Breaking News
Home / ਭਾਰਤ / ਹਿੰਸਾ ਨਾਲ ਨਹੀਂ ਮਿਲਦਾ ਕੋਈ ਟੀਚਾ

ਹਿੰਸਾ ਨਾਲ ਨਹੀਂ ਮਿਲਦਾ ਕੋਈ ਟੀਚਾ

71ਵੇਂ ਗਣਤੰਤਰ ਦਿਵਸ ‘ਤੇ ਰਾਸ਼ਟਰਪਤੀ ਦੀ ਨਸੀਹਤ
ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ (ਸੀਏਏ) ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 71ਵੇਂ ਗਣਤੰਤਰ ਦਿਵਸ ਮੌਕੇ ਦੇਸ਼ ਦੇ ਲੋਕਾਂ, ਖ਼ਾਸ ਕਰ ਨੌਜਵਾਨਾਂ ਨੂੰ ਨਸੀਹਤ ਦਿੱਤੀ ਹੈ। ਗਣਤੰਤਰ ਦਿਵਸ ਮੌਕੇ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਕਿਸੇ ਮੁੱਦੇ ਨੂੰ ਲੈ ਕੇ ਅੰਦੋਲਨ ਵਿਚ ਅਹਿੰਸਾ ਦੇ ਰਾਹ ‘ਤੇ ਚੱਲਣਾ ਜ਼ਰੂਰੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਹਿੰਸਾ ਨਾਲ ਕਦੇ ਕੋਈ ਟੀਚਾ ਹਾਸਲ ਨਹੀਂ ਹੁੰਦਾ। ਹਾਲਾਂਕਿ ਸ਼ਨਿਚਰਵਾਰ ਨੂੰ ਸ਼ਾਮ ਸੱਤ ਵਜੇ ਰਾਸ਼ਟਰਪਤੀ ਕੋਵਿੰਦ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਸੀਏਏ ਦਾ ਜ਼ਿਕਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸੰਵਿਧਾਨ ਮੁਤਾਬਕ ਧਰਨਾ, ਪ੍ਰਦਰਸ਼ਨ ਤੇ ਅੰਦੋਲਨ ਕਰਨ ਦਾ ਸਾਰਿਆਂ ਨੂੰ ਹੱਕ ਹੈ। ਸੰਵਿਧਾਨ ਮੁਤਾਬਕ ਚੱਲ ਕੇ ਹੀ ਸਮਾਜਿਕ ਤੇ ਆਰਥਿਕ ਵਿਕਾਸ ਦੇ ਟੀਚਿਆਂ ਨੂੰ ਹਾਸਲ ਕੀਤਾ ਜਾ ਸਕਦਾ ਹੈ। ਕਿਸੇ ਵੀ ਉਦੇਸ਼ ਲਈ ਸੰਘਰਸ਼ ਕਰਨ ਵਾਲੋ ਲੋਕਾਂ ਵਿਸ਼ੇਸ਼ ਕਰ ਕੇ ਨੌਜਵਾਨਾਂ ਨੂੰ ਗਾਂਧੀ ਜੀ ਨੇ ਅਹਿੰਸਾ ਦੇ ਮੰਤਰ ਨੂੰ ਸਦਾ ਚੇਤੇ ਰੱਖਣਾ ਚਾਹੀਦਾ ਹੈ ਜੋ ਕਿ ਮਨੁੱਖਤਾ ਲਈ ਅਣਮੁੱਲਾ ਤੋਹਫ਼ਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਸੰਵਿਧਾਨ ਨੇ ਸਾਨੂੰ ਸਭ ਨੂੰ ਇਕ ਆਜ਼ਾਦ ਲੋਕਤੰਤਰ ਦੇ ਨਾਗਰਿਕ ਦੇ ਰੂਪ ਵਿਚ ਕੁਝ ਅਧਿਕਾਰ ਪ੍ਰਦਾਨ ਕੀਤੇ ਹਨ ਪਰ ਸੰਵਿਧਾਨ ਤਹਿਤ ਹੀ ਸਾਡੇ ਸਾਰਿਆਂ ਦੀਆਂ ਜ਼ਿੰਮੇਵਾਰੀਆਂ ਵੀ ਤੈਅ ਹਨ ਕਿ ਅਸੀਂ ਨਿਆਂ, ਆਜ਼ਾਦੀ ਤੇ ਸਮਾਨਤਾ ਅਤੇ ਭਾਈਚਾਰੇ ਦੇ ਮੂਲ ਲੋਕਤੰਤਰੀ ਆਦਰਸ਼ਾਂ ਪ੍ਰਤੀ ਹਮੇਸ਼ਾ ਵਚਨਬੱਧ ਰਹੀਆਂ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਸੱਤਾ ਤੇ ਵਿਰੋਧੀ ਧਿਰ ਦੋਵਾਂ ਦੀ ਭੂਮਿਕਾ ਮਹੱਤਵਾਪੂਰਨ ਹੁੰਦੀ ਹੈ। ਸਿਆਸੀ ਵਿਚਾਰਾਂ ਦੇ ਪ੍ਰਗਟਾਵੇ ਦੇ ਨਾਲ-ਨਾਲ ਦੇਸ਼ ਦੇ ਸਮੁੱਚੇ ਵਿਕਾਸ ਤੇ ਸਾਰੇ ਦੇਸ਼ਵਾਸੀਆਂ ਦੀ ਭਲਾਈ ਲਈ ਦੋਵਾਂ ਨੂੰ ਮਿਲ-ਜੁਲ ਕੇ ਅੱਗੇ ਵਧਣਾ ਚਾਹੀਦਾ ਹੈ।

