ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਖਿਆ ਲੇਜ਼ਰ ਸ਼ੋਅ, ਕਿਹਾ-ਜਿੱਤ ਹਮੇਸ਼ਾ ਰਾਮ ਰੂਪੀ ਸਦਾਚਾਰ ਦੀ ਹੁੰਦੀ ਹੈ
ਅਯੁੱਧਿਆ /ਬਿਊਰੋ ਨਿਊਜ਼ : ਲੰਘੀ ਦੇਰ ਰਾਤ ਸ੍ਰੀ ਰਾਮ ਦੀ ਜਨਮ ਭੂਮੀ ਅਯੁੱਧਿਆ ’ਚ 15 ਲੱਖ 76 ਹਜ਼ਾਰ ਰਿਕਾਰਡ ਦੀਵੇ ਜਗਾਏ ਗਏ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਾਜ਼ਰ ਰਹੇ ਅਤੇ ਉਹ 4 ਘੰਟੇ ਤੱਕ ਇਥੇ ਹੀ ਰਹੇ। ਅਯੁੱਧਿਆ ਪਹੁੰਚੇ ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਰਾਮਲੱਲਾ ਦੇ ਦਰਸ਼ਨ ਕੀਤੇ ਅਤੇ ਆਰਤੀ ਉਤਾਰੀ। ਪਰਿਕਰਮਾ ਕੀਤੀ ਅਤੇ ਪਹਿਲਾ ਦੀਵਾ ਜਗਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਛੇਵੇਂ ਦੀਪ ਸਮਾਰੋਹ ਉਤਸਵ’ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਰਾਮ ਕਥਾ ਪਾਰਕ ਪਹੁੰਚੇ, ਜਿੱਥੇ ਉਨ੍ਹਾਂ ਸ੍ਰੀ ਰਾਮ ਨੂੰ ਤਿਲਕ ਕੇ ਰਾਜਅਭਿਸ਼ੇਕ ਕੀਤਾ। ਇਥੋਂ ਪ੍ਰਧਾਨ ਮੰਤਰੀ ਰਾਮ ਕੀ ਪੌੜੀ ਪਹੁੰਚੇ ਅਤੇ ਆਰਤੀ ’ਚ ਸ਼ਾਮਲ ਹੋਏ, ਫਿਰ ਉਨ੍ਹਾਂ 26 ਮਿੰਟ ਤੱਕ ਲੇਜ਼ਰ ਸ਼ੋਅ ਦੇ ਮਾਧਿਅਮ ਨਾਲ ਰਮਾਇਣ ਕਥਾ ਦਾ ਮੰਚਨ ਅਤੇ ਆਤਿਸ਼ਬਾਜ਼ੀ ਦਾ ਨਜ਼ਾਰਾ ਵੀ ਦੇਖਿਆ। ਆਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਮਰਿਆਦਾ ਪ੍ਰਸ਼ੋਤਮ ਸ੍ਰੀਰਾਮ ਸਬੰਧੀ ਗੱਲਬਾਤ ਕੀਤੀ।