ਵਿਸ਼ਵ ਕੱਪ ਲਈ ਮਾਹੌਲ ਸਿਰਜੇਗਾ ਆਈਪੀਐੱਲ : ਸਿੱਧੂ
ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਰਾਹੀਂ ਕਰੀਬ ਇਕ ਦਹਾਕੇ ਬਾਅਦ ਕੁਮੈਂਟਰੀ ਬਾਕਸ ‘ਚ ਵਾਪਸੀ ਕਰਨ ਲਈ ਤਿਆਰ ਸਾਬਕਾ ਭਾਰਤੀ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਲੀਗ ਨਾਲ ਨਾ ਸਿਰਫ ਭਾਰਤ ਸਗੋਂ ਹੋਰ ਦੇਸ਼ਾਂ ਨੂੰ ਵੀ ਟੀ-20 ਵਿਸ਼ਵ ਕੱਪ ਟੀਮ ਦੀ ਚੋਣ ਕਰਨ ਵਿੱਚ ਮਦਦ ਮਿਲੇਗੀ।
ਜ਼ਿਕਰਯੋਗ ਹੈ ਕਿ ਇਸ ਇੱਕ ਦਹਾਕੇ ਦੌਰਾਨ ਨਵਜੋਤ ਸਿੱਧੂ ਸਿਆਸਤ ਵਿੱਚ ਸਰਗਰਮ ਸਨ। ਸਿੱਧੂ ਹੋਰਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ”ਆਈਪੀਐੱਲ ਵਿਸ਼ਵ ਕੱਪ ਲਈ ਮਾਹੌਲ ਸਿਰਜੇਗਾ। ਇਸ ਦੌਰਾਨ ਕੋਈ ਹੋਰ ਕ੍ਰਿਕਟ ਟੂਰਨਾਮੈਂਟ ਨਹੀਂ ਖੇਡਿਆ ਜਾਵੇਗਾ। ਦੁਨੀਆ ਦੀਆਂ ਨਜ਼ਰਾਂ ਆਈਪੀਐੱਲ ‘ਤੇ ਹੋਣਗੀਆਂ। ਇਸ ਲਈ ਜੇ ਕੋਈ ਭਾਰਤੀ ਹੀ ਨਹੀਂ ਸਗੋਂ ਵਿਦੇਸ਼ੀ ਖਿਡਾਰੀ ਵੀ ਇਸ ਟੂਰਨਾਮੈਂਟ ‘ਚ ਚੰਗਾ ਪ੍ਰਦਰਸ਼ਨ ਕਰੇਗਾ ਤਾਂ ਉਹ ਆਪੋ-ਆਪਣੇ ਦੇਸ਼ ਦੀ ਟੀਮ ‘ਚ ਜਗ੍ਹਾ ਬਣਾ ਸਕੇਗਾ।” ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਪਿਛਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਇਸ ਫਾਰਮੈਟ ‘ਚ ਬਹੁਤੇ ਮੈਚ ਨਹੀਂ ਖੇਡੇ ਪਰ ਆਉਣ ਵਾਲੇ ਵਿਸ਼ਵ ਕੱਪ ਲਈ ਦੋਵਾਂ ਦੀ ਭਾਰਤੀ ਟੀਮ ਵਿੱਚ ਚੁਣੇ ਜਾਣ ਦੀ ਸੰਭਾਵਨਾ ਹੈ। ਇਸ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸਿੱਧੂ ਨੇ ਕਿਹਾ, ”ਉੱਥੇ ਦੋਵਾਂ ਦੀ ਲੋੜ ਪਵੇਗੀ। ਉਹ ਕ੍ਰਿਕਟ ਜਗਤ ਦੇ ਮੋਹਰੀ ਖਿਡਾਰੀ ਹਨ। ਲੈਅ ਆਉਂਦੀ-ਜਾਂਦੀ ਰਹਿੰਦੀ ਹੈ ਪਰ ਹੁਨਰ ਹਮੇਸ਼ਾ ਰਹਿੰਦਾ ਹੈ।” ਸਿੱਧੂ ਨੇ ਕਿਹਾ, ”ਮੈਂ ਕੋਹਲੀ ਨੂੰ ਭਾਰਤ ਦਾ ਸਰਬੋਤਮ ਬੱਲੇਬਾਜ਼ ਕਰਾਰ ਦੇਵਾਂਗਾ। ਇਸ ਦਾ ਇੱਕੋ-ਇੱਕ ਕਾਰਨ ਉਸ ਦੀ ਫਿਟਨੈੱਸ ਹੈ। ਜਿਵੇਂ-ਜਿਵੇਂ ਉਸ ਦੀ ਉਮਰ ਵਧਦੀ ਜਾ ਰਹੀ ਹੈ, ਉਹ ਹੋਰ ਫਿੱਟ ਹੁੰਦਾ ਜਾ ਰਿਹਾ ਹੈ। ਤਕਨੀਕੀ ਤੌਰ ‘ਤੇ ਉਹ ਸ਼ਾਨਦਾਰ ਬੱਲੇਬਾਜ਼ ਹੈ ਅਤੇ ਤਿੰਨੋਂ ਫਾਰਮੈਟਾਂ ਵਿਚ ਢਲ ਸਕਦਾ ਹੈ। ਇਹ ਗੱਲ ਰੋਹਿਤ ‘ਤੇ ਵੀ ਲਾਗੂ ਹੁੰਦੀ ਹੈ।”
ਸਿੱਧੂ ਨੇ ਪਿਛਲੇ ਸਾਲ ਇੱਕ ਰੋਜ਼ਾ ਵਿਸ਼ਵ ਕੱਪ ‘ਚ ਭਾਰਤੀ ਟੀਮ ਦੇ ਪ੍ਰਦਰਸ਼ਨ ਬਾਰੇ ਕਿਹਾ, ”ਟੀਮ ਨੇ ਵਿਸ਼ਵ ਕੱਪ ‘ਚ ਬਹੁਤ ਵਧੀਆ ਖੇਡਿਆ। ਇੱਕ ਖ਼ਰਾਬ ਮੈਚ ਨਾਲ ਟੀਮ ਦਾ ਭਵਿੱਖ ਤੈਅ ਨਹੀਂ ਕੀਤਾ ਜਾ ਸਕਦਾ। ਮੇਰਾ ਮੰਨਣਾ ਹੈ ਕਿ ਭਾਰਤੀ ਟੀਮ ਲੰਮੇ ਸਮੇਂ ਤੱਕ ਰਾਜ ਕਰੇਗੀ ਕਿਉਂਕਿ ਭਾਰਤ ਵਿੱਚ ਕ੍ਰਿਕਟਰਾਂ ਨੂੰ ਵਿਕਸਤ ਕਰਨ ਦੀ ਪ੍ਰਣਾਲੀ ਬਹੁਤ ਵਧੀਆ ਹੈ।” ਸਿੱਧੂ ਨੇ ਕਿਹਾ, ”ਸਾਡੇ ਸਮੇਂ ‘ਚ ਖਰਾਬ ਲੈਅ ਦੇ ਬਾਵਜੂਦ ਕਿਸੇ ਖਿਡਾਰੀ ਨੂੰ ਟੀਮ ‘ਚ ਇਸ ਲਈ ਬਰਕਰਾਰ ਰੱਖਿਆ ਜਾਂਦਾ ਸੀ ਕਿਉਂਕਿ ਉਸ ਦੀ ਥਾਂ ਲੈਣ ਲਈ ਕੋਈ ਹੋਰ ਖਿਡਾਰੀ ਤਿਆਰ ਨਹੀਂ ਹੁੰਦਾ ਸੀ। ਹੁਣ ਹਾਰਦਿਕ ਪੰਡਿਆ ਮੁੰਬਈ ਇੰਡੀਅਨਜ਼ ਵਿੱਚ ਕਪਤਾਨ ਵਜੋਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਜਗ੍ਹਾ ਲੈ ਰਿਹਾ ਹੈ ਕਿਉਂਕਿ ਉਸ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਇਹ ਰੋਹਿਤ ਦਾ ਨਿਰਾਦਰ ਨਹੀਂ ਹੈ ਸਗੋਂ ਸੋਚ-ਸਮਝ ਕੇ ਲਿਆ ਗਿਆ ਫ਼ੈਸਲਾ ਹੈ।”
Check Also
ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ
ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਦਿੱਲੀ …