ਕਣਕ ਦੇ ਭਾਅ ‘ਚ 40 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ
ਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਸਰਕਾਰ ਨੇ ਮੌਜੂਦਾ ਵਿੱਤੀ ਵਰ੍ਹੇ 2021-22 ਲਈ ਕਣਕ ਦਾ ਘੱਟ-ਘੱਟ ਸਮਰਥਨ ਮੁੱਲ (ਐੱਮਐੱਸਪੀ) 40 ਰੁਪਏ ਵਧਾ ਕੇ 2015 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸਰ੍ਹੋਂ ਦਾ ਐੱਮਐੱਸਪੀ 400 ਰੁਪਏ ਵਧਾ ਕੇ 5050 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ।
ਸਰਕਾਰ ਦੀ ਇਸ ਪਹਿਲ ਦਾ ਉਦੇਸ਼ ਇਨ੍ਹਾਂ ਫ਼ਸਲਾਂ ਦੇ ਖੇਤੀ ਰਕਬੇ ਦੇ ਨਾਲ-ਨਾਲ ਕਿਸਾਨਾਂ ਦੀ ਆਮਦਨ ਨੂੰ ਵਧਾਉਣਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਬੈਠਕ ‘ਚ ਇਸ ਬਾਰੇ ਫ਼ੈਸਲਾ ਲਿਆ ਗਿਆ।
ਮੌਜੂਦਾ ਸਮੇਂ ‘ਚ ਸਰਕਾਰ ਹਾੜ੍ਹੀ ਅਤੇ ਸਾਉਣੀ ‘ਚ ਬੀਜੀਆਂ ਜਾਣ ਵਾਲੀਆਂ 23 ਫਸਲਾਂ ਲਈ ਐੱਮਐੱਸਪੀ ਤੈਅ ਕਰਦੀ ਹੈ। ਇਕ ਸਰਕਾਰੀ ਬਿਆਨ ਮੁਤਾਬਕ ਕੈਬਨਿਟ ਕਮੇਟੀ ਨੇ ਫ਼ਸਲੀ ਵਰ੍ਹੇ 2021-22 (ਜੁਲਾਈ-ਜੂਨ) ਅਤੇ 2022-23 ਦੇ ਮਾਰਕੀਟਿੰਗ ਸੀਜ਼ਨ ਲਈ ਹਾੜ੍ਹੀ ਦੀਆਂ ਛੇ ਫਸਲਾਂ ਲਈ ਐੱਮਐੱਸਪੀ ‘ਚ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਕਣਕ ਦਾ ਐੱਮਐੱਸਪੀ 2020-21 ‘ਚ 1975 ਰੁਪਏ ਪ੍ਰਤੀ ਕੁਇੰਟਲ ਸੀ। ਬਿਆਨ ‘ਚ ਕਿਹਾ ਗਿਆ ਹੈ ਕਿ ਕਣਕ ਦੀ ਉਤਪਾਦਨ ਲਾਗਤ 1008 ਰੁਪਏ ਪ੍ਰਤੀ ਕੁਇੰਟਲ ਹੋਣ ਦਾ ਅੰਦਾਜ਼ਾ ਲਾਇਆ ਗਿਆ ਹੈ। ਅੰਕੜਿਆਂ ਮੁਤਾਬਕ ਸਰਕਾਰ ਨੇ ਹਾੜ੍ਹੀ ਦੇ ਸੀਜ਼ਨ 2021-22 ਦੌਰਾਨ 4.3 ਕਰੋੜ ਟਨ ਤੋਂ ਵੱਧ ਰਿਕਾਰਡ ਕਣਕ ਦੀ ਖ਼ਰੀਦ ਕੀਤੀ ਹੈ।
ਜੌਂ ਦਾ ਸਮਰਥਨ ਮੁੱਲ 35 ਰੁਪਏ ਵਧਾ ਕੇ 1635 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ ਜੋ ਪਿਛਲੇ ਵਰ੍ਹੇ 1600 ਰੁਪਏ ਪ੍ਰਤੀ ਕੁਇੰਟਲ ਸੀ। ਦਾਲਾਂ ‘ਚੋਂ ਛੋਲਿਆਂ ਦਾ ਐੱਮਐੱਸਪੀ ਪਹਿਲਾਂ ਦੇ 5100 ਰੁਪਏ ਤੋਂ 130 ਰੁਪਏ ਵਧਾ ਕੇ 5230 ਰੁਪਏ ਜਦਕਿ ਮਸਰਾਂ ਲਈ ਐੱਮਐੱਸਪੀ 400 ਰੁਪਏ ਵਧਾ ਕੇ 5500 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਤੇਲ ਬੀਜਾਂ ਦੇ ਮਾਮਲੇ ‘ਚ ਸਰਕਾਰ ਨੇ ਸਰ੍ਹੋਂ ਦਾ ਐੱਮਐੱਸਪੀ 400 ਰੁਪਏ ਤੋਂ ਵਧਾ ਕੇ 5050 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਸੂਰਜਮੁਖੀ ਦਾ ਭਾਅ 114 ਰੁਪਏ ਵਧਾਇਆ ਗਿਆ ਹੈ ਜੋ ਹੁਣ 5441 ਰੁਪਏ ਹੋ ਗਿਆ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਸਰਕਾਰ ਨੇ ਹਾੜੀ ਦੀਆਂ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ‘ਚ ਵਾਧਾ ਕੀਤਾ ਹੈ ਤਾਂ ਜੋ ਕਾਸ਼ਤਕਾਰਾਂ ਨੂੰ ਉਨ੍ਹਾਂ ਦੀ ਫ਼ਸਲ ਲਈ ਲਾਭਕਾਰੀ ਮੁੱਲ ਯਕੀਨੀ ਬਣਾਇਆ ਜਾ ਸਕੇ।
ਸਰਕਾਰ ਨੇ ਕਿਹਾ ਕਿ ਐੱਮਐੱਸਪੀ ‘ਚ ਵਾਧਾ ਕੇਂਦਰੀ ਬਜਟ ਦੇ ਐਲਾਨਾਂ ਮੁਤਾਬਕ ਹੀ ਹੈ ਜਿਸ ‘ਚ ਉਤਪਾਦਨ ਦੀ ਔਸਤ ਲਾਗਤ ਦੇ ਘੱਟ ਘੱਟ ਡੇਢ ਗੁਣਾ ਦੇ ਪੱਧਰ ‘ਤੇ ਐੱਮਐੱਸਪੀ ਤੈਅ ਕਰਨ ਦਾ ਐਲਾਨ ਕੀਤਾ ਗਿਆ ਸੀ।
ਇਸ ਦਾ ਉਦੇਸ਼ ਕਿਸਾਨਾਂ ਲਈ ਢੁੱਕਵਾਂ ਲਾਭ ਯਕੀਨੀ ਬਣਾਉਣਾ ਹੈ।
ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਨ ਲਾਗਤ ‘ਤੇ ਕਣਕ ਅਤੇ ਸਰ੍ਹੋਂ (ਹਰੇਕ ‘ਚ 100 ਫ਼ੀਸਦੀ) ਦੇ ਮਾਮਲੇ ‘ਚ ਸਭ ਤੋਂ ਵੱਧ ਲਾਭ ਹੋਣ ਦਾ ਅੰਦਾਜ਼ਾ ਹੈ। ਇਸ ਤੋਂ ਬਾਅਦ ਮਸਰ (79 ਫ਼ੀਸਦ), ਛੋਲੇ (74 ਫ਼ੀਸਦ), ਜੌਂ (60 ਫ਼ੀਸਦ) ਅਤੇ ਸੂਰਜਮੁਖੀ (50 ਫ਼ੀਸਦ) ਦਾ ਨੰਬਰ ਆਉਂਦਾ ਹੈ।
ਐੱਮਐੱਸਪੀ ‘ਚ ਕੀਤਾ 40 ਰੁਪਏ ਦਾ ਵਾਧਾ ਸ਼ਰਮਨਾਕ ਕਰਾਰ : ਕੈਪਟਨ ਅਮਰਿੰਦਰ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਕੈਬਨਿਟ ਵਲੋਂ ਕਣਕ ਦੀ ਐੱਮਐੱਸਪੀ ਵਿੱਚ ਕੀਤੇ ਵਾਧੇ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਮੁਸੀਬਤ ਵਿੱਚ ਘਿਰੇ ਕਿਸਾਨਾਂ ਦੇ ਜ਼ਖ਼ਮਾਂ ਉੱਤੇ ਇਹ ਲੂਣ ਭੁੱਕਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਭਾਰਤ ਦਾ ਖੇਤੀਬਾੜੀ ਖੇਤਰ ਔਖੇ ਸਮੇਂ ਵਿਚੋਂ ਲੰਘ ਰਿਹਾ ਹੈ ਅਤੇ ਕਿਸਾਨ ਢੁਕਵੀਂ ਐੱਮਐੱਸਪੀ ਲਈ ਅੰਦੋਲਨ ਕਰ ਰਹੇ ਹਨ, ਅਜਿਹੇ ਸਮੇਂ ਭਾਜਪਾ ਦੀ ਅਗਵਾਈ ਵਾਲੀ ਭਾਰਤ ਸਰਕਾਰ ਨੇ ਅੰਨਦਾਤਿਆਂ ਨਾਲ ਕੋਝਾ ਮਜ਼ਾਕ ਕੀਤਾ ਹੈ। ਕਣਕ ਦੀ ਐੱਮਐੱਸਪੀ ਨੂੰ ਪ੍ਰਤੀ ਕੁਇੰਟਲ 2830 ਰੁਪਏ ਨਿਰਧਾਰਤ ਕੀਤੇ ਜਾਣ (ਕੇਂਦਰ ਦੁਆਰਾ ਐਲਾਨੀ 2015 ਰੁਪਏ ਪ੍ਰਤੀ ਕੁਇੰਟਲ ਦੀ ਨਿਗੂਣੀ ਜਿਹੀ ਕੀਮਤ ਦੀ ਥਾਂ) ਦੀ ਮੰਗ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਉਪਭੋਗਤਾਵਾਂ ਨੂੰ ਆਰਥਿਕ ਛੋਟ ਦੇਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇਹ ਰਾਹਤ ਤਾਂ ਉਹ ਪਿਛਲੇ ਕਾਫ਼ੀ ਸਮੇਂ ਤੋਂ ਦਿੰਦੇ ਆ ਰਹੇ ਹਨ।