉਹਨਾਂ ਨੂੰ ਚੇਤਨ ਕਰਨ ਦਾ ਯਤਨ ਕੀਤਾ। ਉਹਨਾਂ ਦੇ ਇਸ ਯਤਨ ਦੀ ਤਾੜੀਆਂ ਮਾਰ ਕਰ ਕੇ ਖੂਬ ਸਲਾਘਾਂ ਕੀਤੀ ਗਈ। ਉਸ ਨੇ ਆਪਣੀਆਂ ਬੋਲੀਆਂ ਵਿੱਚ:
” ਸਾਨੂੰ ਨਾਮ ਦਾ ਜਹਾਜ਼ ਦੇ ਗਏ ਬਾਬੇ, ਹਵਾਈ ਜਹਾਜ਼ ਆਪ ਚੜ੍ਹ ਗਏ”
” ਸਾਨੂੰ ਆਖਦੇ ਨੇ ਰਾਮ ਨਾਮ ਲੁੱਟ ਲਓ ਤੇ ਆਪ ਬਾਬੇ ਮੌਜਾਂ ਲੁੱਟਦੇ”
” ਆਓ ਰੱਬ ਦੇ ਘਰਾਂ ਦੀ ਰਾਖੀ ਕਰੀਏ, ਰੱਬ ਰਾਖਾ ਦੁਨੀਆ ਦਾ”
” ਕਿਹੜੇ ਪਿੰਡ ਦੀ ਕਰੇਂਗਾ ਸਰਪੰਚੀ, ਠਾਣੇ ਦਾ ਦਲਾਲ ਬਣ ਕੇ”
” ਦੇਖੀ ਸੰਗਤ ਵੇਚਦੀ ਵੋਟਾਂ , ਸੰਗਤਾਂ ਨੂੰ ਬਾਬੇ ਵੇਚ ਗਏ”
” ਸੱਚ -ਖੰਡ ਦੇ ਰਾਹਾਂ ਦਾ ਖੋਜੀ , ਕਚਹਿਰੀਆਂ ਦਾ ਰਾਹ ਪੁਛਦਾ” ਵਰਗੀਆਂ ਬੋਲੀਆਂ ਸੁਣਾ ਕੇ ਹਰ ਬੋਲੀ ‘ਤੇ ਤਾੜੀਆਂ ਨਾਲ ਦਾਦ ਪਰਾਪਤ ਕੀਤੀ। ਸਵਾਲ ਜਵਾਬ ਸਮੇਂ ਜਗਸ਼ੀਰ ਜੀਦਾ ਨੇ ਸਪਸ਼ਟ ਕੀਤਾ ਕਿ ਉਹ ਕਿਸੇ ਸਿਆਸੀ ਪਾਰਟੀ ਦਾ ਵਰਕਰ ਨਹੀਂ । ਸੱਭਿਆਚਾਰਕ ਫਰੰਟ ਤੇ ਉਸਦਾ ਮੰਤਵ ਨਰੋਆ ਸੱਭਿਆਚਾਰ ਪੇਸ਼ ਕਰ ਕੇ ਲੋਕਾਂ ਨੂੰ ਚੇਤਨ ਕਰਨਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਚੰਗਾ ਸਮਾਜ ਸਿਰਜਿਆ ਜਾ ਸਕੇ। ਸੁਸਾਇਟੀ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਬਲਦੇਵ ਰਹਿਪਾ 416-881-7202 ਜਾਂ ਨਿਰਮਲ ਸੰਧੂ 416-835-3450 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …