Breaking News
Home / ਕੈਨੇਡਾ / ਕਹਾਣੀ ਵਿਚਾਰ ਮੰਚ ਵਲੋਂ ਕੀਤੀ ਗਈ ਸਫਲ ਬੈਠਕ

ਕਹਾਣੀ ਵਿਚਾਰ ਮੰਚ ਵਲੋਂ ਕੀਤੀ ਗਈ ਸਫਲ ਬੈਠਕ

kahani-vichar-mach-copy-copyਬਰੈਂਪਟਨ : ਕਹਾਣੀ ਵਿਚਾਰ ਮੰਚ ਵਲੋਂ 2016 ਦੀ ਚੌਥੀ ਤੇ ਆਖਰੀ ਬੈਠਕ ਸੀ ਜੋ ਮਿੰਨੀ ਗਰੇਵਾਲ ਦੇ ਖੁਸ਼ਗਵਾਰ ਮਾਹੌਲ ਵਿਚ ਹੋਈ। ਮਿੰਨੀ ਗਰੇਵਾਲ ਦੇ ਨਵੇਂ ਆ ਰਹੇ ਸਫ਼ਰਨਾਮੇ  ਦਾ ਇੱਕ ਅੰਕ ਜੋ ਮੁਖਬੰਧ ਨਾਲ ਸਬੰਧਿਤ ਸੀ, ਉਹ ਪੜ੍ਹਿਆ ਗਿਆ ਤੇ ਦੋ ਕਹਾਣੀਆਂ, ਪ੍ਰਵੀਨ ਕੌਰ ਤੇ ਮੇਜਰ ਮਾਂਗਟ ਦੀਆਂ ਸਨ।
ਸਭ ਤੋਂ ਪਹਿਲਾਂ ਵਿਚਾਰ ਚਰਚਾ ਹੋਈ ਕਿ ਅੱਜਕੱਲ੍ਹ ਸਾਹਿਤ ਵਿਚ ਕੀ ਹੋ ਰਿਹਾ ਹੈ ਤੇ ਕਿਹੋ ਜਿਹੇ ਵਿਸ਼ੇ ਛੋਹੇ ਜਾ ਰਹੇ ਹਨ, ਪਾਠਕ ਤੇ ਆਲੋਚਕਾਂ ਦਾ ਉਨ੍ਹਾਂ ਬਾਰੇ ਕੀ ਨਜ਼ਰੀਆ ਹੈ। ਇਸ ਵਿਚ ਕੋਈ ਦੋ ਰਾਵਾਂ ਨਹੀ ਹਨ ਕਿ ਕਹਾਣੀ ਵਿਧਾ ਵਿਚ ਲਿਖਿਆ ਜਾ ਰਿਹਾ ਸਭਦਾ ਧਿਆਨ ਖਿਚਦਾ ਹੈ ਪਰੰਤੂ ਗੱਲ ਕਹਿਣ ਵਿਚ ਰੌਚਕਤਾ ਹੋਵੇ ਤਾਂ ਹੀ ਪਾਠਕ ਪਹਿਲ ਦੇ ਅਧਾਰ ਤੇ ਵਿਸ਼ੇ ਨਾਲ ਜੁੜਦਾ ਹੈ ਜੇ ਰੌਚਿਕਤਾ ਨਹੀ ਤਾਂ ਪਾਠਕ ਜੁੜਦਾ ਨਹੀ।
ਕਹਾਣੀ, ਲੇਖਕ ਨੂੰ ਆਪਣੇ ਸੋਚੇ ਨੂੰ ਬੋਲਣ ਦੀ ਅਜ਼ਾਦੀ ਦਿੰਦੀ ਹੈ। ਲੇਖਕ ਕਹਾਣੀ ਰਾਹੀਂ ਹੀ ਵਿਨਾਸ਼ ਕਰਨ ਵਾਲੀਆਂ ਤਾਕਤਾਂ ਨੂੰ ਆਪਣੀ ਕਲਮੀ ਬਾਹੂਬਲਤਾ ਨਾਲ ਸਮਾਜ ਅੱਗੇ ਪੇਸ਼ ਕਰਦਾ ਹੈ। ਸਮੇਂ ਸਮੇ ਸਾਡੇ ਸਾਹਿਤਕ ਰਾਹ ਦਸੇਰੇ ਗਲਤ ਰਵਾਇਤਾਂ ਨਾਲ ਲੋਹਾ ਵੀ ਲੈਂਦੇ ਰਹੇ ਤੇ ਇਸੇ ਕਰਕੇ ਹੀ ਕਲਾਸਿਕ ਕਹਾਣੀਆ ਦੇ ਲੇਖਕ ਅੱਜ ਸਾਡੇ ਦਿਲਾਂ ਵਿਚ ਵਸਦੇ ਹਨ।
ਸਭਤੋਂ ਪਹਿਲਾਂ ਮਿੰਨੀ ਗਰੇਵਾਲ ਜੀ ਨੇ ਆਪਣੇ ਸਫ਼ਰਨਾਮੇ ਬਾਰੇ ਦਸਿਆ। ਪਹਿਲਾਂ ਉਹ ਸਾਇਬੇਰੀਆ ਰੂਸ ਤੇ ਹੋਰ ਦੇਸ਼ਾਂ ਬਾਰੇ ਆਪਣੇ ਹੰਢਾਏ ਤਜ਼ਰਬੇ ਬਿਆਨ ਕਰ ਚੁੱਕੇ ਹਨ ਤੇ ਇਹ ਸਾਊਥ ਅਮਰੀਕਾ ਦੇ ਸਫ਼ਰ ਨਾਮੇ ਦਾ ਜ਼ਿਕਰ ਹੈ। ਮੁਖਬੰਧ ਵਿਚ ਇਨ੍ਹਾਂ ਮੁਲਕਾਂ ਦੀ ਭੁਗੋਲਿਕ ਸਥਿਤੀ ਦਾ ਵਰਣਨ ਹੈ ਤੇ ਅਗਾਜ਼ ਤੋਂ ਹੀ ਲਗਦਾ ਹੈ ਕਿ ਇਹ ਦਿਲਚਸਪ ਹੋਵੇਗਾ। ਗੁਰਦਿਆਲ ਬੱਲ ਨੇ ਇਨ੍ਹਾਂ ਮੁਲਕਾਂ ਬਾਰੇ ਵਿਸਥਾਰਿਤ ਜਾਣਕਾਰੀ ਦਿੱਤੀ, ਜੋ ਮੇਰੇ ਸਮੇਤ ਕਈਆਂ ਲਈ ਨਵੀ ਸੀ। ਭਾਵੇਂ ਇਸਦਾ ਸਿੱਧਾ ਸਬੰਧ ਸਫਰਨਾਮੇ ਨਾਲ ਨਹੀ ਜੁੜਦਾ ਸੀ ਪਰ ਬੱਲ ਜੀ ਦਾ ਕਹਿੰਣਾ ਤੇ ਬਲਦੇਵ ਦੂਹੜੇ ਦਾ ਹੁੰਗਾਰਾ ਦਿਲਚਸਪ ਰਿਹਾ। ਇਸਤੋਂ ਬਾਅਦ ਪ੍ਰਵੀਨ ਕੌਰ ਨੇ ਆਪਣੀ ਕਹਾਣੀ  ‘ਗਮ ਇੱਕ ਨਸ਼ਾ’ ਪੜ੍ਹੀ। ਅਸਲੋਂ ਨਵਾਂ ਵਿਸ਼ਾ ਹੈ।
ਕਹਾਣੀ ਦੀ ਵਿਸ਼ੇਸ਼ ਗੱਲ ਇਹ ਸੀ ਕਿ ਇਸਦਾ ਵਿਸ਼ਾ ਜਾਹਰ ਨਹੀ ਸੀ। ਮੁੱਖ ਪਾਤਰ ਆਪਣੀ ਬੀਵੀ ਨੂੰ ਬਹੁਤ ਪਿਆਰ ਕਰਦਾ ਹੈ ਜਿਸਦੀ ਅਚਾਨਕ ਕੈਂਸਰ ਨਾਲ ਮੌਤ ਹੋ ਜਾਂਦੀ ਹੈ। ਚੰਗਾ ਭਲਾ ਕਾਰੋਬਾਰੀ, ਜਿਸ ਕੋਲ ਆਪਣੇ ਪਰਿਵਾਰ ਲਈ ਸਭ ਸੁਖ ਸੁਵਿਧਾਵਾਂ ਹਨ,  ਦੇ ਬੱਚੇ ਵੀ ਹੈ ਪਰ ਉਹ ਹੌਂਸਲਾ ਛਡ ਦਿੰਦਾ ਹੈ ਤੇ ਸਭ ਜ਼ਿੰਮੇਵਾਰੀਆਂ ਤੋਂ ਮੁਨਕਰ ਹੋਕੇ,  ਅਲਕੋਹਿਲ ਹੋਕੇ, ਘਰ ਬਾਰ ਛਡ ਕੇ ਅਲੋਪ ਹੋ ਜਾਂਦਾ ਹੈ। ਇਸ ਮੌਕੇ ਕੋਈ ਵੀ ਪਰਿਵਾਰਕ ਮੈਂਬਰ ਉਸਦੇ ਬੱਚਿਆਂ ਦੀ ਜ਼ਿੰਮੇਵਾਰੀ ਨਹੀ ਲੈਂਦਾ ਤੇ ਉਹ  ਚਿਲਡਰਨ ਏਡ ਸੁਸਾਇਟੀ ਵਾਲੇ ਲੈ ਜਾਂਦੇ ਹਨ। ਮੁੱਖ ਪਾਤਰ ਪਾਲ  ਦੀ ਭੈਣ, ਜ਼ਰੂਰ ਸੰਵੇਦਨਸ਼ੀਲ ਹੈ ਤੇ ਉਹ ਲਭਦੀ, ਆਖਰ ਉਸਨੂੰ ਲਭ ਹੀ ਲੈਂਦੀ ਹੈ ਜੋ ਹੁਣ ਇੱਕ ਮੰਗਤਿਆਂ ਦੇ ਗਰੁਪ ਵਿਚ ਹੈ। ਉਸ ਕੋਲ ਜਾਂਦੀ ਹੈ। ਪਾਲ ਨੂੰ ਉਦੋਂ ਤੱਕ ਉਸ ਜ਼ਿੰਦਗੀ ਦੀ ਆਦਤ ਪੈ ਚੁੱਕੀ ਹੁੰਦੀ ਹੈ ਤੇ ਉਹ ਵਾਇਦਾ ਕਰਕੇ ਵੀ ਵਾਪਸ ਨਹੀ ਆਉਂਦਾ। ਮੁਖ ਵਿਸ਼ਾ ਹੈ ਕਿ  ਪਹਿਲਾਂ ਉਹ ਆਪਣੀ ਬੀਵੀ ਦੀ ਆਦਤ ਦਾ ਮਨੋਵਿਗਿਆਨ ਹੰਢਾਉਂਦਾ ਹੈ ਤੇ ਫਿਰ ਆਪਣੀ ਸਿਰਜੀ ਜ਼ਿੰਦਗੀ ਦੀ ਆਦਤ ਦਾ ਸ਼ਿਕਾਰ ਹੋ ਜਾਂਦਾ ਹੈ।
ਕਈ ਸੁਆਲ ਸਨ ਪਰ ਉਹ ਕਹਾਣੀ ਹੀ ਕੀ ਹੋਈ ਜੋ ਸੁਆਲ ਪੈਦਾ ਨਾਂ ਕਰੇ। ਦੂਸਰੀ ਕਹਾਣੀ  ਮੇਜਰ ਮਾਂਗਟ ਦੀ ਸੀ, ਜਿਸਦਾ ਨਾਮ  ਕੀ ਜਾਣਾ ਮੈਂ  ਕੌਣ”। ਮੇਜਰ ਮਾਂਗਟ ਨੂੰ ਕਹਾਣੀ ਲਿਖਦਿਆਂ ਦਹਾਕੇ ਗੁਜ਼ਰ ਗਏ ਹਨ। ਇਸ ਪ੍ਰਭਾਵ ਅਧੀਨ ਉਸਦੀ ਕਹਾਣੀ ਨੂੰ ਸਾਰੇ ਗੌਹ ਨਾਲ ਸੁਣ ਰਹੇ ਸਨ. ਇਹ ਕਹਾਣੀ ਟਰਾਂਸ ਜੈਂਡਰ ਦੀ ਸਮੱਸਿਆ ਅਤੇ ਸਮਾਜ ਵਲੋਂ ਕੀਤੇ ਜਾ ਰਹੇ ਵਿਤਕਰੇ ਨੂੰ ਪੇਸ਼ ਕਰਦੀ ਸੀ। ਇਸ ਵਿਚ ਸਮਲਿੰਗੀ ਜੋੜਿਆਂ ਦਾ ਉਭਾਰ ਤੇ ਸਮਾਜਿਕ ਕਦਰਾਂ ਕੀਮਤਾਂ ਦਾ ਨਿਘਾਰ ਵੀ ਨਾਲੋਂ ਨਾਲ ਚੱਲਦੇ ਨੇ। ਇਸਦਾ ਅਸਲ ਮਕਸਦ ਲਿੰਗੀ ਅਧਾਰ ਤੇ ਵਿਤਕਰਾ ਸੀ। ਪਾਠਕ ਸੋਚਦਾ ਕੁਝ ਹੋਰ ਹੈ ਪਰ ਕਹਾਣੀ ਦੇ ਅੰਤ ‘ਤੇ ਜਾ ਕੇ ਉਹ ਸੋਚਦਾ ਹੀ ਰਹਿ ਜਾਂਦਾ ਹੈ, ਜਦੋਂ ਕਿ ਗੱਲ ਤਾਂ ਅਸਲ ਵਿਚ ਮਨੁੱਖੀ ਅਧਿਕਾਰਾਂ ਦੀ ਹੁੰਦੀ ਹੈ। ਇਸ ਕਹਾਣੀ ਵਿਚ ਸੰਵਾਦ, ਫਲੈਸ਼ ਬੈਕ, ਮਨਬਚਨੀ ਅਤੇ ਚੇਤਨਾ ਪ੍ਰਵਾਹ ਨਾਲ ਨਾਲ ਚੱਲਦੇ ਹਨ। ਮੈਂ ਪਾਤਰ ਅਤੇ ਲੇਖਕ ਨੂੰ ਵਰਨਿਣ ਵਿਧੀ ਦੀ ਮਹੀਨ ਲਾਈਨ ਖਿੱਚ ਕੇ ਅਲੱਗ ਕੀਤਾ ਗਿਆ ਹੈ।
ਮੈ ਪਾਤਰ ਵਿਚ ਲਿਖੀ ਕਹਾਣੀ, ਜਿੱਥੇ ਲਿਖਣ ਵਿਚ ਸੌਖੀ ਲਗਦੀ ਹੈ ਪਰ ਇਸਦੀਆਂ ਵੀ ਆਪਣੀਆਂ ਹੀ ਇੱਕਾਈਆਂ ਹੁੰਦੀਆਂ ਹਨ ਜਿਸਨੂੰ ਲੇਖਕ ਨੇ ਪਹਿਲ ਦੇ ਅਧਾਰ ਤੇ ਸਮੇਟਣਾ ਹੁੰਦਾ ਹੈ ਤੇ ਇਸ ਵਿਚ ਮੇਜਰ ਮਾਂਗਟ  ਖੁਦ ਵੀ ਸੰਤੁਸ਼ਟ ਹੈ ਤੇ ਪਾਠਕ ਵੀ।
ਬਲਬੀਰ ਸੰਘੇੜਾ ਦਾ ਇਹ ਤੌਖਲਾ, ਸਰਬਵਿਆਪਕ ਹੈ ਕਿ ਪਾਠਕ ਮੈਂ ਪਾਤਰ ਵਿਚੋਂ ਲੇਖਕ ਨੂੰ ਲਭਦਾ ਹੈ। ਪਾਤਰ ਤੇ ਲੇਖਕ ਦੇ ਨਿਖੇੜੇ ਲਈ, ਜ਼ਿੰਮੇਵਾਰੀ ਲੇਖਕ ਦੀ ਹੈ ਕਿ ਉਹ ਕਹਾਣੀ ਨੂੰ ਆਪਣੇ ਨਾਲੋਂ ਅਲਹਿਦਾ ਕਰੇ। ਮੇਜਰ ਮਾਂਗਟ ਨੇ ਇਸ  ਸ਼ੈਲੀ ਨੂੰ ਬਖੂਬੀ ਨਿਭਾਇਆ ਹੈ।
ਮੈਂ ਪਾਤਰ ਤੇ ਇੱਕ ਬਹੁਤ ਹੀ ਖੂਬਸੂਰਤ ਕੁੜੀ ਦਾ ਮਿਲਾਪ ਹੁੰਦਾ ਹੈ। ਜੋ ਅਸਲ ਵਿਚ ਟਰਾਂਸਜੈਂਡਰ ਸੀ, ਪਰ ਮਰਦ ਪ੍ਰਧਾਨ ਸਮਾਜ ਵਿਚ ਲਿੰਗ ਤਬਦੀਲੀ ਤੋਂ ਬਾਅਦ ਵੀ ਪੂਰਨ ਪ੍ਰਵਾਨਗੀ ਨਾ ਮਿਲਣ ਦੇ ਡਰ ਕਾਰਨ ਸਮਲਿੰਗੀ ਵਿਆਹ ਕਰਵਾਉਣ ਲਈ ਤਿਆਰ ਹੈ। ਭਾਵੇਂ ਇਹ ਸਭ ਕਾਸੇ ਲਈ ਉਸਦੇ ਹਾਰਮੋਨਜ਼ ਜ਼ਿੰਮੇਵਾਰ ਹਨ ਪਰ ਉਸਦੀ ਮਾਨਸਿਕ ਪੀੜ ਕਿਸੇ ਨੂੰ ਸਮਝ ਨਹੀਂ ਪੈਂਦੀ। ਮੈਂ ਪਾਤਰ ਆਪਣੇ ਅਚੇਤ ਵਿਚ ਵਸੇ ਹੋਏ ਸੰਸਕਾਰਾਂ ਕਾਰਨ ਇਸ ਪਾਤਰ ਨਾਲ ਦੋਹਰਾ ਰਿਸ਼ਤਾ ਉਸਾਰਦਾ ਹਾਂ। ਇਨ੍ਹਾਂ ਸੰਵਾਦਾਂ ਵਿਚੋਂ ਹੀ ਕਹਾਣੀ ਦਾ ਉਸਾਰ ਹੁੰਦਾ ਹੈ। ਸਮਲਿੰਗੀ ਪਰੇਡ ਵਿਚ ਸ਼ਾਮਲ ਹੋਣ ਦਾ ਸਲੀਨਾ ਨੂੰ ਇਸ ਕਰਕੇ ਜਨੂੰਨ ਹੈ ਤੇ ਉਹ ਸਮਾਜ ਦੇ ਦੁਰਕਾਰੇ ਇਸ ਵਰਗ ਨਾਲ ਦਿਲੋ ਹਮਦਰਦੀ ਵੀ ਰੱਖਦੀ ਹੈ ਤੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਵੀ ਹਨਨ ਹੁੰਦਾ ਹੈ। ਜਿਸ ਕਰਕੇ ਟਰਾਂਸ ਜੈਂਡਰ ਤੇ ਸਮਲਿੰਗੀਆਂ ਦਾ ਦਰਦ ਇਕਮਿੱਕ ਹੋ ਜਾਂਣਾ ਹੈ। ਜਦੋਂ ਪਾਤਰ ਨੂੰ ਇਹ ਗੱਲ ਸਮਝ ਪੈਂਦੀ ਹੈ ਤਾਂ ਉਹ ਆਪਣੀ ਦੋਸਤ ਸਲੀਨਾ ਨਾਲ ਪ੍ਰਾਈਡ ਪਰੇਡ ਵਿਚ ਜਾਣ ਲਈ ਤਿਆਰ ਹੋ ਜਾਂਦਾ ਹੈ। ਜਿੱਥੇ ਰਵਾਇਤੀ ਰਿਸ਼ਤਿਆਂ ਨੂੰ ਤੋੜਦਿਆਂ ਉਸ ਨੇ ਮਰਦ ਵਿਆਹ ਦਾ ਜੂਲਾ ਉਤਾਰ ਸੁੱਟਣ ਦਾ ਫੈਸਲਾ ਕੀਤਾ ਹੋਇਆ ਹੈ।
ਪੜ੍ਹੀਆਂ ਕਹਾਣੀਆਂ ‘ਤੇ ਖੂਬ ਬਹਿਸ ਹੋਈ। ਲੇਖਕਾਂ ਨੇ ਆਪਣੇ ਪੱਖ ਦਿੱਤੇ। ਕੁੱਲ ਮਿਲਾ ਕੇ ਮੀਟਿੰਗ ਬੇਹੱਦ ਸਫਲ ਰਹੀ। ਵਿਚਾਰ ਵਟਾਂਦਰੇ ਵਿਚ ਬਲਬੀਰ ਸੰਘੇੜਾ, ਲਾਲ ਸਿੰਘ ਸੰਘੇੜਾ, ਅਰਵਿੰਦਰ ਕੌਰ, ਜਤਿੰਦਰ ਰੰਧਾਵਾ ਤੇ ਬਲਜੀਤ ਧਾਲੀਵਾਲ ਨੇ ਨਿੱਠ ਕੇ ਸ਼ਮੂਲੀਅਤ ਕੀਤੀ।  ਉਨ੍ਹਾਂ ਦੇ ਕੀਮਤੀ ਸੁਝਾਅ ਇਸ ਬੈਠਕ ਦਾ ਸ਼ਿੰਗਾਰ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …