Breaking News
Home / ਭਾਰਤ / ਭਾਜਪਾ ਰੌਲਾ ਤਾਂ ਪਾਉਂਦੀ ਹੈ ਪਰ ‘ਸੰਵਿਧਾਨ’ ਬਦਲਣ ਦੀ ਹਿੰਮਤ ਨਹੀਂ : ਗਾਂਧੀ ਰਾਹੁਲ

ਭਾਜਪਾ ਰੌਲਾ ਤਾਂ ਪਾਉਂਦੀ ਹੈ ਪਰ ‘ਸੰਵਿਧਾਨ’ ਬਦਲਣ ਦੀ ਹਿੰਮਤ ਨਹੀਂ : ਗਾਂਧੀ ਰਾਹੁਲ

ਕਿਹਾ : ਸੱਚ ਅਤੇ ਲੋਕਾਂ ਦਾ ਸਮਰਥਨ ਸਾਡੇ ਨਾਲ
ਮੁੰਬਈ/ਬਿਊਰੋ ਨਿਊਜ਼ : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਸੱਤਾਧਾਰੀ ਧਿਰ ਭਾਜਪਾ ਰੌਲਾ ਤਾਂ ਬਹੁਤ ਪਾਉਂਦੀ ਹੈ ਪਰ ਇਸ ਕੋਲ ਸੰਵਿਧਾਨ ਵਿੱਚ ਬਦਲਾਅ ਕਰਨ ਦੀ ਹਿੰਮਤ ਨਹੀਂ ਹੈ। ਰਾਹੁਲ ਨੇ ਕਿਹਾ ਕਿ ਸੱਚ ਤੇ ਦੇਸ਼ ਦੀ ਜਨਤਾ ਉਨ੍ਹਾਂ (ਰਾਹੁਲ) ਵੱਲ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਭਾਜਪਾ ਦੇ ਸੰਸਦ ਮੈਂਬਰ ਅਨੰਤਕੁਮਾਰ ਹੇਗੜੇ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਨੂੰ ਸੰਵਿਧਾਨ ਵਿੱਚ ਸੋਧ ਕਰਨ ਲਈ ਸੰਸਦ ਦੇ ਦੋਵੇਂ ਸਦਨਾਂ ਵਿੱਚ ਦੋ-ਤਿਹਾਈ ਬਹੁਮੱਤ ਦੀ ਲੋੜ ਹੈ। ਇਸ ਤੋਂ ਬਾਅਦ ਭਾਜਪਾ ਨੇ ਹੇਗੜੇ ਦੀਆਂ ਟਿੱਪਣੀਆਂ ਕਾਰਨ ਪੈਦਾ ਹੋਏ ਵਿਵਾਦ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵਜੋਂ ਇਸ ਨੂੰ ਉਨ੍ਹਾਂ ਦਾ ‘ਨਿੱਜੀ ਵਿਚਾਰ’ ਦੱਸਿਆ ਅਤੇ ਉਨ੍ਹਾਂ ਕੋਲੋਂ ਸਪੱਸ਼ਟੀਕਰਨ ਮੰਗਿਆ ਸੀ। ਰਾਹੁਲ ਗਾਂਧੀ ਮੁੰਬਈ ਵਿੱਚ ਮਹਾਤਮਾ ਗਾਂਧੀ ਦੀ ਰਿਹਾਇਸ਼ ਮਣੀ ਭਵਨ ਤੋਂ ਅਗਸਤ ਕ੍ਰਾਂਤੀ ਮੈਦਾਨ ਤੱਕ ‘ਨਿਆਂ ਸੰਕਲਪ ਪਦਯਾਤਰਾ’ ਕਰਨ ਤੋਂ ਬਾਅਦ ਇੱਥੇ ਇਕ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ।
ਅਗਸਤ ਕ੍ਰਾਂਤੀ ਮੈਦਾਨ ਵਿੱਚ ਹੀ ਬਰਤਾਨਵੀ ਰਾਜ ਤੋਂ ਆਜ਼ਾਦੀ ਲਈ ਭਾਰਤ ਦੇ ਸੰਘਰਸ਼ ਦੌਰਾਨ 1942 ਵਿੱਚ ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ ਸੀ। ਉਨ੍ਹਾਂ ਕਿਹਾ, ”ਭਾਜਪਾ ਬਹੁਤ ਸ਼ੋਰ ਮਚਾਉਂਦੀ ਹੈ ਪਰ ਉਸ ਕੋਲ ਸੰਵਿਧਾਨ ਨੂੰ ਬਦਲਣ ਦੀ ਹਿੰਮਤ ਨਹੀਂ ਹੈ। ਸੱਚ ਅਤੇ ਲੋਕਾਂ ਦਾ ਸਮਰਥਨ ਸਾਡੇ ਨਾਲ ਹੈ।”
ਵਾਇਨਾਡ ਤੋਂ ਲੋਕ ਸਭਾ ਮੈਂਬਰ ਰਾਹੁਲ ਨੇ ਕਿਹਾ ਕਿ ਮੌਜੂਦਾ ਲੜਾਈ ਸਿਰਫ਼ ਭਾਜਪਾ ਤੇ ਕਾਂਗਰਸ ਵਿਚਾਲੇ ਨਹੀਂ ਹੈ ਬਲਕਿ ਦੋ ‘ਵਿਚਾਰਧਾਰਾਵਾਂ’ ਵਿਚਾਲੇ ਹੈ। ਉਨ੍ਹਾਂ ਕਿਹਾ, ”ਕੋਈ ਸੋਚਦਾ ਹੈ ਕਿ ਦੇਸ਼ ਇਕ ਕੇਂਦਰ ਤੋਂ ਚੱਲਣਾ ਚਾਹੀਦਾ ਹੈ ਜਿੱਥੇ ਇਕ ਵਿਅਕਤੀ ਕੋਲ ਸਾਰਾ ਗਿਆਨ ਹੈ। ਇਸ ਤੋਂ ਉਲਟ, ਅਸੀਂ ਸੋਚਦੇ ਹਾਂ ਕਿ ਸ਼ਕਤੀ ਦਾ ਵਿਕੇਂਦਰੀਕਰਨ ਹੋਣਾ ਚਾਹੀਦਾ ਹੈ ਅਤੇ ਲੋਕਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ।” ਰਾਹੁਲ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਕੋਲ ਆਈਆਈਟੀ ਦੀ ਡਿਗਰੀ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਸ ਕੋਲ ਕਿਸੇ ਕਿਸਾਨ ਨਾਲੋਂ ਵੱਧ ਗਿਆਨ ਹੈ ਪਰ ਭਾਜਪਾ ਇਸ ਤਰ੍ਹਾਂ ਕੰਮ ਨਹੀਂ ਕਰਦੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਸਵੈ ਸੇਵੀ ਸੰਘ ਦੀ ਸੋਚ ਹੈ ਕਿ ਸਿਰਫ਼ ਇਕ ਵਿਅਕਤੀ ਕੋਲ ਗਿਆਨ ਹੈ੩ਕਿਸਾਨ, ਮਜ਼ਦੂਰ ਅਤੇ ਬੇਰੁਜ਼ਗਾਰ ਨੌਜਵਾਨਾਂ ਕੋਲ ਕੋਈ ਗਿਆਨ ਨਹੀਂ ਹੈ।”

 

 

Check Also

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੈਲੀਕਾਪਟਰ ’ਚ ਚੜ੍ਹਦੇ ਸਮੇਂ ਡਿੱਗੀ

ਮਾਮੂਲੀ ਸੱਟਾਂ ਤੋਂ ਬਾਅਦ ਬੈਨਰਜੀ ਚੋਣ ਪ੍ਰਚਾਰ ਲਈ ਹੋਈ ਰਵਾਨਾ ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ …