Breaking News
Home / ਭਾਰਤ / ਸ਼ਸ਼ੀ ਥਰੂਰ ਬਣ ਸਕਦੇ ਹਨ ਕਾਂਗਰਸ ਦੇ ਪ੍ਰਧਾਨ

ਸ਼ਸ਼ੀ ਥਰੂਰ ਬਣ ਸਕਦੇ ਹਨ ਕਾਂਗਰਸ ਦੇ ਪ੍ਰਧਾਨ

ਥਰੂਰ ਤੇ ਗਹਿਲੋਤ ‘ਚ ਹੋਵੇਗਾ ਮੁਕਾਬਲਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪ੍ਰਧਾਨ ਦੀ ਚੋਣ ਨੂੰ ਲੈ ਕੇ ਪਾਰਟੀ ਅੰਦਰ ਹਲਚਲ ਚੱਲ ਰਹੀ ਹੈ। ਅਗਲੇ ਮਹੀਨੇ 17 ਅਕਤੂਬਰ ਨੂੰ ਹੋਣ ਵਾਲੀ ਕਾਂਗਰਸ ਪ੍ਰਧਾਨ ਦੀ ਚੋਣ ਲਈ ਮੁੱਖ ਮੁਕਾਬਲਾ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਰਮਿਆਨ ਹੋਣ ਦੇ ਆਸਾਰ ਹਨ। ਥਰੂਰ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਵੀ ਕੀਤੀ ਹੈ ਤੇ ਸੂਤਰਾਂ ਮੁਤਾਬਕ ਸੋਨੀਆ ਗਾਂਧੀ ਨੇ ਥਰੂਰ ਨੂੰ ਕਾਂਗਰਸ ਪ੍ਰਧਾਨ ਦੀ ਚੋਣ ਲੜਨ ਲਈ ਹਰੀ ਝੰਡੀ ਵੀ ਦੇ ਦਿੱਤੀ ਹੈ। ਸੋਨੀਆ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਉਹ ਇਨ੍ਹਾਂ ਚੋਣਾਂ ਦੌਰਾਨ ‘ਨਿਰਪੱਖ’ ਰਹਿਣਗੇ। ਪਾਰਟੀ ਵਿਚਲੇ ਸੂਤਰਾਂ ਦੀ ਮੰਨੀਏ ਤਾਂ ਗਾਂਧੀ ਪਰਿਵਾਰ ਦੇ ਅਤਿ ਨਜ਼ਦੀਕੀ ਅਸ਼ੋਕ ਗਹਿਲੋਤ ਨੂੰ ਥਰੂਰ ਦੇ ਮੁਕਾਬਲੇ ਵਿੱਚ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। ਮਿਲੀ ਜਾਣਕਾਰੀ ਮੁਤਾਬਕ ਗਹਿਲੋਤ 26 ਸਤੰਬਰ ਨੂੰ ਆਪਣੇ ਨਾਮਜ਼ਦਗੀ ਦਾਖ਼ਲ ਕਰਨਗੇ। ਚੇਤੇ ਰਹੇ ਕਿ ‘ਭਾਰਤ ਜੋੜੋ ਯਾਤਰਾ’ ਵਿੱਚ ਰੁੱਝੇ ਸੀਨੀਅਰ ਕਾਂਗਰਸ ਵੱਲੋਂ ਪ੍ਰਧਾਨਗੀ ਦੀ ਚੋਣ ਲੜਨ ਤੋਂ ਲਗਾਤਾਰ ਆਨਾਕਾਨੀ ਕੀਤੀ ਜਾ ਰਹੀ ਹੈ। ਉਧਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪਾਰਟੀ ਪ੍ਰਧਾਨ ਲਈ ਆਪਣੀ ਉਮੀਦਵਾਰੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਇਹ ਚੋਣ ਲੜਨ ਵਾਸਤੇ ਰਾਹੁਲ ਗਾਂਧੀ ਨੂੰ ਮਨਾਉਣ ਦੀ ਕੋਸ਼ਿਸ਼ ਕਰਨਗੇ।
ਰਾਹੁਲ ਨੂੰ ਕਾਂਗਰਸ ਪ੍ਰਧਾਨ ਬਣਾਉਣ ਲਈ ਪੰਜ ਰਾਜਾਂ ‘ਚ ਮਤਾ ਪਾਸ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਜਸਥਾਨ, ਗੁਜਰਾਤ, ਛੱਤੀਸਗੜ੍ਹ ਤੋਂ ਬਾਅਦ ਬਿਹਾਰ ਅਤੇ ਤਾਮਿਲਨਾਡੂ ਕਾਂਗਰਸ ਕਮੇਟੀ ਨੇ ਵੀ ਰਾਹੁਲ ਗਾਂਧੀ ਨੂੰ ਪਾਰਟੀ ਦੀ ਕਮਾਨ ਸੌਂਪਣ ਦੇ ਸਬੰਧ ਵਿਚ ਮਤਾ ਪਾਸ ਕੀਤਾ ਹੈ। ਕਾਂਗਰਸ ਪ੍ਰਧਾਨ ਦੀ ਚੋਣ ਲਈ ਆਉਂਦੀ 23 ਸਤੰਬਰ ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ, ਜਦਕਿ 17 ਅਕਤੂਬਰ ਨੂੰ ਚੋਣ ਹੋਣੀ ਹੈ। ਹਾਲਾਂਕਿ, ਪਾਰਟੀ ਅੰਦਰ ਹੁਣ ਤੱਕ ਕਿਸੇ ਇਕ ਨਾਮ ਨੂੰ ਲੈ ਕੇ ਸਹਿਮਤੀ ਨਹੀਂ ਬਣੀ ਹੈ। ਧਿਆਨ ਰਹੇ ਕਿ ਪਿਛਲੇ ਦਿਨੀਂ ਇਕ ਪ੍ਰੈਸ ਕਾਨਫਰੰਸ ਵਿਚ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਚੋਣਾਂ ਤੋਂ ਬਾਅਦ ਮੈਂ ਤੁਹਾਨੂੰ ਇਸ ਸਬੰਧੀ ਜਵਾਬ ਦਿਆਂਗਾ।
24 ਸਾਲਾਂ ਬਾਅਦ ਕਿਸੇ ਗੈਰ-ਗਾਂਧੀ ਨੂੰ ਮਿਲੇਗੀ ਕਾਂਗਰਸ ਦੀ ਕਮਾਨ
ਨਵੀਂ ਦਿੱਲੀ : ਕਾਂਗਰਸ ਵਿਚ ਨਵੇਂ ਪ੍ਰਧਾਨ ਦੇ ਨਾਵਾਂ ਨੂੰ ਲੈ ਕੇ ਸਿਆਸੀ ਅਟਕਲਾਂ ਤੇਜ਼ ਹੋ ਗਈਆਂ ਹਨ। ਇਸੇ ਦੌਰਾਨ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਰਾਹੁਲ ਗਾਂਧੀ ਨਾਮਜ਼ਦਗੀਆਂ ਦੌਰਾਨ ਭਾਰਤ ਜੋੜੇ ਯਾਤਰਾ ‘ਤੇ ਰਹਿਣਗੇ ਅਤੇ ਉਹ ਦਿੱਲੀ ਨਹੀਂ ਜਾਣਗੇ। ਰਮੇਸ਼ ਦੇ ਇਸ ਬਿਆਨ ਤੋਂ ਬਾਅਦ ਇਹ ਤੈਅ ਹੋ ਗਿਆ ਹੈ ਕਿ ਰਾਹੁਲ ਪਾਰਟੀ ਦੇ ਪ੍ਰਧਾਨ ਅਹੁਦੇ ਦੀ ਕਮਾਨ ਨਹੀਂ ਸੰਭਾਲਣਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਰਾਹੁਲ ਗਾਂਧੀ 23 ਸਤੰਬਰ ਨੂੰ ਭਾਰਤ ਯਾਤਰਾ ਤੋਂ ਬਰੇਕ ਲੈ ਕੇ ਦਿੱਲੀ ਪਹੁੰਚਣਗੇ ਅਤੇ ਆਪਣੀ ਮਾਂ ਸੋਨੀਆ ਗਾਂਧੀ ਨੂੰ ਵੀ ਮਿਲਣਗੇ। ਕਾਂਗਰਸ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀਆਂ 24 ਸਤੰਬਰ ਤੋਂ 30 ਸਤੰਬਰ ਤੱਕ ਹੋਣੀਆਂ ਹਨ ਅਤੇ ਇਸ ਦੌਰਾਨ ਰਾਹੁਲ ਭਾਰਤ ਜੋੜੋ ਯਾਤਰਾ ‘ਤੇ ਹੀ ਰਹਿਣਗੇ ਅਤੇ ਉਹ ਦਿੱਲੀ ਨਹੀਂ ਜਾਣਗੇ। ਇਨ੍ਹਾਂ ਸਾਰੀਆਂ ਗੱਲਾਂ ਤੋਂ ਸਪੱਸ਼ਟ ਹੈ ਕਿ ਹੁਣ 24 ਸਾਲਾਂ ਬਾਅਦ ਕਿਸੇ ਗੈਰ-ਗਾਂਧੀ ਕੋਲ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਜਾਏਗੀ।

Check Also

ਸੁਪਰੀਮ ਕੋਰਟ ਨੇ ਰਾਮਦੇਵ, ਬਾਲਕ੍ਰਿਸ਼ਨ ਤੇ ਪਤੰਜਲੀ ਖਿਲਾਫ਼ ਮਾਣਹਾਨੀ ਦੇ ਨੋਟਿਸ ’ਤੇ ਫੈਸਲਾ ਰੱਖਿਆ ਰਾਖਵਾਂ

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਕੋਰਟ ਨੇ ਹਲਫਨਾਮਾ ਦਾਇਰ ਕਰਨ ਦੇ ਦਿੱਤੇ ਹੁਕਮ ਨਵੀਂ ਦਿੱਲੀ/ਬਿਊਰੋ ਨਿਊਜ਼ …