ਮਾਮਲਾ ਮੰਤਰੀਆਂ ਕੋਲ ਅਤੇ ਸੰਸਦ ‘ਚ ਉਠਾਉਣ ਬਾਰੇ ਵੱਟੀ ਚੁੱਪ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਘੱਟਗਿਣਤੀ ਸਰਕਾਰ ਹੈ ਅਤੇ ਦੇਸ਼ ‘ਚ ਮਹਿੰਗਾਈ ਸਿਖਰਾਂ ‘ਤੇ ਪੁੱਜ ਜਾਣ ਕਾਰਨ ਉਨ੍ਹਾਂ ਦੀ ਹਰਮਨ ਪਿਆਰਤਾ ਲਗਾਤਾਰ ਘਟ ਰਹੀ ਹੈ। ਅਸਥਿਰ ਸਰਕਾਰ ਕਾਰਨ ਸੰਸਦੀ ਚੋਣਾਂ ਹੋਣ ਦੀ ਸੰਭਾਵਨਾ ਰਹਿੰਦੀ ਹੈ। ਅਜਿਹੇ ਵਿਚ ਮੁੱਖ ਵਿਰੋਧੀ ਧਿਰ ਕੰਸਰਵੇਟਿਵ ਪਾਰਟੀ ਦਾ ਉਭਾਰ ਹੋ ਰਿਹਾ ਹੈ, ਜਿਸ ਦੇ ਆਗੂ ਅਤੇ ਸਾਬਕਾ ਕ੍ਰਿਤ ਮੰਤਰੀ ਪੀਅਰ ਪੌਲੀਏਵਰ ਦੇਸ਼ ਭਰ ਵਿਚ ਚੋਣ ਪ੍ਰਚਾਰ ਦੇ ਅੰਦਾਜ਼ ਵਿਚ ਵਿਚਰ ਰਹੇ ਹਨ। ਅਜਿਹੇ ਵਿਚ ਇਸ ਪੱਤਰਕਾਰ ਵਲੋਂ ਬੀਤੇ ਦਿਨੀਂ ਪੌਲੀਏਵਰ ਨਾਲ ਵਿਦੇਸ਼ਾਂ ਤੋਂ ਕੈਨੇਡਾ ਪੁੱਜ ਰਹੇ ਲੋਕਾਂ ਨੂੰ ਵਰਕ ਪਰਮਿਟ ਅਤੇ ਪੱਕੇ ਹੋਣ ਤੱਕ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ (ਐਲ.ਐਮ.ਆਈ.ਏ.) ਦੇ ਨੁਕਸਦਾਰ ਕਾਨੂੰਨ ਤਹਿਤ ਕਾਰੋਬਾਰੀਆਂ ਵਲੋਂ ਮਿਲੀਭੁਗਤ ਨਾਲ ਕੀਤੀ ਜਾਂਦੀ ਲੁੱਟ ਦਾ ਮੁੱਦਾ ਉਭਾਰਿਆ ਗਿਆ। ਉਨ੍ਹਾਂ ਨੂੰ ਤਿੰਨ ਸਿੱਧੇ ਸਵਾਲ ਕੀਤੇ ਗਏ। ਲੰਬੇ ਸਮੇਂ ਤੋਂ ਚੱਲ ਰਹੇ ਭਖਦੇ ਇਸ ਮੁੱਦੇ ਬਾਰੇ ਦੇਸ਼ ਦੀ ਸੰਸਦ ਵਿਚ ਬੋਲਣ ਅਤੇ ਟਰੂਡੋ ਸਰਕਾਰ ਦੇ ਇਮੀਗ੍ਰੇਸ਼ਨ ਮੰਤਰੀ ਅਤੇ ਰੋਜ਼ਗਾਰ ਮੰਤਰੀ ਕੋਲ ਉਠਾਉਣ ਬਾਰੇ ਪੁੱਛੇ ਦੋ ਸਵਾਲਾਂ ਦੇ ਜਵਾਬ ਦੇਣ ਤੋਂ ਪੋਲੀਵੀਅਰ ਨੇ ਟਾਲਾ ਵੱਟ ਲਿਆ।
ਤੀਸਰੇ ਸਵਾਲ ਵਿਚ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇਕਰ ਮੌਜੂਦਾ ਸਰਕਾਰ ਐਲ.ਐਮ.ਆਈ.ਏ. ਦਾ ਨੁਕਸਦਾਰ ਸਿਸਟਮ ਠੀਕ ਕਰਨ ਬਾਰੇ ਤੁਹਾਡੀ ਗੱਲ ਨਹੀਂ ਸੁਣਦੀ ਤਾਂ ਸਰਕਾਰ ਬਣਾਉਣ ਮਗਰੋਂ ਇਸ ਬਾਰੇ ਉਨ੍ਹਾਂ ਦੀ ਆਪਣੀ ਕੀ ਯੋਜਨਾ ਹੈ ਤਾਂ ਪੋਲੀਵੀਅਰ ਨੇ ਕਿਹਾ ਕਿ ਟਰੂਡੋ ਨੇ ਐਲ.ਐਮ.ਆਈ.ਏ. ਦਾ ਸਿਸਟਮ ਪੂਰਾ ਤਰ੍ਹਾਂ ਭ੍ਰਿਸ਼ਟ ਕਰ ਦਿੱਤਾ ਹੈ। ਕਾਮਿਆਂ ਦਾ ਸ਼ੋਸ਼ਣ ਹੁੰਦਾ ਹੈ, ਉਨ੍ਹਾਂ ਨੂੰ ਘੱਟ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ। ਪੌਲੀਏਵਰ ਨੇ ਕਿਹਾ ਕਿ ਅਸੀਂ (ਹਾਰਪਰ ਸਰਕਾਰ) ਕਰਦਾਤਾ ਅਤੇ ਕਾਨੂੰਨ ਅਨੁਸਾਰ ਜੀਵਨ ਜਿਊਣ ਵਾਲੇ ਵਿਦੇਸ਼ੀ ਕਾਮਿਆਂ ਨੂੰ ਉਨ੍ਹਾਂ ਨੂੰ ਪੱਕੇ ਹੋਣ ਅਤੇ ਨਾਗਰਿਕ ਬਣਨ ਦਾ ਮੌਕਾ ਦਿੰਦੇ ਸੀ ਅਤੇ ਜਦੋਂ ਮੈਂ ਪ੍ਰਧਾਨ ਮੰਤਰੀ ਬਣਿਆ ਤਾਂ ਇਸੇ ਤਰ੍ਹਾਂ ਹੋਇਆ ਕਰੇਗਾ। ਉਨ੍ਹਾਂ ਕਿਹਾ ਕਿ ਅਸੀਂ ਕੈਨੇਡਾ ‘ਚ ਵਿਦੇਸ਼ੀ ਕਾਮਿਆਂ ਦਾ ਸ਼ੋਸ਼ਣ ਬੰਦ ਕਰਾਂਗੇ।
Check Also
ਅਦਾਰਾ ਪਰਵਾਸੀ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ
ਅਦਾਰਾ ‘ਪਰਵਾਸੀ’ ਦੇ ਸਹਿਯੋਗੀਆਂ, ਸਨੇਹੀਆਂ, ਨਜ਼ਦੀਕੀਆਂ ਤੇ ਪਾਠਕਾਂ ਨੂੰ ਮਿਠਾਸ ਭਰੇ, ਮਹਿਕਾਂ ਭਰੇ, ਰੋਸ਼ਨੀਆਂ ਵੰਡਦੇ, …