46 ਵਿਅਕਤੀਆਂ ਦੀ ਹੋਈ ਮੌਤ, 50 ਤੋਂ ਵੱਧ ਵਿਅਕਤੀ ਹੋਏ ਜ਼ਖਮੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦੱਖਣੀ ਤਾਇਵਾਨ ਦੀ ਇਕ 13 ਮੰਜ਼ਿਲਾ ਰਿਹਾਇਸ਼ ਇਮਾਰਤ ’ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਵਿਚ 46 ਵਿਅਕਤੀਆਂ ਦੀ ਜਾਨ ਚਲ ਗਈ ਹੈ ਜਦਕਿ 50 ਤੋਂ ਵੱਧ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਕਾਓਸ਼ੁੰਗ ਸ਼ਹਿਰ ਦੇ ਫਾਇਰ ਬਿ੍ਰਗੇਡ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਸਵੇਰੇ 3 ਵਜੇ ਦੇ ਕਰੀਬ ਲੱਗੀ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਇਸਨੇ ਕਾਫੀ ਖੇਤਰ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਬਿਲਡਿੰਗ ਵਿਚ ਮੌਜੂਦ ਲੋਕਾਂ ਨੂੰ ਸੋਚਣ-ਸਮਝਣ ਦਾ ਮੌਕਾ ਹੀ ਨਹੀਂ ਮਿਲਿਆ। ਫਾਇਰ ਬਿ੍ਰਗੇਡ ਦੇ ਅਧਿਕਾਰੀ ਬਚਾਅ ਮੁਹਿੰਮ ’ਚ ਜੁਟੇ ਹੋਏ ਹਨ। ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਇਥੇ ਮੌਜੂਦ ਕੁੱਝ ਵਿਅਕਤੀਆਂ ਦਾ ਕਹਿਣਾ ਹੈ ਕਿ ਸਵੇਰੇ ਲਗਭਗ ਤਿੰਨ ਵਜੇ ਇਕ ਧਮਾਕੇ ਦੀ ਅਵਾਜ਼ ਸੁਣਾਈ ਦਿੱਤੀ ਸੀ, ਜਿਸ ਤੋਂ ਬਾਅਦ ਅੱਗ ਦੀਆਂ ਤੇਜ਼ ਲਪਟਾਂ ਦਿਖਾਈ ਦੇਣ ਲੱਗੀਆਂ। ਸਥਾਨਕ ਪ੍ਰਸ਼ਾਸਨ ਦੇ ਅਧਿਕਾਰਤ ਬਿਆਨ ਅਨੁਸਾਰ ਇਹ ਇਮਾਰਤ 40 ਸਾਲ ਪੁਰਾਣੀ ਹੈ, ਜਿਸਦੀਆਂ ਹੇਠਲੀਆਂ ਮੰਜ਼ਿਲਾਂ ’ਤੇ ਦੁਕਾਨਾਂ ਅਤੇ ਉਪਰ ਅਪਾਰਟਮੈਂਟ ਹਨ।