Breaking News
Home / ਕੈਨੇਡਾ / ਡਾਊਨ ਟਾਊਨ ਟੋਰਾਂਟੋ ‘ਚ ਹੋਈ ਸਕੋਸੀਆਬੈਂਕ ਵਾਟਰ ਫ਼ਰੰਟ ਮੈਰਾਥਨ ਦੌੜ ਵਿਚ ਦੌੜਾਕਾਂ ਦਾ ਆਇਆ ਹੜ੍ਹ

ਡਾਊਨ ਟਾਊਨ ਟੋਰਾਂਟੋ ‘ਚ ਹੋਈ ਸਕੋਸੀਆਬੈਂਕ ਵਾਟਰ ਫ਼ਰੰਟ ਮੈਰਾਥਨ ਦੌੜ ਵਿਚ ਦੌੜਾਕਾਂ ਦਾ ਆਇਆ ਹੜ੍ਹ

ਟੀ.ਪੀ.ਏ.ਆਰ. ਕਲੱਬ ਦੇ 65 ਮੈਂਬਰਾਂ ਨੇ ਲਿਆ ਇਸ ਵਿਚ ਉਤਸ਼ਾਹ ਨਾਲ ਹਿੱਸਾ
ਕਲੱਬ ਦੇ ਮੈਂਬਰ ਧਿਆਨ ਸਿੰਘ ਸੋਹਲ ਨੇ ਫੁੱਲ ਮੈਰਾਥਨ 3 ਘੰਟੇ 48 ਮਿੰਟ 21 ਸਕਿੰਟ ਵਿਚ ਲਗਾ ਕੇ ਬੋਸਟਨ ਮੈਰਾਥਨ ਲਈ ਕੁਆਲੀਫ਼ਾਈ ਕੀਤਾ
ਬਰੈਂਪਟਨ/ਡਾ. ਝੰਡ : ਹਰ ਸਾਲ ਅਕਤੂਬਰ ਮਹੀਨੇ ਹੋਣ ਵਾਲੀ ਟੋਰਾਂਟੋ ਡਾਊਨ ਟਾਊਨ ਵਿਚ ਹੋਣ ਵਾਲੀ ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ ਦੌੜ ਨਿਰਾ ਜੀ.ਟੀ.ਏ. ਨਿਵਾਸੀਆਂ ਲਈ ਹੀ ਨਹੀਂ, ਸਗੋਂ ਇਹ ਦੂਰ-ਦੂਰ ਤੋਂ ਇਸ ਵਿਚ ਸ਼ਾਮਲ ਹੋਣ ਵਾਲਿਆਂ ਲਈ ਵੀ ਵੱਡੀ ਖਿੱਚ ਦਾ ਕਾਰਨ ਬਣਦੀ ਹੈ। ਹਜ਼ਾਰਾਂ ਦੀ ਗਿਣਤੀ ਵਿਚ 42 ਕਿਲੋ ਮੀਟਰ ਫੁੱਲ-ਮੈਰਾਥਨ ਅਤੇ 21 ਕਿਲੋਮੀਟਰ ਹਾਫ਼-ਮੈਰਾਥਨ ਲਾਉਣ ਵਾਲੇ ਲੰਮੀ ਦੌੜ ਦੇ ਦੌੜਾਕਾਂ ਤੋਂ ਇਲਾਵਾ ਬਹੁਤ ਸਾਰੇ ਹੋਰ ਹਜ਼ਾਰਾਂ ਦੀ ਗਿਣਤੀ ਵਿਚ ਇਸ ਵਿਚ 5 ਕਿਲੋਮੀਟਰ ਦੀ ਸ਼ੁਗਲੀਆ ਦੌੜ ਲਗਾਉਂਦੇ ਹਨ। ਪ੍ਰਬੰਧਕਾਂ ਅਨੁਸਾਰ ਇਸ ਸਾਲ ਇਸ ਦੌੜ ਵਿਚ ਸ਼ਾਮਲ ਹੋਣ ਲਈ 70 ਦੇਸ਼ਾਂ ਤੋਂ 26,000 ਤੋਂ ਵਧੇਰੇ ਲੋਕਾਂ ਨੇ ਇਸ ਦੇ ਲਈ ਬਾ-ਕਾਇਦਾ ਆਨ-ਲਾਈਨ ਰਜਿਸਟ੍ਰੇਸ਼ਨ ਕਰਵਾਈ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਹੋਰ ਇਸ ਤੋਂ ਬਿਨਾਂ ਵੀ ਇਸ ਵਿਚ ਸ਼ਾਮਲ ਹੋਏ।
ਪਿਛਲੇ ਕਈ ਸਾਲਾਂ ਵਾਂਗ ਇਸ ਵਾਰ ਟੀ.ਪੀ.ਏ.ਆਰ. ਕਲੱਬ ਦੇ 65 ਮੈਂਬਰਾਂ ਨੇ ਵਿਚ ਇਸ ਈਵੈਂਟ ਵਿਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ‘ਏਅਰਫ਼ਲਾਈਟ ਸਰਵਿਸਿਜ’ ਜੋ ਇਸ ਮੈਰਾਥਨ ਦੌੜ ਦੇ ਸਪਾਂਸਰਾਂ ਵਿੱਚੋਂ ਇਕ ਹੈ, ਵੱਲੋਂ ਕਲੱਬ ਨੂੰ ਮੁਹੱਈਆ ਕੀਤੀਆਂ ਗਈਆਂ ਨੀਲੀਆਂ ਟੀ-ਸ਼ਰਟਾਂ ਅਤੇ ਕੇਸਰੀ ਦਸਤਾਰਾਂ ਪਹਿਨੀ ਉਹ ਸਵੇਰੇ 6.30 ਵਜੇ ਏਅਰਪੋਰਟ ਰੋਡ ਤੇ ਬੋਵੇਰਡ ਦੇ ਇੰਟਰਸੈੱਕਸ਼ਨ ਨੇੜਲੇ ਪਲਾਜ਼ੇ ਦੀ ਪਾਰਕਿੰਗ ਵਿਚ ਇਕੱਠੇ ਹੋ ਗਏ ਅਤੇ ਇਕ ਸਕੂਲ ਬੱਸ ਵਿਚ ਸਵਾਰ ਹੋ ਕੇ ਡਾਊਨਟਾਊਨ ਲਈ ਰਵਾਨਾ ਹੋਏ। ਰਸਤੇ ਵਿਚ ਹਲਕੇ ਬਰੇਕਫ਼ਾਸਟ ਲਈ ਉਹ ਕੁਝ ਸਮੇਂ ਲਈ ਮਨਜੀਤ ਸਿੰਘ ਦੇ ਘਰ ਵਿਖੇ ਰੁਕੇ। ਕਈ ਮੈਂਬਰ ਆਪੋ ਆਪਣੇ ਸਾਧਨਾਂ ਰਾਹੀਂ ਸਿੱਧੇ ਹੀ ਡਾਊਨਟਾਊਨ ਪਹੁੰਚੇ।
ਪ੍ਰਬੰਧਕਾਂ ਵੱਲੋਂ ਡਾਊਨਟਾਊਨ ਵਿਖੇ ਯੂਨੀਵਰਸਿਟੀ ਐਵੀਨਿਊ ਤੇ ਕੁਈਨ ਵੈੱਸਟ ਇੰਟਰਸੈੱਕਸ਼ਨ ਦੇ ਨੇੜੇ ਇਸ ਮਹਾਨ ਈਵੈਂਟ ਦਾ ਸ਼ਾਨਦਾਰ ਸਟਾਰਟਿੰਗ-ਪੁਆਇੰਟ ਬਣਾਇਆ ਗਿਆ ਸੀ। ਇਸ ਦੌੜ ਵਿਚ ਸ਼ਾਮਲ ਹੋਣ ਵਾਲੇ ਦੌੜਾਕ ਸਵੇਰੇ ਅੱਠ ਵਜੇ ਹੀ ਯੂਨੀਵਰਸਿਟੀ ਐਵੀਨਿਊ ਉੱਪਰ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਇਸ ਈਵੈਂਟ ਲਈ ਪਹਿਲਾਂ ਤੋਂ ਹੋਈ ਔਨ-ਲਾਈਨ ਰਜਿਸਟ੍ਰੇਸ਼ਨ ਅਨੁਸਾਰ ਦੌੜਨ ਵਾਲੇ ਆਪੋ-ਆਪਣੇ ਗਰੁਪਾਂ ਲਈ ਨਿਸ਼ਚਤ ਹੋਈਆਂ ਥਾਵਾਂ ਉੱਪਰ ਖੜੇ ਹੋ ਗਏ ਜਿਨ੍ਹਾਂ ਦਾ ਲਾਲ, ਨੀਲੇ ਪੀਲੇ, ਹਰੇ ਅਤੇ ਜਾਮਨੀ ਰੰਗਾਂ ਦੇ ਝੰਡਿਆਂ ਨਾਲ ਵੱਖਰੇਵਾਂ ਕੀਤਾ ਗਿਆ ਸੀ। ਪਹਿਲਾਂ ਹੀ ਨਿਸਚਿਤ ਹੋਏ ਪ੍ਰੋਗਰਾਮ ਅਨੁਸਾਰ ਫੁੱਲ ਮੈਰਾਥਨ ਦਾ ਪਹਿਲਾ ਗਰੁੱਪ ਸਵੇਰੇ 8-45 ਵਜੇ ਰਵਾਨਾ ਕੀਤਾ ਗਿਆ ਅਤੇ ਇਸ ਤੋਂ ਬਾਅਦ 5-5 ਮਿੰਟਾਂ ਦੇ ਵਕਫ਼ੇ ਨਾਲ ਬਾਕੀ ਗਰੁੱਪਾਂ ਨੂੰ ਹਰੀ ਝੰਡੀ ਦਿੱਤੀ ਗਈ। ਹਰੇਕ ਗਰੁੱਪ ਦੇ ਸਟਾਰਟ ਹੋਣ ਸਮੇਂ ਸਾਇਰਨ ਵੱਜਦਿਆਂ ਹੀ ਉਸ ਗਰੁੱਪ ਨਾਲ ਸਬੰਧਿਤ ਰੰਗਾਂ ਲਾਲ, ਪੀਲੇ, ਨੀਲੇ, ਹਰੇ ਤੇ ਜਾਮਨੀ ਫੁੱਲ-ਪੱਤੀਆਂ ਦੀ ਮਸ਼ੀਨੀ-ਵਰਖਾ ਕੀਤੀ ਗਈ ਜੋ ਬੜਾ ਮਨ-ਮੋਹਕ ਦ੍ਰਿਸ਼ ਪੇਸ਼ ਕਰ ਰਹੀ ਸੀ। ਫੁੱਲ ਮੈਰਾਥਨ ਦੇ ਦੁਨੀਆਂ ਸੱਭ ਤੋਂ ਤੇਜ਼ ਅਫ਼ਰੀਕੀ-ਮੂਲ ਦੇ ਦੌੜਾਕਾਂ ਕਿਪਰੂਟੋ ਬੈੱਨਸਨ, ਸੁਲੇ ਅਗਸਟੀਨੋ ਅਤੇ ਕੈਂਡੀ ਫ਼ੈਲਿਕਸ ਇਹ ਦੌੜ ਕ੍ਰਮਵਾਰ 2 ਘੰਟੇ, 7 ਮਿੰਟ, 24 ਸਕਿੰਟ, 2 ਘੰਟੇ 7 ਮਿੰਟ 46 ਸਕਿੰਟ ਅਤੇ 2 ਘੰਟੇ 8 ਮਿੰਟ ਅਤੇ 30 ਸਕਿੰਟ ਵਿਚ ਸਮਾਪਤ ਕਰਕੇ ਪਹਿਲੇ, ਦੂਸਰੇ ਅਤੇ ਤੀਸਰੇ ਨੰਬਰ ‘ਤੇ ਰਹੇ, ਜਦ ਕਿ ਪੰਜਾਬੀ ਕਮਿਊਨਿਟੀ ਅਤੇ ਟੀ.ਪੀ.ਏ.ਆਰ.ਕਲੱਬ ਦੇ ਮੈਂਬਰਾਂ ਲਈ ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਇਸ ਕਲੱਬ ਦੇ ਮੈਂਬਰ ਧਿਆਨ ਸਿੰਘ ਸੋਹਲ ਨੇ ਇਹ ਦੌੜ 3 ਘੰਟੇ 48 ਮਿੰਟ ਅਤੇ 21 ਸਕਿੰਟ ਵਿਚ ਸਫ਼ਲਤਾ-ਪੂਰਵਕ ਪੂਰੀ ਕਰਕੇ ਅਮਰੀਕਾ ਦੇ ਸ਼ਹਿਰ ਬੋਸਟਨ ਵਿਚ ਹੋਣ ਵਾਲੀ ਮੈਰਾਥਨ ਦੌੜ ਵਿਚ ਸ਼ਾਮਲ ਹੋਣ ਲਈ ਆਪਣੀ ਥਾਂ ਪੱਕੀ ਕਰ ਲਈ ਹੈ।
ਏਸੇ ਤਰ੍ਹਾਂ 21 ਕਿਲੋਮੀਟਰ ਹਾਫ਼-ਮੈਰਾਥਨ ਵਿਚ ਵੀ ਅਫ਼ਰੀਕੀ ਮੂਲ ਦੇ ਦੌੜਾਕਾਂ ਵਿੱਲ ਨੌਰਿਸ, ਕ੍ਰਿਸ ਬੇਟਸਟਰਿਨੀ ਅਤੇ ਲੀ ਵੈਸੀਲੀਅਸ ਦੀ ਝੰਡੀ ਰਹੀ ਜਿਨ੍ਹਾਂ ਨੇ ਇਹ ਦੌੜ ਕ੍ਰਮਵਾਰ 1 ਘੰਟਾ 5 ਮਿੰਟ 30 ਸਕਿੰਟ, 1-05-46 ਅਤੇ 1-07-20 ਵਿਚ ਲਗਾਈ। ਟੀ.ਪੀ.ਏ.