ਨਵੀਂ ਦਿੱਲੀ : ਲਗਪਗ ਸੱਤ ਮਹੀਨੇ ਬਾਅਦ ਭਾਰਤ ਵਿਚ ਸਿਨੇਮਾ ਹਾਲ ਖੁੱਲ੍ਹਣ ਦਾ ਰਸਤਾ ਸਾਫ਼ ਹੋ ਗਿਆ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ 15 ਅਕਤੂਬਰ ਤੋਂ ਸਿਨੇਮਾ ਹਾਲ ਖੋਲ੍ਹਣ ਲਈ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਤਹਿਤ ਸਿਨੇਮਾ ਹਾਲ ਸਿਰਫ਼ 50 ਫ਼ੀਸਦੀ ਸਮਰੱਥਾ ਦੇ ਨਾਲ ਖੁੱਲ੍ਹਣਗੇ ਤੇ ਦੋ ਦਰਸ਼ਕਾਂ ਵਿਚ ਇਕ ਸੀਟ ਖਾਲੀ ਰਹੇਗੀ। ਸਿੰਗਲ ਸਕਰੀਨ ਵਾਲੇ ਸਿਨੇਮਾ ਹਾਲ ‘ਚ ਟਿਕਟ ਵੇਚਣ ਦੀ ਛੋਟ ਦਿੱਤੀ ਗਈ ਹੈ, ਪਰ ਮਲਟੀਪਲੈਕਸ ਨੂੰ ਸਿਰਫ਼ ਆਨਲਾਈਨ ਬੁਕਿੰਗ ਦੀ ਇਜਾਜ਼ਤ ਹੋਵੇਗੀ। ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਸਟੈਂਡਰਡ ਆਫ ਪ੍ਰੋਸੈਸ (ਐੱਸਓਪੀ) ਜਾਰੀ ਕਰਦੇ ਹੋਏ ਕਿਹਾ ਕਿ ਸਿਨੇਮਾ ਹਾਲ ਵਿਚ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਤੇ ਅੰਦਰ ਜਾਣ ਤੋਂ ਪਹਿਲਾਂ ਥਰਮਲ ਸਕਰੀਨਿੰਗ ਕੀਤੀ ਜਾਵੇਗੀ। ਜਾਵੜੇਕਰ ਨੇ ਕਿਹਾ ਕਿ ਸਿਨੇਮਾ ਹਾਲ ਦੇ ਅੰਦਰ ਦਰਸ਼ਕਾਂ ਨੂੰ ਮਾਸਕ ਲਗਾ ਕੇ ਰਹਿਣਾ ਪਵੇਗਾ ਤੇ ਹਾਲ ਦੇ ਅੰਦਰ ਕਿਸੇ ਤਰ੍ਹਾਂ ਦੇ ਖਾਣ-ਪੀਣ ਦਾ ਸਾਮਾਨ ਵੇਚਣ ਦੀ ਇਜਾਜ਼ਤ ਨਹੀਂ ਹੋਵੇਗੀ। ਹਾਲ ਦੇ ਬਾਹਰ ਡਿੱਬਾ ਬੰਦ ਖੁਰਾਕੀ ਸਮੱਗਰੀ ਵੇਚਣ ਦੀ ਛੋਟ ਦਿੱਤੀ ਗਈ ਹੈ, ਪਰ ਇਸਦੇ ਲਈ ਆਨਲਾਈਨ ਪੇਮੈਂਟ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ। ਮਲਟੀਪਲੈਕਸ ਨੂੰ ਖਾਸ ਤੌਰ ‘ਤੇ ਵੱਖ-ਵੱਖ ਸਕਰੀਨ ‘ਤੇ ਫਿਲਮਾਂ ਦਾ ਸਮਾਂ ਇਸ ਤਰ੍ਹਾਂ ਨਾਲ ਨਿਰਧਾਰਤ ਕਰਨ ਲਈ ਕਿਹਾ ਗਿਆ ਹੈ ਕਿ ਕਿਸੇ ਵੀ ਦੋ ਸਕਰੀਨਾਂ ਦੇ ਫਿਲਮ ਸ਼ੁਰੂ ਹੋਣ, ਇੰਟਰਵਲ ਤੇ ਖ਼ਤਮ ਹੋਣ ਦਾ ਸਮਾਂ ਇਕ ਨਾ ਹੋਵੇ। ਦਰਸ਼ਕਾਂ ਦੀ ਥਰਮਲ ਸਕਰੀਨਿੰਗ ਦੇ ਨਾਲ ਹੀ ਗੇਟ ‘ਤੇ ਹੈਂਡ ਸੈਨੇਟਾਈਜ਼ਰ ਦਾ ਵੀ ਇੰਤਜ਼ਾਮ ਕਰਨਾ ਪਵੇਗਾ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …