ਸਿਰਸਾ ਦੇ ਪਿੰਡਾਂ ਲਈ ਪੁਲ ਦਾ ਸੁਪਨਾ ਅਜੇ ਵੀ ਅਧੂਰਾ
ਸਿਰਸਾ : ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ 20 ਤੋਂ ਵੱਧ ਪਿੰਡ ਪਿਛਲੀ ਇਕ ਸਦੀ ਤੋਂ ਘੱਗਰ ਪਾਰ ਕਰਨ ਲਈ ਛੋਟੀ ਕਿਸ਼ਤੀ ਜਾਂ ਖ਼ਤਰਨਾਕ ਕੱਚੇ ਪੁਲਾਂ ‘ਤੇ ਨਿਰਭਰ ਹਨ। ਸਿਆਸਤਦਾਨਾਂ ਦੇ ਵਾਅਦਿਆਂ ਅਤੇ 2021 ਵਿੱਚ ਅਧਿਕਾਰਤ ਮਨਜ਼ੂਰੀ ਦੇ ਬਾਵਜੂਦ ਬੁੱਢਾਭਾਨਾ ਅਤੇ ਫਰਵਾਈ ਖੁਰਦ ਨੂੰ ਜੋੜਨ ਵਾਲੇ ਪੁਲ ਦਾ ਨਿਰਮਾਣ ਅਜੇ ਵੀ ਅਧੂਰਾ ਹੈ। ਸੌ ਮੀਟਰ ਲੰਬੇ ਇਸ ਪੁਲ ‘ਤੇ 8.21 ਕਰੋੜ ਰੁਪਏ ਦੀ ਲਾਗਤ ਆਉਣੀ ਸੀ ਅਤੇ ਇਸ ਨੂੰ 18 ਮਹੀਨਿਆਂ ਵਿੱਚ ਪੂਰਾ ਕੀਤਾ ਜਾਣਾ ਸੀ।
ਹਾਲਾਂਕਿ ਪੁਲ ਦਾ ਕੰਮ ਅਪਰੈਲ 2025 ਵਿੱਚ ਇੱਕ ਸਾਲ ਦੀ ਦੇਰੀ ਨਾਲ ਸ਼ੁਰੂ ਹੋਇਆ। ਹੁਣ ਮੀਂਹ ਅਤੇ ਪਾਣੀ ਦੇ ਵਧਦੇ ਪੱਧਰ ਕਾਰਨ ਪ੍ਰੋਜੈਕਟ ਨੂੰ ਹੋਰ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਤੱਕ ਪੁਲ ਦਾ ਕੰਮ ਪੂਰਾ ਨਹੀਂ ਹੁੰਦਾ ਪਿੰਡ ਵਾਸੀਆਂ ਨੂੰ ਆਪਣੀਆਂ ਜਾਨਾਂ ਖ਼ਤਰੇ ਵਿੱਚ ਪਾ ਕੇ ਲੰਘਣਾ ਪਵੇਗਾ। ਇੱਕ ਮਜ਼ਬੂਤ ਪੁਲ ਤੋਂ ਬਗੈਰ ਘੱਗਰ ਨੂੰ ਪਾਰ ਕਰਨਾ ਜੋਖਮ ਭਰਿਆ ਹੈ। ਨੌਵੀਂ ਜਮਾਤ ਦੀ ਵਿਦਿਆਰਥਣ ਅਤੇ ਉਸ ਦੇ ਸਹਿਪਾਠੀਆਂ ਦਾ ਕਹਿਣਾ ਹੈ ਕਿ ਕਿਸ਼ਤੀ ਰਾਹੀਂ ਨਦੀ ਪਾਰ ਕਰਨਾ ਡਰਾਉਣਾ ਤਜਰਬਾ ਹੈ ਪਰ ਸਕੂਲ ਜਾਣ ਲਈ ਇਹ ਜ਼ਰੂਰੀ ਹੈ। ਇੱਥੇ ਬਹੁਤ ਸਾਰੀਆਂ ਲੜਕੀਆਂ ਦਸਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡ ਦਿੰਦੀਆਂ ਹਨ ਕਿਉਂਕਿ ਮਾਪੇ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਫ਼ਿਕਰਮੰਦ ਰਹਿੰਦੇ ਹਨ। ਕਿਸੇ ਤਰ੍ਹਾਂ ਦੀ ਐਮਰਜੈਂਸੀ ਮੌਕੇ ਪਿੰਡ ਵਾਸੀ ਪੁਰਾਣੇ ਟਰੱਕ ਦੇ ਪੁਰਜ਼ਿਆਂ ਤੋਂ ਬਣੇ 2.25 ਫੁੱਟ ਚੌੜੇ ਕੱਚੇ ਪੁਲ ਦੀ ਵਰਤੋਂ ਕਰਦੇ ਹਨ, ਜੋ ਸਿਰਫ਼ ਉਦੋਂ ਹੀ ਵਰਤਿਆ ਜਾ ਸਕਦਾ ਹੈ ਜਦੋਂ ਪਾਣੀ ਦਾ ਪੱਧਰ ਘੱਟ ਹੋਵੇ। ਇੱਥੇ ਪਹਿਲਾਂ ਕਈ ਹਾਦਸੇ ਵਾਪਰ ਚੁੱਕੇ ਹਨ। ਅਜਿਹੀ ਸਥਿਤੀ ਵਿਚ ਜਾਨਲੇਵਾ ਖ਼ਤਰੇ ਇਨ੍ਹਾਂ ਪਿੰਡ ਵਾਸੀਆਂ ਦੇ ਰੋਜ਼ਾਨਾ ਜੀਵਨ ਦਾ ਹਿੱਸਾ ਹਨ।