ਆਰ. ਕਲੱਬ ਦੇ ਬਾਕੀ ਮੈਂਬਰ 21 ਕਿਲੋਮੀਟਰ ਹਾਫ਼-ਮੈਰਾਥਨ ਲਈ ਦੌੜੇ ਅਤੇ ਉਨ੍ਹਾਂ ਵਿੱਚੋਂ ਨਿਰਮਲ ਗਿੱਲ ਨੇ ਇਹ ਦੌੜ 2 ਘੰਟੇ 2 ਮਿੰਟ, ਕੁਲਦੀਪ ਗਿੱਲ ਨੇ 2 ਘੰਟੇ 4 ਮਿੰਟ, ਤੇ ਧਰਮ ਸਿੰਘ ਨੇ 2 ਘੰਟੇ 6 ਮਿੰਟ, ਗੁਰਜੀਤ ਲੋਟੇ ਨੇ 2 ਘੰਟੇ 8 ਮਿੰਟ, ਬਲਦੇਵ ਰਹਿਪਾ ਨੇ 2 ਘੰਟੇ 11 ਮਿੰਟ, ਜਸਵੀਰ ਪਾਸੀ ਤੇ ਮਹਿੰਦਰ ਘੋਮਾਣ ਨੇ 2 ਘੰਟੇ 18 ਮਿੰਟ, ਬਲਕਾਰ ਸਿੰਘ ਹੇਅਰ ਨੇ 2 ਘੰਟੇ 36 ਮਿੰਟ, ਗੁਰਮੇਜ ਰਾਏ ਨੇ 2 ਘੰਟੇ 41 ਮਿੰਟ ਦਾ ਸਮਾਂ ਲਿਆ ਅਤੇ ਕੇਸਰ ਸਿੰਘ ਬੜੈਚ ਨੇ ਇਹ 2 ਘੰਟੇ 44 ਮਿੰਟ ਵਿਚ ਸਮਾਪਤ ਕੀਤੀ।
ਇਸ ਤਰ੍ਹਾਂ ਗੁਰਮੇਜ ਰਾਏ ਅਤੇ ਕੇਸਰ ਬੜੈਚ ਨੇ ਜਿੱਥੇ ਆਪਣੇ ਪਿਛਲੇ ਰਿਕਾਰਡ ਵਿਚ ਕ੍ਰਮਵਾਰ 15 ਮਿੰਟ ਅਤੇ 2 ਮਿੰਟ ਦਾ ਸੁਧਾਰ ਕੀਤਾ, ਉੱਥੇ ਉਹ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨਾਲ ਲਗਾਈ ਸ਼ਰਤ ਜਿੱਤਣ ਵਿਚ ਅਸਫ਼ਲ ਰਹੇ। ਇਸ ਦੌੜ ਵਿਚ ਭਾਗ ਲੈਣ ਵਾਲੀ ਇਕੋ-ਇਕ ਕਲੱਬ ਦੀ ਇੱਕ ਮਹਿਲਾ ਦੌੜਾਕ ਪ੍ਰਦੀਪ ਪਾਸੀ ਵੱਲੋੇਂ ਇਹ 2 ਘੰਟੇ 27 ਮਿੰਟ ਵਿਚ ਪੂਰੀ ਕਰਕੇ ਆਪਣੇ ਪਿਛਲੇ ਸਮੇਂ ਵਿਚ 6 ਮਿੰਟਾਂ ਦਾ ਸੁਧਾਰ ਕੀਤਾ ਗਿਆ। ਕਲੱਬ ਦੀ ਇਕ ਹੋਰ ਮੈਂਬਰ ਨਰਿੰਦਰ ਕੌਰ ਹੇਅਰ ਨੇ ਪੰਜ ਕਿਲੋਮੀਟਰ ਸ਼ੁਗਲੀਆ ਦੌੜ ਵਿਚ ਹਿੱਸਾ ਲਿਆ। ਬਲਕਾਰ ਸਿੰਘ ਖਾਲਸਾ ਜਿਨ੍ਹਾਂ ਨੇ ਇਹ ਦੌੜ 2 ਘੰਟੇ 36 ਮਿੰਟਾਂ ਵਿਚ ਸੰਪੰਨ ਕੀਤੀ, ਨੇ ਇਸ ਦੇ ਬਾਰੇ ਦੱਸਦਿਆਂ ਕਿਹਾ ਕਿ ਉਹ ਆਪਣੀ ਇਹ ਹਾਫ਼-ਮੈਰਾਥਨ ਦੌੜ ਬਰਗਾੜੀ ਮੋਰਚੇ ਦੇ ਸ਼ਹੀਦਾਂ ਨੂੰ ਸਮੱਰਪਿਤ ਕਰਦੇ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …