0.5 C
Toronto
Wednesday, January 7, 2026
spot_img
Homeਭਾਰਤਕਾਂਗਰਸ ਦੇ 63 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ

ਕਾਂਗਰਸ ਦੇ 63 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਆਏ ਨਤੀਜਿਆਂ ‘ਚ ਕਾਂਗਰਸ ਦੀ ਹਾਲਤ ਪਿਛਲੀਆਂ 2015 ਦੀਆਂ ਵਿਧਾਨ ਸਭਾ ਚੋਣਾਂ ਵਰਗੀ ਹੀ ਰਹੀ ਤੇ ਪਾਰਟੀ ਇਸ ਵਾਰ ਵੀ ਕਿਸੇ ਹਲਕੇ ਵਿੱਚ ਜਿੱਤ ਪ੍ਰਾਪਤ ਨਹੀਂ ਕਰ ਸਕੀ। ਸ਼ੀਲਾ ਦੀਕਸ਼ਤ ਦੀ ਅਗਵਾਈ ਹੇਠ ਦਿੱਲੀ ‘ਚ 15 ਸਾਲ ਲਗਾਤਾਰ ਸਰਕਾਰ ਚਲਾਉਣ ਵਾਲੀ ਕਾਂਗਰਸ ਦੇ 63 ਉਮੀਦਵਾਰ ਆਪਣੀ ਜ਼ਮਾਨਤਾਂ ਵੀ ਨਹੀਂ ਬਚਾ ਸਕੇ। ਕਾਂਗਰਸ ਨੂੰ ਕੁੱਲ ਪਈਆਂ ਵੋਟਾਂ ‘ਚੋਂ ਪੰਜ ਫ਼ੀਸਦ ਤੋਂ ਵੀ ਘੱਟ ਵੋਟਾਂ ਮਿਲੀਆਂ ਹਨ। ਸਿਰਫ਼ ਗਾਂਧੀ ਨਗਰ ਤੋਂ ਅਰਵਿੰਦਰ ਸਿੰਘ ਲਵਲੀ, ਬਾਦਲੀ ਤੋਂ ਦੇਵੇਂਦਰ ਯਾਦਵ ਤੇ ਕਸਤੂਰਬਾ ਨਗਰ ਤੋਂ ਅਭਿਸ਼ੇਕ ਦੱਤ ਹੀ ਜ਼ਮਾਨਤਾਂ ਬਚਾਉਣ ‘ਚ ਸਫ਼ਲ ਹੋ ਸਕੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੁਲਾਈ ਵਿਚ ਦੀਕਸ਼ਿਤ ਦਾ ਦੇਹਾਂਤ ਹੋ ਗਿਆ ਸੀ ਤੇ ਚੋਣਾਂ ਵਿਚ ਕਾਂਗਰਸ ਕੋਲ ਕੋਈ ਭਰੋਸੇਯੋਗ ਚਿਹਰਾ ਹੀ ਨਹੀਂ ਸੀ। ਦੋ ਧਰੁਵੀ ਮੁਕਾਬਲਾ ਸਿਰਫ਼ ‘ਆਪ’ ਤੇ ‘ਭਾਜਪਾ’ ਵਿਚਾਲੇ ਹੀ ਹੋ ਨਿੱਬੜਿਆ। ਕਾਂਗਰਸ ਦੀ ਜ਼ਿਆਦਾਤਰ ਚੋਣ ਮੁਹਿੰਮ ਦੀਕਸ਼ਤ ਕਾਰਜਕਾਲ ਦੇ ਕੰਮਾਂ ‘ਤੇ ਹੀ ਕੇਂਦਰਤ ਸੀ, ਪਰ ਇਹ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕੀ। ਕਾਂਗਰਸੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪਾਰਟੀਆਂ ਸੂਬਿਆਂ ‘ਚ ਲੋਕਾਂ ਵੱਲੋਂ ਆਗੂ ‘ਚ ਭਰੋਸਾ ਜ਼ਾਹਿਰ ਕਰਨ ‘ਤੇ ਹੀ ਜਿੱਤ ਰਹੀਆਂ ਹਨ।
ਨਿਰਾਸ਼ ਹੋਏ ਮੋਦੀ ਤੇ ਰਾਹੁਲ ਨੇ ਕੇਜਰੀਵਾਲ ਨੂੰ ਦਿੱਤੀ ਵਧਾਈ
ਨਵੀਂ ਦਿੱਲੀ : ਦਿੱਲੀ ਵਿਚ ਹੋਈ ਹਾਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਆਮ ਆਦਮੀ ਪਾਰਟੀ ਨੂੰ ਜਿੱਤ ਮਿਲਣ ‘ਤੇ ਵਧਾਈ ਦਿੱਤੀ ਹੈ। ਮੋਦੀ ਨੇ ਅਰਵਿੰਦ ਕੇਜਰੀਵਾਲ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣ ਵਿਚ ਜਿੱਤ ਲਈ ਆਮ ਆਦਮੀ ਪਾਰਟੀ ਨੂੰ ਵਧਾਈ। ਉਨ੍ਹਾਂ ਕੇਜਰੀਵਾਲ ਨੂੰ ਦਿੱਲੀ ਦੇ ਲੋਕਾਂ ਦੀਆਂ ਇਛਾਵਾਂ ਪੂਰੀਆਂ ਕਰਨ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਇਸੇ ਦੌਰਾਨ ਭਾਜਪਾ ਨੇ ਦਿੱਲੀ ‘ਚ ਆਪਣੀ ਹਾਰ ਨੂੰ ਸਵੀਕਾਰ ਕਰ ਲਿਆ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ ਨੇ ਟਵੀਟ ਕਰਕੇ ਕਿਹਾ ਕਿ ਭਾਜਪਾ ਲੋਕਾਂ ਦੇ ਫ਼ਤਵੇ ਨੂੰ ਸਵੀਕਾਰ ਕਰਦੀ ਹੈ ਅਤੇ ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਵਧਾਈ ਵੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਇੱਕ ਜ਼ਿੰਮੇਵਾਰ ਵਿਰੋਧੀ ਧਿਰ ਦੇ ਰੂਪ ਆਪਣੀ ਭੂਮਿਕਾ ਨਿਭਾਵਾਂਗੇ ਅਤੇ ਵਿਧਾਨ ਸਭਾ ‘ਚ ਜਨਤਾ ਦੇ ਮੁੱਦਿਆਂ ਨੂੰ ਚੁੱਕਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਜਨਤਾ ਦੇ ਵਿਕਾਸ ਲਈ ਕੰਮ ਕਰੇਗੀ। ਉਧਰ ਦੂਜੇ ਪਾਸੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਪੰਜਾਬ ‘ਤੇ ਕੁਝ ਵੀ ਅਸਰ ਨਹੀਂ ਪਏਗਾ।

RELATED ARTICLES
POPULAR POSTS