ਪੰਜਾਬ ਸਮੇਤ ਦੇਸ਼ ਭਰ ‘ਚ ਗਣਤੰਤਰ ਦਿਵਸ ਧੂਮ ਧਾਮ ਨਾਲ ਮਨਾਇਆ
ਚੰਡੀਗੜ੍ਹ : ਲੰਘੇ ਕੱਲ੍ਹ ਐਤਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਸਮੇਤ ਪੂਰੇ ਭਾਰਤ ਵਿਚ ਗਣਤੰਤਰ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ। ਇਸ ਦੇ ਚੱਲਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜਪਥ ‘ਤੇ ਤਿਰੰਗਾ ਝੰਡਾ ਲਹਿਰਾਇਆ ਅਤੇ ਪਰੇਡ ਕੋਲੋਂ ਸਲਾਮੀ ਲਈ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਹਾਲੀ ਵਿਚ ਸੂਬਾ ਪੱਧਰੀ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪੰਜਾਬ ਦੇ ਮੰਤਰੀਆਂ ਨੇ ਗਣਤੰਤਰ ਦਿਵਸ ਦੇ ਸਮਾਗਮਾਂ ਵਿਚ ਹਾਜ਼ਰੀ ਲਗਵਾਈ। ਉਧਰ ਦੂਜੇ ਪਾਸੇ ਵਾਹਗਾ ਅਤੇ ਅਟਾਰੀ ਸਰਹੱਦ ‘ਤੇ ਵੀ ਬੀ.ਐਸ.ਐਫ. ਵੱਲੋਂ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਸਰਹੱਦ ‘ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਦੇਸ਼ ਵਾਸੀਆਂ ਨੂੂੰ ਵਧਾਈਆਂ ਦਿੱਤੀਆਂ। ਇਸ ਮੌਕੇ ਪਾਕਿਸਤਾਨ ਨਾਲ ਫਿਰ ਤਕਰਾਰਬਾਜ਼ੀ ਦੇ ਚੱਲਦਿਆਂ ਦੋਹਾਂ ਦੇਸ਼ਾਂ ਵਿਚਕਾਰ ਮਠਿਆਈਆਂ ਦਾ ਅਦਾਨ ਪ੍ਰਦਾਨ ਨਹੀਂ ਹੋਇਆ।

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …