ਜੰਗਲਾਤ ਮੰਤਰੀ ਰਹਿੰਦਿਆਂ ਧਰਮਸੋਤ ‘ਤੇ ਭ੍ਰਿਸ਼ਟਾਚਾਰ ਦੇ ਆਰੋਪ
ਸਾਬਕਾ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਖਿਲਾਫ ਵੀ ਮਾਮਲਾ ਦਰਜ
ਚੰਡੀਗੜ੍ਹ : ਵਿਜੀਲੈਂਸ ਬਿਊਰੋ ਨੇ ਜੰਗਲਾਤ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਆਰੋਪ ਹੇਠ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਉਨ੍ਹਾਂ ਦੇ ਮੀਡੀਆ ਸਲਾਹਕਾਰ ਕਮਲਜੀਤ ਸਿੰਘ ਤੇ ਓਐੱਸਡੀ ਚਮਕੌਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਨੇ ਮੰਗਲਵਾਰ ਸ਼ਾਮ ਨੂੰ ਸਾਧੂ ਸਿੰਘ ਧਰਮਸੋਤ, ਚਮਕੌਰ ਸਿੰਘ ਤੇ ਕਮਲਜੀਤ ਸਿੰਘ ਨੂੰ ਮੁਹਾਲੀ ਦੀ ਅਦਾਲਤ ‘ਚ ਪੇਸ਼ ਕੀਤਾ ਜਿੱਥੋਂ ਤਿੰਨਾਂ ਨੂੰ ਤਿੰਨ ਰੋਜ਼ਾ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਸੀ। ਵਿਜੀਲੈਂਸ ਨੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਹੈ।
ਮੰਗਲਵਾਰ ਨੂੰ ਤੜਕੇ ਤਿੰਨ ਵਜੇ ਅਮਲੋਹ ਤੋਂ ਗ੍ਰਿਫਤਾਰ ਕੀਤੇ ਗਏ ਧਰਮਸੋਤ ‘ਤੇ ਖੈਰ ਦੇ ਦਰੱਖਤਾਂ ਦੀ ਕਟਾਈ ਲਈ ਪਰਮਿਟ ਜਾਰੀ ਕਰਨ, ਅਧਿਕਾਰੀਆਂ ਦੇ ਤਬਾਦਲੇ ਤੇ ਐੱਨਓਸੀ ਜਾਰੀ ਕਰਨ ਆਦਿ ਵਿੱਚ ਭ੍ਰਿਸ਼ਟਾਚਾਰ ਕਰਨ ਦੇ ਆਰੋਪ ਲਾਏ ਗਏ ਹਨ। ਵਿਜੀਲੈਂਸ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਹਰਮੋਹਿੰਦਰ ਸਿੰਘ ਉਰਫ ਹਮੀ ਨਾਮ ਦਾ ਠੇਕੇਦਾਰ ਆਪਣੀ ਫਰਮ ਗੁਰੂਹਰ ਐਸੋਸੀਏਟਸ ਦੇ ਨਾਂ ‘ਤੇ ਜੰਗਲਾਤ ਵਿਭਾਗ ਤੋਂ ਕਟਾਈ ਲਈ ਲੋੜੀਂਦਾ ਪਰਮਿਟ ਪ੍ਰਾਪਤ ਕਰਕੇ ਰਾਜ ਵਿੱਚ ਖੈਰ ਦੇ ਦਰੱਖਤ ਕੱਟਣ ਅਤੇ ਵੇਚਣ ਦਾ ਕਾਰੋਬਾਰ ਕਰਦਾ ਸੀ। ਉਸ ਨੇ ਅਕਤੂਬਰ-ਮਾਰਚ ਸੀਜ਼ਨ ਲਈ ਲਗਭਗ 7000 ਦਰੱਖਤ ਕੱਟਣ ਲਈ ਪਰਮਿਟ ਲਏ ਸਨ। ਇਸ ਲਈ ਉਸ ਨੂੰ 1000 ਰੁਪਏ ਪ੍ਰਤੀ ਰੁੱਖ, ਰਿਸ਼ਵਤ ਦੇਣੀ ਪਈ ਜਿਸ ਵਿੱਚੋਂ ਸਾਧੂ ਸਿੰਘ ਧਰਮਸੋਤ ਨੂੰ 500 ਰੁਪਏ ਪ੍ਰਤੀ ਰੁੱਖ, ਡਿਵੀਜ਼ਨਲ ਜੰਗਲਾਤ ਅਫਸਰ ਨੂੰ 200 ਅਤੇ ਰੇਂਜ ਅਫਸਰ, ਬਲਾਕ ਅਫਸਰ ਤੇ ਵਣ ਗਾਰਡ ਨੂੰ ਕ੍ਰਮਵਾਰ 100-100 ਰੁਪਏ ਪ੍ਰਤੀ ਰੁੱਖ ਰਿਸ਼ਵਤ ਦਿੱਤੀ। ਇਸ ਤੋਂ ਇਲਾਵਾ ਮੁਹਾਲੀ ਵਿੱਚ 15 ਹੋਰ ਠੇਕੇਦਾਰ ਸਨ, ਜਿਨ੍ਹਾਂ ਨੂੰ ਉਕਤ ਠੇਕੇਦਾਰ ਵਾਂਗ ਹੀ ਰਿਸ਼ਵਤ ਦੇਣੀ ਪਈ, ਨਹੀਂ ਤਾਂ ਉਨ੍ਹਾਂ ਨੂੰ ਪਰਮਿਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਜਾਂ ਭਾਰੀ ਜੁਰਮਾਨੇ ਲਾਉਣ ਦੀ ਧਮਕੀ ਦੇ ਕੇ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ।
ਧਰਮਸੋਤ ਨੂੰ ਅਦਾਇਗੀ ਖੰਨਾ ਦੇ ਵਸਨੀਕ ਕਮਲਜੀਤ ਸਿੰਘ ਵੱਲੋਂ ਕੀਤੀ ਜਾਂਦੀ ਸੀ, ਜੋ ਕਿ ਪੱਤਰਕਾਰ ਹੈ ਤੇ ਸ਼ਿਵ ਸੈਨਾ ਦੇ ਪ੍ਰਧਾਨ ਵਜੋਂ ਕੰਮ ਕਰਦਾ ਹੈ। ਅਮਿਤ ਚੌਹਾਨ ਦੇ ਰੋਪੜ ‘ਚ ਬਤੌਰ ਡੀਐੱਫਓ ਦੇ ਕਾਰਜਕਾਲ ਦੌਰਾਨ ਉਸ ਨੇ ਆਨੰਦਪੁਰ ਸਾਹਿਬ ਵਿਚਲੀ ਸਬ-ਡਿਵੀਜ਼ਨ ਬਡਿਆਲੀ ਕਲਾਂ ‘ਚ 1160 ਦਰੱਖਤਾਂ ਦੀ ਕਟਾਈ ਦਾ ਪਰਮਿਟ 5,80,000 ਰੁਪਏ ਵਿੱਚ ਦਿੱਤਾ ਸੀ।
ਵਿਜੀਲੈਂਸ ਮੁਤਾਬਕ ਧਰਮਸੋਤ, ਓਐੱਸਡੀ ਚਮਕੌਰ ਸਿੰਘ ਅਤੇ ਕਮਲਜੀਤ ਸਿੰਘ ਰਾਹੀਂ ਡੀਐੱਫਓ ਦੇ ਤਬਾਦਲੇ ਲਈ 10 ਤੋਂ 20 ਲੱਖ ਰੁਪਏ, ਰੇਂਜਰ ਲਈ 5 ਤੋਂ 8 ਲੱਖ ਰੁਪਏ, ਬਲਾਕ ਅਫਸਰ ਤੇ ਵਣ ਗਾਰਡ ਲਈ 2 ਤੋਂ 3 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਸੀ। ਧਰਮਸੋਤ ਨਾਜਾਇਜ਼ ਮਾਈਨਿੰਗ ਸਮੇਤ ਜੰਗਲਾਤ ਦੀਆਂ ਜ਼ਮੀਨਾਂ ‘ਤੇ ਲਾਂਘੇ ਬਦਲੇ ਐੱਨਓਸੀ ਜਾਰੀ ਕਰਨ ਲਈ ਕਲੋਨਾਈਜ਼ਰਾਂ, ਨਵੇਂ ਬਣੇ ਫਿਲਿੰਗ ਸਟੇਸ਼ਨਾਂ, ਨਵੇਂ ਪ੍ਰਾਜੈਕਟਾਂ ਦੇ ਮਾਲਕਾਂ ਅਤੇ ਹੋਟਲਾਂ ਤੇ ਰੈਸਟੋਰੈਂਟਾਂ ਦੇ ਮਾਲਕਾਂ ਤੋਂ ਰਿਸ਼ਵਤ ਲੈਂਦਾ ਸੀ। ਹਰਮੋਹਿੰਦਰ ਸਿੰਘ ਠੇਕੇਦਾਰ ਨੇ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਨੂੰ ਮੁਹਾਲੀ ਜ਼ਿਲ੍ਹੇ ਦੇ ਪਿੰਡ ਨਾਡਾ ‘ਚ ਖੈਰ ਦੇ ਦਰੱਖਤਾਂ ਦੀ ਕਟਾਈ ਦਾ ਪਰਮਿਟ ਜਾਰੀ ਕਰਵਾਉਣਲਈ ਕੁਲਵਿੰਦਰ ਸਿੰਘ ਰਾਹੀਂ 5 ਲੱਖ ਰੁਪਏ ਰਿਸ਼ਵਤ ਦਿੱਤੀ ਸੀ। ਉਸ ਨੇ ਰੇਂਜ ਅਫਸਰ, ਬਲਾਕ ਅਫਸਰ ਅਤੇ ਗਾਰਡ ਨੂੰ ਵੀ ਰਿਸ਼ਵਤ ਦਿੱਤੀ ਸੀ। ਗਿਲਜ਼ੀਆਂ ਨੇ ਆਪਣੇ ਕਾਰਜਕਾਲ ਦੌਰਾਨ ਹਰਮੋਹਿੰਦਰ ਠੇਕੇਦਾਰ ਦੀ ਪੰਜਾਬ ਦੇ ਡੀਐੱਫਓਜ਼ ਨਾਲ ਮੀਟਿੰਗ ਕਰਵਾਈ ਸੀ ਅਤੇ ਹਦਾਇਤ ਕੀਤੀ ਸੀ ਕਿ ਬੂਟਿਆਂ ਦੀ ਸੁਰੱਖਿਆ ਲਈ ਟ੍ਰੀ-ਗਾਰਡਾਂ ਦੀ ਖਰੀਦ ਸਿਰਫ ਸਚਿਨ ਕੁਮਾਰ ਤੋਂ ਹੀ ਕੀਤੀ ਜਾਵੇ। ਇੱਕ ਟ੍ਰੀ-ਗਾਰਡ ਦੀ ਕੀਮਤ 2800 ਸੀ ਜਿਸ ਵਿੱਚੋਂ ਗਿਲਜ਼ੀਆਂ ਦਾ ਹਿੱਸਾ 800 ਰੁਪਏ ਪ੍ਰਤੀ ਟ੍ਰੀ-ਗਾਰਡ ਸੀ। ਉਸ ਸਮੇਂ ਕੁੱਲ 80 ਹਜ਼ਾਰ ਟ੍ਰੀ-ਗਾਰਡ ਖਰੀਦੇ ਗਏ ਸਨ ਅਤੇ ਗਿਲਜ਼ੀਆਂ ਨੇ 6,40,00,000 ਰਿਸ਼ਵਤ ਵਜੋਂ ਇਕੱਠੇ ਕੀਤੇ ਸਨ। ਗਿਲਜ਼ੀਆਂ ਦੇ ਕਾਰਜਕਾਲ ਦੌਰਾਨ ਅਮਿਤ ਚੌਹਾਨ ਨੂੰ ਡੀਐੱਫਓ ਰੋਪੜ ਨਿਯੁਕਤ ਕੀਤਾ ਗਿਆ ਸੀ। ਉਸ ਸਮੇਂ ਬੇਲਾ ਨੇੜਲੇ ਪਿੰਡ ਜਿੰਦਾ ਵਿੱਚ 486 ਏਕੜ ਜ਼ਮੀਨ ਵਿੱਚੋਂ ਇੱਕ ਮਹੀਨੇ ਅੰਦਰ ਹੀ 50 ਫੁੱਟ ਡੂੰਘੇ ਟੋਏ ਪੁੱਟੇ ਗਏ ਸਨ। ਬਿਊਰੋ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਮੰਤਰੀ ਸੰਗਤ ਸਿੰਘ ਗਿਲਜ਼ੀਆਂ, ਆਈਐੱਫਐੱਸ ਅਮਿਤ ਚੌਹਾਨ, ਡੀਐੱਫਓ ਗੁਰਮਨਪ੍ਰੀਤ ਸਿੰਘ, ਵਣ ਗਾਰਡ ਦਿਲਪ੍ਰੀਤ ਸਿੰਘ, ਧਰਮਸੋਤ ਦੇ ਓਐੱਸਡੀ ਚਮਕੌਰ ਸਿੰਘ, ਖੰਨਾ ਸ਼ਹਿਰ ਤੋਂ ਕਮਲਜੀਤ ਸਿੰਘ, ਗਿਲਜ਼ੀਆਂ ਦੇ ਪੀਏ ਕੁਲਵਿੰਦਰ ਸਿੰਘ ਸ਼ੇਰਗਿੱਲ ਤੇ ਸਚਿਨ ਕੁਮਾਰ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਵਿਜੀਲੈਂਸ ਦੀ ਤਫਤੀਸ਼ ਦੌਰਾਨ ਮੁਲਜ਼ਮ ਹਰਮੋਹਿੰਦਰ ਸਿੰਘ ਉਰਫ ਹਮੀ ਨੇ ਦੱਸਿਆ ਕਿ ਉਹ ਰਿਸ਼ਵਤ ਦਾ ਲੇਖਾ-ਜੋਖਾ ਰੱਖਣ ਲਈ ਇੱਕ ਹੱਥ ਲਿਖਤ ਡਾਇਰੀ ਰੱਖਦਾ ਸੀ। ਇਸੇ ਦੌਰਾਨ ਵਿਜੀਲੈਂਸ ਵੱਲੋਂ ਸ਼ਾਮ ਨੂੰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਓਐੱਸਡੀ ਚਮਕੌਰ ਸਿੰਘ ਅਤੇ ਪੱਤਰਕਾਰ ਕਮਲਜੀਤ ਸਿੰਘ ਖੰਨਾ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਸੀ। ਉਨ੍ਹਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।
ਧਰਮਸੋਤ ਤੇ ਗਿਲਜ਼ੀਆਂ ਖਿਲਾਫ ਕਾਰਵਾਈ ਸਿਆਸੀ ਬਦਲਾਖੋਰੀ : ਕਾਂਗਰਸ
ਮੁਹਾਲੀ : ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜ਼ੀਆਂ ਖਿਲਾਫ ਕੀਤੀ ਕਾਰਵਾਈ ਨੂੰ ਸਿਆਸੀ ਸਟੰਟ ਤੇ ਵਿਰੋਧੀਆਂ ‘ਤੇ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ। ਵਿਜੀਲੈਂਸ ਥਾਣੇ ਦੇ ਬਾਹਰ ਮੀਡੀਆ ਨਾਲ ਗੱਲਬਾਤ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਅਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਅਜਿਹੇ ਡਰਾਮੇ ਕਰ ਰਹੀ ਹੈ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਸਾਰਾ ਕੁਝ ਸੰਗਰੂਰ ਦੀ ਜ਼ਿਮਨੀ ਚੋਣ ਕਰਕੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਮਹਿਜ਼ ਚਾਰ ਮਹੀਨੇ ਦੇ ਸ਼ਾਸਨ ਤੋਂ ਸੂਬੇ ਦੇ ਲੋਕ ਅੱਕ ਚੁੱਕੇ ਹਨ ਅਤੇ ਸੰਗਰੂਰ ਵਿੱਚ ਆਪ ਚੋਣ ਹਾਰ ਰਹੀ ਹੈ। ਇਸ ਤੋਂ ਪਹਿਲਾਂ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਤੇ ਹੋਰ ਕਾਂਗਰਸ ਆਗੂਆਂ ਨੂੰ ਪੁਲਿਸ ਨੇ ਧਰਮਸੋਤ ਨਾਲ ਮਿਲਣ ਤੋਂ ਰੋਕ ਦਿੱਤਾ।
ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ‘ਤੇ ਪਹੁੰਚੇ ਕਾਂਗਰਸੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਚੰਡੀਗੜ੍ਹ : ਚੰਡੀਗੜ੍ਹ ‘ਚ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਕਾਂਗਰਸੀ ਆਗੂਆਂ ਵੱਲੋਂ ਦਿੱਤੇ ਗਏ ਧਰਨੇ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਧਰਨੇ ਦੌਰਾਨ ਸਥਿਤੀ ਇਸ ਤਰ੍ਹਾਂ ਦੀ ਬਣ ਗਈ ਕਿ ਚੰਡੀਗੜ੍ਹ ਪੁਲਿਸ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਧੱਕੇ ਮਾਰਨ ‘ਤੇ ਉਤਰ ਆਈ। ਇਸ ਤੋਂ ਬਾਅਦ ਕਾਂਗਰਸੀ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਉਨ੍ਹਾਂ ਨੂੰ ਬੱਸਾਂ ‘ਚ ਭਰ ਕੇ ਪੁਲਿਸ ਥਾਣੇ ਲੈ ਗਈ। ਕਾਂਗਰਸੀ ਆਗੂ ਮੁੱਖ ਮੰਤਰੀ ਭਗਵੰਤ ਨੂੰ ਮਿਲਣ ਲਈ ਪਹੁੰਚੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ‘ਤੇ ਰਾਜਨੀਤਿਕ ਬਦਲਾਖੋਰੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਧਰ ਇਸ ਦੇ ਜਵਾਬ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਦੁੱਖ ਹੈ ਕਿ ਬਿਨਾ ਸਮਾਂ ਲਏ ਪੰਜਾਬ ਦੇ ਬਚੇ-ਖੁਚੇ ਕਾਂਗਰਸੀ ਆਗੂ ਮੇਰੇ ਘਰ ਆ ਗਏ। ਉਹ ਰਿਸ਼ਵਤ ਦੇ ਕੇਸ ਦਾ ਸਾਹਮਣਾ ਕਰ ਰਹੇ ਲੀਡਰਾਂ ਦੇ ਹੱਕ ਵਿਚ ਆਏ ਸਨ। ਪੰਜਾਬ ਨੂੰ ਲੁੱਟਣ ਵਾਲਿਆਂ ਦਾ ਸਾਥ ਦੇਣਾ ਇਹ ਸਾਬਤ ਕਰਦਾ ਹੈ ਕਿ ਰਿਸ਼ਵਤ ਉਨ੍ਹਾਂ ਦੇ ਖੂਨ ‘ਚ ਰਚੀ ਹੋਈ ਹੈ। ਉਹ ਨਾਅਰੇ ਲਗਾ ਰਹੇ ਸਨ ਕਿ ਸਾਡੇ ਹੱਕ ਇਥੇ ਰੱਖ, ਇਸ ਦਾ ਮਤਲਬ ਰਿਸ਼ਵਤਖੋਰੀ ਵੀ ਕਾਂਗਰਸ ਦਾ ਹੱਕ ਹੈ।
ਕਾਂਗਰਸੀਆਂ ਦੇ ਪ੍ਰਦਰਸ਼ਨ ਤੋਂ ਬਾਅਦ ਭੜਕੀ ‘ਆਪ’
ਚੰਡੀਗੜ੍ਹ : ਪੰਜਾਬ ਕਾਂਗਰਸ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ‘ਤੇ ਕੀਤੇ ਪ੍ਰਦਰਸ਼ਨ ਤੋਂ ਬਾਅਦ ਆਦਮੀ ਪਾਰਟੀ ਭੜਕ ਉਠੀ ਹੈ। ਪੰਜਾਬ ‘ਆਪ’ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਕਾਂਗਰਸ ਨੇ ਚੋਰੀ ਅਤੇ ਉਤੋਂ ਸੀਨਾਜੋਰੀ ਵਾਲੀ ਕਹਾਵਤ ਨੂੰ ਸੱਚ ਸਾਬਤ ਕਰ ਦਿੱਤਾ ਹੈ। ਕੰਗ ਨੇ ਅੱਗੇ ਕਿਹਾ ਕਿ ਕਾਂਗਰਸ ਦੀ ਹਾਲਤ ‘100 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ’ ਵਾਲੀ ਹੋ ਗਈ ਹੈ। ਹਜ਼ਾਰਾਂ ਕਰੋੜ ਰੁਪਏ ਦੇ ਘਪਲੇ ਕਰਨ ਵਾਲੇ ਧਰਮਸੋਤ ਨੂੰ ਬਚਾਉਣ ਵਾਲੇ ਕਾਂਗਰਸੀ ਲੋਕਤੰਤਰ ਦਾ ਮਜ਼ਾਕ ਬਣਾ ਰਹੇ ਹਨ। ਉਧਰ ਪੰਜਾਬ ਤੋਂ ਰਾਜ ਸਭਾ ਮੈਂਬਰ ਬਣੇ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਕਾਂਗਰਸ ਦਾ ਭ੍ਰਿਸ਼ਟ ਮੰਤਰੀਆਂ ਦੇ ਹੱਕ ਵਿਚ ਕੀਤਾ ਗਿਆ ਪ੍ਰਦਰਸ਼ਨ ਬੇਤੁਕਾ ਹੈ ਅਤੇ ਅਜਿਹਾ ਲਗਦਾ ਹੈ ਕਿ ਭ੍ਰਿਸ਼ਟਾਚਾਰੀ ਕਾਂਗਰਸ ਦੇ ਡੀਐਨਏ ਵਿਚ ਹੈ।