Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਭਾਜਪਾ ਦਾ ਪ੍ਰਧਾਨ ਬਣਨ ‘ਤੇ ਸੁਨੀਲ ਜਾਖੜ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ

ਪੰਜਾਬ ਭਾਜਪਾ ਦਾ ਪ੍ਰਧਾਨ ਬਣਨ ‘ਤੇ ਸੁਨੀਲ ਜਾਖੜ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ

ਅੰਮ੍ਰਿਤਸਰ : ਪੰਜਾਬ ਭਾਜਪਾ ਦਾ ਪ੍ਰਧਾਨ ਬਣਨ ਤੋਂ ਬਾਅਦ ਸੁਨੀਲ ਜਾਖੜ ਵੀਰਵਾਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਜਾਖੜ ਨੇ ਇਲਾਹੀ ਬਾਣੀ ਦਾ ਕੀਰਤਨ ਸੁਣਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੀ ਉਨ੍ਹਾਂ ਦੇ ਨਾਲ ਸੀ। ਜਿਨ੍ਹਾਂ ਵਿਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ, ਤਰੁਣ ਚੁੱਘ, ਮਨਜਿੰਦਰ ਸਿੰਘ ਸਿਰਸਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈਇੰਦਰ ਕੌਰ ਸ਼ਾਮਲ ਹੈ। ਸੁਨੀਲ ਜਾਖੜ ਦੁਰਗਿਆਣਾ ਮੰਦਰ ਵੀ ਗਏ। ਉਧਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਪਹਿਲੀ ਵਾਰ ਆਪਣੇ ਕਾਡਰ ਤੋਂ ਬਾਹਰੋਂ ਕਿਸੇ ਨੇਤਾ ਨੂੰ ਪ੍ਰਦੇਸ਼ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੇ ਜਾਣ ਨੂੰ ਲੈ ਕੇ ਭਾਜਪਾ ਆਗੂਆਂ ਨੇ ਕਾਫੀ ਮੱਠਾ ਹੁੰਗਾਰਾ ਦਿੱਤਾ ਹੈ। ਪ੍ਰਧਾਨ ਦੇ ਅਹੁਦੇ ਤੋਂ ਹਟੇ ਅਸ਼ਵਨੀ ਸ਼ਰਮਾ ਨੇ ਹੀ 24 ਘੰਟੇ ਬਾਅਦ ਜਾਖੜ ਨੂੰ ਵਧਾਈ ਦਿੱਤੀ ਹੈ। ਪਾਰਟੀ ਪ੍ਰਧਾਨ ਜੇਪੀ ਨੱਡਾ ਨੇ ਸੁਨੀਲ ਜਾਖੜ ਨੂੰ ਪੰਜਾਬ ਪ੍ਰਦੇਸ਼ ਭਾਜਪਾ ਦੀ ਕਮਾਨ ਸੌਂਪੀ ਸੀ ਜਿਸ ਨੂੰ ਲੈ ਕੇ ਭਾਜਪਾਈਆਂ ਦਾ ਹੁੰਗਾਰਾ ਕਾਫੀ ਮੱਠਾ ਰਹਿਣ ਦੇ ਚੱਲਦਿਆਂ ਇਹ ਗੱਲ ਉੱਠਣ ਲੱਗੀ ਹੈ ਕਿ ਕੀ ਇਹ ਦਾਅ 2024 ਦੀਆਂ ਚੋਣਾਂ ‘ਚ ਸਹੀ ਪਵੇਗਾ ਜਾਂ ਨਹੀਂ। ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਨੇ ਲੰਮਾ ਸਮਾਂ ਕਾਂਗਰਸ ਪਾਰਟੀ ਵਿਚ ਕੰਮ ਕੀਤਾ ਅਤੇ ਉਹ ਪਿਛਲੇ ਸਮੇਂ ਦੌਰਾਨ ਭਾਜਪਾ ਵਿਚ ਸ਼ਾਮਲ ਹੋਏ ਸਨ। ਭਾਜਪਾ ਹਾਈਕਮਾਨ ਨੇ ਹੁਣ ਜਾਖੜ ਨੂੰ ਪੰਜਾਬ ਦੀ ਪ੍ਰਧਾਨਗੀ ਦਿੱਤੀ ਹੈ। ਪਾਰਟੀ ਦੇ ਇਕ ਸੀਨੀਅਰ ਆਗੂ ਦਾ ਕਹਿਣਾ ਸੀ ਕਿ ਸੁਨੀਲ ਜਾਖੜ ਸੁਲਝੇ ਹੋਏ ਨੇਤਾ ਹਨ ਪਰ ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੂੰ ਹੀ ਆਪਣੇ ਨਾਲ ਲੈ ਕੇ ਚੱਲਣ ਵਿਚ ਆਵੇਗੀ।

 

Check Also

ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ‘ਚ ਮੁਸ਼ਕਲਾਂ ਵਧੀਆਂ

ਸਟੱਡੀ ਵੀਜ਼ਾ ‘ਚ 50 ਫੀਸਦੀ ਦੀ ਗਿਰਾਵਟ ਓਟਵਾ : ਕੈਨੇਡਾ ਵਿਚ ਸਟੱਡੀ ਦੀ ਚਾਹਤ ਰੱਖਣ …