ਬਰੈਂਪਟਨ: ਐੱਮ.ਪੀ. ਸੋਨੀਆ ਸਿੱਧੂ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੇ ਮੰਗਲਵਾਰ 14 ਮਾਰਚ ਨੂੰ ਫੈੱਡਰਲ ਮਨਿਸਟਰ ਆਫ਼ ਫੈਮਿਲੀ, ਚਿਲਡਰਨ ਤੇ ਸੋਸ਼ਲ ਡਿਵੈੱਲਪਮੈਂਟ ਜੌਨ ਵੀਅ ਡੁਕਲੋ ਨੇ ਬਰੈਂਪਟਨ ਦੇ ਪਾਰਲੀਮੈਂਟ ਮੈਂਬਰਾਂ ਨਾਲ ‘ਫੋਰ ਕਾਰਨਜ਼ ਲਾਇਬ੍ਰੇਰੀ’ ਬਰੈਂਪਟਨ ਵਿੱਚ ਦੇਸ਼ ਵਿੱਚੋਂ ਗ਼ਰੀਬੀ ਘਟਾਉਣ ਅਤੇ ਮੱਧ-ਵਰਗ ਦੀ ਖ਼ੁਸ਼ਹਾਲੀ ਲਈ ਸਾਲ 2017 ਦੇ ਬੱਜਟ ਤੋਂ ਪਹਿਲਾਂ ਉਨ੍ਹਾਂ ਦੇ ਮੰਤਰਾਲੇ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਮੀਡੀਆ ਨੂੰ ਇਸ ਦੇ ਬਾਰੇ ਤਾਜ਼ਾ ਜਾਣਕਾਰੀ ਦਿੱਤੀ। ਇਸ ਮੌਕੇ ਬਰੈਂਪਟਨ ਦੇ ਪੰਜੇ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ, ਰੂਬੀ ਸਹੋਤਾ, ਕਮਲ ਖਹਿਰਾ, ਰਾਜ ਗਰੇਵਾਲ ਅਤੇ ਰਮੇਸ਼ ਸੰਘਾ ਹਾਜ਼ਰ ਸਨ।
ਇਸ ਸਮੁੱਚੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਸੋਨੀਆ ਸਿੱਧੂ ਨੇ ਦੱਸਿਆ ਕਿ ਇਸ ਮੌਕੇ ਉਨ੍ਹਾਂ ਦੀઠ ਗੱਲਬਾਤ ਮੁੱਖ ਤੌਰ ਤੇ ਮਿਡਲ ਕਲਾਸ ਦੇ ਮਿਆਰ ਨੂੰ ਉੱਪਰ ਚੁੱਕਣ ਅਤੇ ਦੇਸ਼ ਵਿੱਚੋਂ ਗ਼ਰੀਬੀ ਘਟਾਉਣ ‘ਤੇ ਕੇਂਦ੍ਰਿਤ ਰਹੀ। ਉਨ੍ਹਾਂ ਕਿਹਾ,”ਇਸ ਦੇ ਬਾਰੇ ਅਸੀਂ ਫੈੱਡਰਲ ਸਰਕਾਰ ਬਣਨ ਦੇ ਪਹਿਲੇ ਦਿਨ ਤੋਂ ਹੀ ਨਿਸਚਾ ਕੀਤਾ ਹੋਇਆ ਹੈ। ਸਾਡੇ ਮੰਤਰੀ ਡੁਕਲੋ ਕੈਨੇਡਾ ਨੂੰ ਹੋਰ ਹਮਦਰਦ, ਮਿਲਣਸਾਰ, ਸਵੈ-ਵਿਸ਼ਵਾਸੀ ਅਤੇ ਖ਼ੁਸ਼ਹਾਲ ਬਨਾਉਣ ਲਈ ਸਰਕਾਰ ਦੀਆਂ ਚੋਟੀ ਦੀਆਂ ਪਾਲਸੀਆਂ ਨਾਲ ਭਲੀ-ਭਾਂਤ ਜੁੜੇ ਹੋਏ ਹਨ। ਅਸੀਂ ਖ਼ੁਸ਼ਕਿਸਮਤ ਹਾਂ ਕਿ ਅਸੀਂ ਉਨ੍ਹਾਂ ਨੂੰ ਬਰੈਂਪਟਨ ਸਾਊਥ ਵਿੱਚ ‘ਜੀ-ਆਇਆਂ’ ਆਖ ਰਹੇ ਹਾਂ।” ਸੋਨੀਆ ਸਿੱਧੂ ਨੇ ਮੰਤਰੀ ਡੁਕਲੋ ਦੇ ‘ਚਾਈਲਡ ਬੈਨੀਫਿਟ ਸਕੀਮ’ ਦੇ ਡਿਜ਼ਾਈਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਕਨਾਮਿਕ ਐਂਡ ਸੋਸ਼ਲ ਡਿਵੈਲਪਮੈਂਟ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਔਸਤਨ 680 ਡਾਲਰ ਪ੍ਰਤੀ ਪਰਿਵਾਰ ਦੇ ਹਿਸਾਬ ਨਾਲ ਬਰੈਂਪਟਨ ਸਾਊਥ ਵਿੱਚ ਲੱਗਭੱਗ 23.5 ਹਜਾਰ ਬੱਚਿਆਂ ਨੂੰ ਇਸ ਯੋਜਨਾ ਦਾ ਲਾਭ ਪਹੁੰਚ ਰਿਹਾ ਹੈ ਅਤੇ ਇਸ ਸਕੀਮ ਦੇ ਤਹਿਤ ਸਾਲ 2016 ਵਿੱਚ 9,268,000 ਡਾਲਰ ਦੀ ਸਹਾਇਤਾ ਗ਼ਰੀਬ ਅਤੇ ਮੱਧ-ਵਰਗੀ ਪਰਿਵਾਰਾਂ ਨੂੰ ਦਿੱਤੇ ਗਈ ਹੈ। ਇਸ ਮੌਕੇ ਬੋਲਦਿਆਂ ਮੰਤਰੀ ਡੁਕਲੋ ਨੇ ਦੱਸਿਆ ਕਿ ਕਿਵੇਂ ਮਿਡਲ ਕਲਾਸ ਦਾ ਵਿਸ਼ਵਾਸ ਸਾਰੇ ਕੈਨੇਡਾ-ਵਾਸੀਆਂ ਦੇ ਅਰਥਚਾਰੇ ਵਿੱਚ ਵਾਧਾ ਕਰਨ ਵਿੱਚ ਸਹਾਈ ਹੁੰਦਾ ਹੈ। ਉਨ੍ਹਾਂ ਨੇ 2017 ਦੇ ਇੱਕ-ਜੁੱਟ ਅਤੇ ਵਿਕਾਸ-ਮਈ ਬੱਜਟ ਲਈ ਹਰੇਕ ਪੱਧਰ ‘ਤੇ ਸਾਰੀਆਂ ਸਰਕਾਰਾਂ ਦੇ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਮਿਡਲ ਕਲਾਸ ਨੂੰ ਮਜ਼ਬੂਤ ਕਰਨ ਅਤੇ ਦੇਸ਼ ਦਾ ਬਹੁ-ਪੱਖੀ ਵਿਕਾਸ ਕਰਨ ਲਈ ਦ੍ਰਿੜ੍ਹ ਹੈ। ਇਹ ਇੱਕ ਅਜਿਹੀ ਯੋਜਨਾ ਹੈ ਜੋ ਕੈਨੇਡਾ ਦੇ ਅਰਥਚਾਰੇ ਨੂੰ ਲੰਮੇ ਸਮੇ ਲਈ ਮਜ਼ਬੂਤ ਅਤੇ ਖ਼ੁਸ਼ਹਾਲ ਕਰੇਗਾ। ਜੌਨ ਡੁਕਲੋ ਨੇ ਮੀਡੀਆ ਦੇ ਨੁਮਾਇੰਦਿਆਂ ਨੂੰ ਲੱਗਭੱਗ ਇੱਕ ਘੰਟਾ ਸੰਬੋਧਨ ਕੀਤਾ ਅਤੇ ਉਨ੍ਹਾਂ ਵੱਲੋਂ ਬੇਘਰੇ-ਪਨ, ਕੈਨੇਡਾ ਦੀ ਗਰੀਬੀ ਘਟਾਉਣ ਦੀ ਯੋਜਨਾ, ਸੀਨੀਅਰਾਂ ਲਈ ਲਾਭ ਅਤੇ ਨੈਸ਼ਨਲ ਹਾਊਸਿੰਗ ਸਟਰੈਟਿਜੀ ਬਾਰੇ ਉਠਾਏ ਗਏ ਕਈ ਸੁਆਲਾਂ ਦੇ ਜੁਆਬ ਦਿੱਤੇ। ਮੰਤਰੀ ਜੀ ਦਾ ਧੰਨਵਾਦ ਕਰਦਿਆਂ ਅਤੇ ਇਸ ਸਮਾਗ਼ਮ ਦੀ ਕਾਰਵਾਈ ਨੂੰ ਸਮੇਟਦਿਆਂ ਹੋਇਆਂ ਸੋਨੀਆ ਸਿੱਧੂ ਨੇ ਕਿਹਾ,”ਜੌਨ ਡੁਕਲੋ ਦੇ ਕੰਮ-ਕਾਜ ਸਦਕਾ ਕੈਨੇਡਾ ਹੋਰ ਹਮਦਰਦ ਅਤੇ ਮਿਲਣਸਾਰ ਹੋ ਗਿਆ ਹੈ ਅਤੇ ਇਸ ਨੂੰ ਦੁਨੀਆਂ-ਭਰ ਵਿੱਚ ਹੋਰ ਵਧੀਆ ਦਰਜਾ ਹਾਸਲ ਹੋਇਆ ਹੈ। ਸਾਨੂੰ ਬਰੈਂਪਟਨ-ਵਾਸੀਆਂ ਨੂੰ ਤੁਹਾਡੇ ਉੱਪਰ ਮਾਣ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਜਲਦੀ ਹੀ ਮੁੜ ਬਰੈਂਪਟਨ ਵਿੱਚ ਆਓਗੇ।
Home / ਕੈਨੇਡਾ / ਜੌਨ ਡੁਕਲੋ ਨੇ ਬਰੈਂਪਟਨ ਦੇ ਪਾਰਲੀਮੈਂਟ ਮੈਂਬਰਾਂ ਅਤੇ ਮੀਡੀਆ ਨਾਲ 2017 ਦੇ ਬੱਜਟ ਬਾਰੇ ਵਿਚਾਰ ਸਾਂਝੇ ਕੀਤੇ
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …