ਮਿਸੀਸਾਗਾ/ਡਾ.ਝੰਡ : ਟਰੱਕਾਂ ਦੀ ਦੁਨੀਆਂ ਵਿਚ ਨਾਮਵਰ ਕੰਪਨੀ ‘ਪ੍ਰਾਈਡ ਟਰੱਕ ਲੌਜਿਸਟਿਕਸ’ ਨੇ ਲੋੜਵੰਦ ਬੱਚਿਆਂ ਦੀ ਸਹਾਇਤਾ ਲਈ ਕੌਮੀ ਪੱਧਰ ‘ਤੇ ਚੱਲ ਰਹੇ ਪ੍ਰੋਗਰਾਮ ‘ਕਿੱਡਜ਼ ਹੈੱਲਪ ਫ਼ੋਨ’ (ਕੇ.ਐੱਚ.ਪੀ.) ਲਈ ਪੰਜ ਸਾਲਾਂ ਲਈ ਜਾਗਰੂਕਤਾ-ਭਾਈਵਾਲੀ ਦਾ ਐਲਾਨ ਕੀਤਾ ਹੈ। ਇਸ ਪ੍ਰੋਗਰਾਮ ਦਾ ਜਾਗਰੂਕਤਾ-ਭਾਗੀਦਾਰ ਹੋਣ ਦੇ ਨਾਤੇ ਇਹ ਕੰਪਨੀ ਕਿੱਡਜ਼ ਹੈੱਲਪ ਫ਼ੋਨ ਲਈ ਲੋੜੀਂਦੀ ਵਿੱਤੀ-ਸਹਾਇਤਾ ਪ੍ਰਦਾਨ ਕਰੇਗੀ।
ਇਸ ਪ੍ਰੋਗਰਾਮ ਸਬੰਧੀ ਜਾਗਰੂਕਤਾ ਫ਼ੈਲਾਉਣ ਲਈ ਇਹ ਕੰਪਨੀ ਆਪਣੇ 30 ਨਵੇਂ ਟਰੇਲਰਾਂ ਉੱਪਰ ਇਸ ਆਰਗੇਨਾਈਜ਼ੇਸ਼ਨ ‘ਕਿੱਡਜ਼ ਹੈੱਲਪ ਫ਼ੋਨ’ ਦਾ ਲੋਗੋ ਛਪਵਾਏਗੀ। ਇਸ ਦੇ ਨਾਲ ਹੀ ਕੰਪਨੀ ਆਪਣੇ ਸਾਰੇ ਟਰੇਲਰਾਂ ਉੱਪਰ ਇਸ ਅਦਾਰੇ ਨਾਲ ਸੰਪਰਕ ਕਰਨ ਲਈ ਫ਼ੋਨ ਨੰਬਰ ਅਤੇ ਹੋਰ ਸਬੰਧਿਤ ਜਾਣਕਾਰੀ ਵੀ ਦੇਵੇਗੀ। ਇਨ੍ਹਾਂ ਦੋਹਾਂ ਅਦਾਰਿਆਂ ਦੇ ਸਟਾਫ਼ ਅਤੇ ਪਰਿਵਾਰਾਂ ਦੇ ਮੈਂਬਰ ਬੀਤੇ ਦਿਨੀਂ ਇਸ ਆਪਸੀ ਭਾਈਵਾਲੀ ਦਾ ਜਸ਼ਨ ਮਨਾਉਣ ਲਈ ਮਿਸੀਸਾਗਾ ਵਿਚ ‘ਪਰਾਈਡ ਗਰੁੱਪ ਲੌਜਿਸਟਿਕਸ’ (ਪੀ.ਜੀ.ਐੱਲ.) ਦੇ ਹੈੱਡ-ਕੁਆਰਟਰ ਵਿਖੇ ਇਕੱਤਰ ਹੋਏ। ਇਸ ਮੌਕੇ ਬੋਲਦਿਆਂ ਪੀ.ਜੀ.ਐੱਲ. ਦੀ ਵਾਈਸ ਪ੍ਰੈਜ਼ੀਡੈਂਟ ਅਮਨ ਜੌਹਲ ਨੇ ਕਿਹਾ,”ਕਿੱਡਜ਼ ਹੈੱਲਪ ਫ਼ੋਨ ਨਾਲ ਸਾਡੀ ਇਹ ਭਾਈਵਾਲੀ ਦੂਰ-ਦੁਰਾਢੇ ਦੇ ਬੱਚਿਆਂ, ਟੀਨ-ਏਜਰਾਂ ਤੇ ਬਾਲਗ਼ਾਂ ਨੂੰ ਇਹ ਅਹਿਸਾਸ ਕਰਾਉਣ ਵਿਚ ਸਹਾਈ ਹੋਵੇਗੀ ਕਿ ਦੂਰ ਬੈਠਾ ਉਨ੍ਹਾਂ ਦਾ ਕੋਈ ਆਪਣਾ ਹੈ ਜੋ ਉਨ੍ਹਾਂ ਨੂੰ ਸੁਣ ‘ਤੇ ਸਮਝ ਰਿਹਾ ਹੈ।” ਇੱਥੇ ਇਹ ਜ਼ਿਕਰਯੋਗ ਹੈ ਕਿ ‘ਕਿੱਡਜ਼ ਹੈੱਲਪ ਫ਼ੋਨ’ ਬੱਚਿਆਂ ਅਤੇ ਨੌਜੁਆਨਾਂ ਨੂੰ ਅੰਗਰੇਜ਼ੀ ਅਤੇ ਫ਼ਰੈਂਚ ਦੋਹਾਂ ਭਾਸ਼ਾਵਾਂ ਵਿਚ ਪ੍ਰੋਫ਼ੈਸ਼ਨਲ ਕਾਊਂਸਲਿੰਗ, ਲੋੜੀਂਦੀ ਜਾਣਕਾਰੀ, ਰੈਫ਼ਰਲ ਸੇਵਾਵਾਂ, ਵਾਲੰਟੀਅਰ ਸੇਵਾਵਾਂ ਅਤੇ ਟੈੱਕਸਟ-ਬੇਸਡ ਸਹਾਇਤਾ ਮੁਹੱਈਆ ਕਰਦੀ ਹੈ।
ਕੇ.ਐੱਚ.ਪੀ. (ਕਿੱਡਜ਼ ਹੈੱਲਪ ਫ਼ੋਨ) ਦੇ ਐਸੋਸੀਏਟ ਵਾਈਸ-ਪ੍ਰੈਜ਼ੀਡੈਂਟ, ਕਮਿਊਨਿਟੀ ਐਨਗੇਜਮੈਂਟ ਐਂਡ ਮੋਬਿਲਾਈਜ਼ੇਸ਼ਨ ਨੇ ਇਸ ਮੌਕੇ ਕਿਹਾ,”ਕੈਨੇਡਾ-ਭਰ ਵਿਚ ਨੌਜੁਆਨਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਅਸੀਂ ਲੋੜ ਪੈਣ ‘ਤੇ ਕਿਸੇ ਵੀ ਮੌਕੇ ਚੌਵੀ ਘੰਟੇ ਅਤੇ ਸੱਤੇ ਦਿਨ ਉਪਲੱਭਧ ਹਾਂ। ਅਸੀਂ ਟਰਾਂਸਪੋਰਟ ਨਾਲ ਸਬੰਧਿਤ ਪਹਿਲੀ ਕੰਪਨੀ ‘ਪਰਾਈਡ ਗਰੁੱਪ ਲੌਜਿਸਟਿਕਸ’ ਦੇ ਆਪਣੇ ਨਾਲ ਜਾਗਰੂਕਤਾ-ਭਾਈਵਾਲ ਬਣਨ ‘ਤੇ ਮਾਣ ਮਹਿਸੂਸ ਕਰ ਰਹੇ ਹਾਂ।”
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …