-12.7 C
Toronto
Saturday, January 31, 2026
spot_img
Homeਭਾਰਤਮਹਾਰਾਸ਼ਟਰ ਮੰਤਰੀ ਮੰਡਲ 'ਚ ਹੋਇਆ ਵਾਧਾ

ਮਹਾਰਾਸ਼ਟਰ ਮੰਤਰੀ ਮੰਡਲ ‘ਚ ਹੋਇਆ ਵਾਧਾ

ਅਜੀਤ ਪਵਾਰ ਮੁੜ ਬਣੇ ਉਪ ਮੁੱਖ ਮੰਤਰੀ – ਊਧਵ ਨੇ ਪੁੱਤਰ ਅਦਿੱਤਿਆ ਨੂੰ ਵੀ ਬਣਾਇਆ ਮੰਤਰੀ
ਮੁੰਬਈ : ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਆਪਣੇ ਮੰਤਰੀ ਮੰਡਲ ਦਾ ਵਿਸਤਾਰ ਕਰਦਿਆਂ 26 ਕੈਬਨਿਟ ਤੇ 10 ਰਾਜ ਮੰਤਰੀਆਂ ਨੂੰ ਸ਼ਾਮਲ ਕੀਤਾ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਅਜੀਤ ਪਵਾਰ ਨੇ ਡਿਪਟੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਮੰਤਰੀ ਮੰਡਲ ਦਾ ਵਿਸਤਾਰ ਠਾਕਰੇ ਦੀ ਅਗਵਾਈ ਵਾਲੇ ਮਹਾਰਾਸ਼ਟਰ ਵਿਕਾਸ ਅਗਾੜੀ ਵੱਲੋਂ ਸੂਬੇ ਦੀ ਸੱਤਾ ਸੰਭਾਲਣ ਤੋਂ ਕਰੀਬ ਮਹੀਨੇ ਮਗਰੋਂ ਹੋਇਆ ਹੈ। ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਮੰਤਰੀਆਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਹਲਫ਼ ਲੈਣ ਵਾਲੇ 36 ਮੰਤਰੀਆਂ ‘ਚੋਂ ਐੱਨਸੀਪੀ ਦੇ 10 ਜਣਿਆਂ ਨੂੰ ਕੈਬਨਿਟ ਮੰਤਰੀ ਤੇ ਚਾਰ ਜਣਿਆਂ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ। ਸ਼ਿਵ ਸੈਨਾ ਦੇ ਅੱਠ ਕੈਬਨਿਟ ਤੇ ਚਾਰ ਰਾਜ ਮੰਤਰੀ ਬਣੇ ਹਨ ਜਦਕਿ ਕਾਂਗਰਸ ਦੇ ਅੱਠ ਕੈਬਨਿਟ ਮੰਤਰੀ ਤੇ ਦੋ ਰਾਜ ਮੰਤਰੀ ਬਣਾਏ ਗਏ ਹਨ। ਰਾਜ ‘ਚ ਮੁੱਖ ਮੰਤਰੀ ਸਣੇ ਹੁਣ ਕੁੱਲ 43 ਮੰਤਰੀ ਹਨ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚਵਾਨ ਅਤੇ ਯੁਵਾ ਸੈਨਾ ਮੁਖੀ ਆਦਿੱਤਿਆ ਠਾਕਰੇ ਨੇ ਕੈਬਨਿਟ ਮੰਤਰੀਆਂ ਵਜੋਂ ਹਲਫ਼ ਲਿਆ ਹੈ। ਅਜੀਤ ਪਵਾਰ ਕਰੀਬ ਮਹੀਨੇ ਵਿਚ ਹੀ ਦੋ ਵਾਰ ਉਪ ਮੁੱਖ ਮੰਤਰੀ ਬਣ ਚੁੱਕੇ ਹਨ। ਜ਼ਿਕਰਯੋਗ ਹੈ ਕਿ 23 ਨਵੰਬਰ ਨੂੰ ਉਨ੍ਹਾਂ ਆਪਣੀ ਪਾਰਟੀ ਐੱਨਸੀਪੀ ਖਿਲਾਫ ਬਾਗ਼ੀ ਹੋ ਕੇ ਭਾਜਪਾ ਨਾਲ ਹੱਥ ਮਿਲਾ ਲਿਆ ਸੀ ਤੇ ਦੇਵੇਂਦਰ ਫੜਨਵੀਸ ਸਰਕਾਰ ਵਿਚ ਉਪ ਮੁੱਖ ਮੰਤਰੀ ਬਣ ਗਏ ਸਨ। ਹਾਲਾਂਕਿ ਤਿੰਨ ਦਿਨ ਬਾਅਦ 26 ਨਵੰਬਰ ਨੂੰ ਉਨ੍ਹਾਂ ਅਸਤੀਫ਼ਾ ਦੇ ਦਿੱਤਾ ਸੀ। ਅਜੀਤ ਪਵਾਰ ਚੌਥੀ ਵਾਰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਬਣੇ ਹਨ। ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੁੱਖ ਮੰਤਰੀ ਪ੍ਰਿਥਵੀਰਾਜ ਚਵਾਨ ਨੂੰ ਠਾਕਰੇ ਮੰਤਰੀ ਮੰਡਲ ਵਿਚ ਥਾਂ ਨਹੀਂ ਮਿਲ ਸਕੀ ਹੈ। ਸੀਨੀਅਰ ਐੱਨਸੀਪੀ ਆਗੂ ਨਵਾਬ ਮਲਿਕ ਨੂੰ ਵੀ ਮੰਤਰੀ ਬਣਾਇਆ ਗਿਆ ਹੈ। ਮੁੱਖ ਮੰਤਰੀ ਊਧਵ ਠਾਕਰੇ ਤੇ ਐੱਨਸੀਪੀ ਸੁਪਰੀਮੋ ਸ਼ਰਦ ਪਵਾਰ ਇਸ ਮੌਕੇ ਹਾਜ਼ਰ ਸਨ।

RELATED ARTICLES
POPULAR POSTS